Thursday, April 16, 2026

ਮੁੱਦਿਆਂ ਅਤੇ ਵਿਚਾਰਧਾਰਾ ਵਿਹੂਣੀ ਰਾਜਨੀਤੀ

ਆਤਮਾ ਸਿੰਘ ਪਮਾਰ
91- 89680 – 56200
ਸੰਸਾਰ ਪੱਧਰ ’ਤੇ ਰਾਜ ਪ੍ਰਬੰਧ ਚਲਾਉਣ ਲਈ ਵੱਖ ਵੱਖ ਦੇਸ਼ਾਂ ਦੇ ਲਿਖਤੀ/ਅਲਿਖਤੀ ਸੰਵਿਧਾਨਾਂ ਅਨੁਸਾਰ ਕਿਤੇ ਇੱਕ ਦਲੀ ਅਤੇ ਕਿਧਰੇ ਬਹੁਦਲੀ ਪ੍ਰਣਾਲੀ ਪ੍ਰਚਲਿਤ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਸ ਸਮੇਂ ਇੱਥੇ ਬਹੁਦਲੀ ਪ੍ਰਣਾਲੀ ਬਾਦਸਤੂਰ ਚੱਲ ਰਹੀ ਹੈ। ਇਸਦੇ ਨਾਲ ਹੀ ਭਾਰਤ ਨੂੰ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦਾ ਮਾਣ ਵੀ ਪ੍ਰਾਪਤ ਹੈ। ਕੇਂਦਰੀ ਸਰਕਾਰ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਅਲੱਗ ਅਲੱਗ ਦਲਾਂ ਦੀਆਂ ਸਰਕਾਰਾਂ ਵੀ ਰਾਜ ਭਾਗ ਚਲਾ ਰਹੀਆਂ ਹਨ। ਕੇਂਦਰੀ ਸਰਕਾਰ ਵੱਲੋਂ ਕੁਝ ਕੇਂਦਰੀ ਸ਼ਾਸਤ ਪ੍ਰਦੇਸ਼ ਵੀ ਨਿਰਧਾਰਿਤ ਕੀਤੇ ਗਏ ਹਨ, ਜਿਹੜੇ ਕਿ ਸਿੱਧੇ ਤੌਰ ’ਤੇ ਇਸਦੇ ਅਧੀਨ ਹੀ ਹੁੰਦੇ ਹਨ। ਸੰਸਾਰ ਦੀ ਸਭ ਤੋਂ ਵੱਧ ਜਨਸੰਖਿਆ ਸੰਖਿਆ ਵਾਲੇ ਅਤੇ ਵੱਡ ਅਕਾਰੀ ਖੇਤਰਫਲ ਵਾਲੇ ਇਸ ਦੇਸ਼ ਵਿੱਚ ਬਹੁਤ ਸਾਰੇ ਕੌਮੀ ਅਤੇ ਖੇਤਰੀ ਰਾਜਨੀਤਕ ਦਲ ਕੰਮ ਕਰ ਰਹੇ ਹਨ। ਹਥਲੇ ਲੇਖ ਵਿੱਚ ਪੰਜਾਬ ਵਿੱਚ ਸਰਗਰਮ ਕੌਮੀ ਅਤੇ ਖੇਤਰੀ ਰਾਜਨੀਤਕ ਦਲਾਂ ਦੇ ਏਜੰਡੇ, ਵਿਚਾਰਧਾਰਾ, ਵਰਕਰਾਂ ਦੀ ਪਾਰਟੀ ਪ੍ਰਤੀ ਸਮਝ ਤੋਂ ਇਲਾਵਾ ਇੱਥੋਂ ਦੇ ਵੋਟਰਾਂ ਦਾ ਰਾਜਨੀਤਕ ਦਲਾਂ ਬਾਰੇ ਨਜ਼ਰੀਆ ਅਤੇ ਵਿਸ਼ੇਸ਼ ਕਰਕੇ ਹਰ ਤਰ੍ਹਾਂ ਦੀਆਂ ਚੋਣਾਂ ਦੌਰਾਨ ਉਨ੍ਹਾਂ ਦੀ ਭੂਮਿਕਾ ਆਦਿ ਬਾਰੇ ਚਰਚਾ ਕਰਨਾ ਹੀ ਹੈ।
ਜੇਕਰ ਸੂਬੇ ਦੇ ਰਾਜਸੀ ਦ੍ਰਿਸ਼ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਇੱਕ ਗੱਲ ਸਪਸ਼ਟ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਹੀ ਆਪਣੇ ਪਿਛੋਕੜ, ਵਿਚਾਰਧਾਰਾ ਅਤੇ ਹੋਰ ਮਨੁੱਖੀ ਸਰੋਕਾਰਾਂ ਨੂੰ ਇੱਕ ਤਰ੍ਹਾਂ ਨਾਲ ਤਿਲਾਂਜਲੀ ਦੇਣ ਦਾ ਰਸਤਾ ਇਖਤਿਆਰ ਕਰਦੀਆਂ ਜਾਪਦੀਆਂ ਹਨ। ਸੂਬੇ ਦੇ ਰਾਜਸੀ ਦ੍ਰਿਸ਼ ’ਤੇ ਇੱਕ ਵੀ ਅਜਿਹਾ ਰਾਜਨੀਤਿਕ ਦਲ ਦਿਖਾਈ ਨਹੀਂ ਦੇ ਰਿਹਾ ਜਿਹੜਾ ਬਾਂਹ ਖੜ੍ਹੀ ਕਰਕੇ ਦਾਅਵਾ ਕਰ ਸਕੇ ਕਿ ਉਹ ਆਪਣੀ ਪਾਰਟੀ ਦੇ ਪ੍ਰੋਗਰਾਮ, ਨੀਤੀਆਂ ਜਾਂ ਸਿਧਾਂਤਾਂ ਦੀ ਕਸਵੱਟੀ ’ਤੇ ਖਰਾ ਉੱਤਰ ਰਿਹਾ ਹੈ ਜਦੋਂ ਕਿ ਆਮ ਲੋਕ ਅਤੇ ਵੋਟਰ ਇਨ੍ਹਾਂ ਤੋਂ ਇਹੋ ਤਵੱਕੋ ਰੱਖਦੇ ਹਨ ਕਿ ਸਮੁੱਚੇ ਸਮਾਜਿਕ ਤਾਣੇ ਬਾਣੇ ਨੂੰ ਇਹ ਹਰ ਪੱਖੋਂ ਸਹੀ ਸਲਾਮਤ ਚਲਾਉਣ ਵੱਲ ਹੀ ਸੇਧਤ ਹੋਣਗੇ। ਪ੍ਰੰਤੂ ਅਫਸੋਸ! ਅਜੋਕੇ ਦੌਰ ਵਿੱਚ ਅਜਿਹਾ ਅਮਲੀ ਰੂਪ ਵਿੱਚ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ। ਪਿਛਲੇ ਸਮਿਆਂ ਦੌਰਾਨ ਤਕਰੀਬਨ ਸਾਰੇ ਹੀ ਦਲ ਆਪਣੀ ਪਾਰਟੀ ਦਾ ਅਜੰਡਾ ਅਤੇ ਸਮਝ ਵੱਖ ਵੱਖ ਸੰਚਾਰ ਸਾਧਨਾਂ ਤੋਂ ਇਲਾਵਾ ਕਿਤਾਬਚੇ ਦੇ ਰੂਪ ਵਿੱਚ ਵੀ ਜਨਤਕ ਕਰਦੇ ਸਨ। ਭਾਵੇਂ ਬਹੁਤ ਸਾਰੇ ਦਲਾਂ ਦੇ ਪ੍ਰੋਗਰਾਮ ਅਤੇ ਨੀਤੀਆਂ ਲਿਖਤੀ ਰੂਪ ਵਿੱਚ ਪ੍ਰਕਾਸ਼ਿਤ ਹੋਏ ਹਨ ਅਤੇ ਉਪਲਬਧ ਵੀ ਹਨ, ਪ੍ਰੰਤੂ ਅਜੋਕੀ ਪੀੜ੍ਹੀ ਵਿੱਚੋਂ ਕੁਝ ਕੁ ਨੂੰ ਛੱਡ ਕੇ ਬਾਕੀ ਇਨ੍ਹਾਂ ਤੋਂ ਪੂਰੀ ਤਰ੍ਹਾਂ ਕੋਰੇ ਹੀ ਜਾਪਦੇ ਹਨ। ਇਸਦੇ ਹੋਰ ਕਾਰਨਾਂ ਤੋਂ ਇਲਾਵਾ ਮੁੱਖ ਕਾਰਨ ਪਾਰਟੀਆਂ ਵੱਲੋਂ ਕੇਡਰ ਕੈਂਪ ਲਾਉਣ ਦੀ ਘਾਟ, ਸੋਸ਼ਲ ਮੀਡੀਏ ਕਾਰਨ ਪੜ੍ਹਨ ਸੱਭਿਆਚਾਰ ਨੂੰ ਲੱਗਾ ਖੋਰਾ ਅਤੇ ਸੰਵੇਦਨਸ਼ੀਲਤਾ ਦੀ ਅਣਹੋਂਦ ਹੀ ਮੰਨੇ ਜਾਂ ਸਕਦੇ ਹਨ। ਇਹੀ ਕਾਰਨ ਹੈ ਕਿ ਰਾਜਨੀਤਕ ਸੰਵਾਦ ਦੀ ਬਜਾਏ ਨਿੱਜੀ ਚਿੱਕੜ ਉਛਾਲੀ ਭਾਰੂ ਹੁੰਦੀ ਜਾ ਰਹੀ ਹੈ, ਜਿਸ ਕਰਕੇ ਆਪਸੀ ਮੇਲ ਜੋਲ, ਤਰਕ ਅਤੇ ਪ੍ਰਸੰਗਿਕਤਾ ਤੋਂ ਦੂਰੀ ਕਾਰਨ ਸਮਾਜਿਕ ਰਾਜਨੀਤਕ ਅਤੇ ਧਾਰਮਿਕ ਖੇਤਰ ਵਿੱਚ ਤਣਾਓ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ, ਜੋ ਸੂਬੇ ਦੀ ਭਲਾਈ ਲਈ ਕਿਸੇ ਪੱਖੋਂ ਵੀ ਸੁਖਾਵਾਂ ਨਹੀਂ ਮੰਨਿਆ ਜਾ ਸਕਦਾ। ਇੱਕ ਸਮਾਂ ਸੀ ਜਦੋਂ ਰਾਜਸੀ ਆਗੂ ਅਤੇ ਵਰਕਰ ਬਤੌਰ ਸੇਵਾਦਾਰ ਆਪਣਾ ਨੈਤਿਕ ਫਰਜ਼ ਸਮਝਦਿਆਂ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਸਨ। ਉਹ ਭਾਵੇਂ ਸੱਤਾਧਾਰੀ ਧਿਰ ਦੇ ਹੁੰਦੇ ਜਾਂ ਫਿਰ ਵਿਰੋਧੀ ਪਿੜ ਵਿੱਚ ਖੜ੍ਹੇ ਹੁੰਦੇ, ਲੋਕ ਪੱਖੀ ਨੀਤੀਆਂ ਹੀ ਬਣਾਉਂਦੇ ਅਤੇ ਲਾਗੂ ਕਰਦੇ ਸਨ। ਉੱਧਰ ਦੂਜੇ ਪਾਸੇ ਵਿਰੋਧੀ ਧਿਰ ਵਾਲੇ ਵੀ ਜਨਤਕ ਹਿਤ ਦੇ ਉਲਟ ਨੀਤੀਆਂ ਦੀ ਡਟਵੀਂ ਖਿਲਾਫਤ ਕਰਨ ਲਈ ਲੋਕ ਲਾਮਬੰਦੀ ਵੀ ਡਟ ਕੇ ਕਰਦੇ ਸਨ।
ਅਜੋਕੇ ਦੌਰ ਵਿੱਚ ਵਿਚਾਰਧਾਰਾ ਨੂੰ ਕਥਿਤ ਤੌਰ ’ਤੇ ਦਰਕਿਨਾਰ ਕਰਦਿਆਂ ਵਿਕਾਸ ਕਾਰਜਾਂ, ਰੁਜ਼ਗਾਰ, ਲੋਕ ਹਿਤੂ ਨੀਤੀਆਂ, ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਅਣਦੇਖੀ ਕਰਕੇ ਮੁਫਤਖੋਰੀ ਦੇ ਲਾਲਚ ਦੇ ਸ਼ਬਜਬਾਗ਼ ਦਿਖਾ ਕੇ ਨਾ ਪੂਰੇ ਹੋਣ ਵਾਲੇ, ਗੈਰਪ੍ਰਸੰਗਿਕ, ਤਰਕ ਵਿਹੂਣੇ ਸਿਰਫ ਵਾਅਦੇ ਹੀ ਨਹੀਂ ਕੀਤੇ ਜਾਂਦੇ ਸਗੋਂ ਗਰੰਟੀਆਂ ਵੀ ਇੱਕ ਦੂਜੇ ਤੋਂ ਵਧਕੇ ਕਰ ਰਹੇ ਹਨ। ਪਾਰਟੀਆਂ ਦੀ ਵਿਚਾਰਧਾਰਾ ਨੂੰ ਨਜ਼ਰਅੰਦਾਜ਼ ਕਰਕੇ ਚੋਣਾਂ ਲੜੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਵਿਚਾਰਧਾਰਾ ਵਿਹੂਣੇ ਆਗੂ ਅਤੇ ਵਰਕਰ ਰਾਜਨੀਤਕ ਵਿਰੋਧੀਆਂ ਵਜੋਂ ਨਹੀਂ, ਸਗੋਂ ਇੱਕ ਦੂਜੇ ਨਾਲ ਨਿੱਜੀ ਦੁਸ਼ਮਣ ਵਜੋਂ ਵਿਚਰਦੇ ਦਿਖਾਈ ਦੇ ਰਹੇ ਹਨ। ਅਜਿਹੀ ਸਥਿਤੀ ਵਿੱਚ ਸੁਹਿਰਦ ਲੋਕਾਂ ਵੱਲੋਂ ਸਵਾਲ ਕੀਤੇ ਜਾ ਰਹੇ ਹਨ ਕਿ ਇਨ੍ਹਾਂ ਵਾਅਦਿਆਂ, ਗਰੰਟੀਆਂ ਦੀ ਪੂਰਤੀ ਦਾ ਆਰਥਿਕ ਸ੍ਰੋਤ ਅਸਲ ਵਿੱਚ ਹੈ ਕਿੱਥੇ? ਜਾਂ ਫਿਰ ਇਹ ਸਭ ਕੁਝ ਗਰੰਟੀਆਂ ਅਤੇ ਵਾਅਦਾ ਕਰਤਾਵਾਂ ਵੱਲੋਂ ਆਪਣੇਆਂ ਜੇਬਾਂ ਵਿੱਚੋਂ ਹੀ ਦਿੱਤਾ ਜਾਵੇਗਾ? ਨੇਤਾਵਾਂ ਦੀ ਅਜਿਹੀ ਕਾਰਜਸ਼ੈਲੀ ਤੋਂ ਇਨ੍ਹਾਂ ਦੇ ਵਰਕਰਾਂ ਤੋਂ ਇਲਾਵਾ ਵੋਟਰ ਵੀ ਭੰਬਲਭੂਸੇ ਵਾਲੀ ਸਥਿਤੀ ਵਿੱਚੋਂ ਹੀ ਵਿਚਰ ਰਹੇ ਹਨ ਕਿਉਂਕਿ ਹੇਠਲੇ ਪੱਧਰ ’ਤੇ ਵੋਟਰਾਂ ਨਾਲ ਸਿੱਧਾ ਵਾਹ ਵਾਸਤਾ ਵਰਕਰਾਂ ਦਾ ਹੀ ਹੁੰਦਾ ਹੈ ਅਤੇ ਲੋਕ ਉਨ੍ਹਾਂ ਤੋਂ ਹੀ ਆਪਣੇ ਨਿੱਜੀ ਕੰਮਾਂ ਦੀ ਪੂਰਤੀ ਦੀ ਤਵੱਕੋ ਰੱਖਦੇ ਹਨ। ਪੂਰਤੀ ਨਾ ਹੋਣ ਦੀ ਸੂਰਤ ਵਿੱਚ ਆਪਸੀ ਟਕਰਾਓ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ, ਜਿਸ ਕਰਕੇ ਆਗੂ ਅਤੇ ਵੋਟਰ ਨਿਰਾਸ਼ ਹੋ ਕੇ ਕਿਸੇ ਹੋਰ ਧਿਰ ਵੱਲ ਰੁਚਿਤ ਹੁੰਦੇ ਆਮ ਹੀ ਦੇਖੇ ਜਾ ਸਕਦੇ ਹਨ।
ਇਹ ਵੀ ਕੌੜਾ ਸੱਚ ਹੈ ਕਿ ਵੋਟਰਾਂ ਅਤੇ ਸਮਰਥਕਾਂ ਦਾ ਇੱਕ ਹਿੱਸਾ ਅਜਿਹਾ ਵੀ ਹੈ, ਜਿਹੜਾ ਅਜਿਹੀ ਸਥਿਤੀ ਦੀ ਪੈਦਾਇਸ਼ ਲਈ ਜ਼ਿੰਮੇਵਾਰ ਹੁੰਦਾ ਹੈ ਕਿਉਂਕਿ ਸਵਾਰਥੀ ਲਾਲਸਾ ਤੋਂ ਇਲਾਵਾ ਨਸ਼ਿਆਂ, ਤੋਹਫਿਆਂ ਅਤੇ ਮੁਫਤਖੋਰੀ ਦੇ ਵਕਤੀ ਮੱਕੜਜਾਲ਼ ਵਿੱਚ ਫਸ ਕੇ ਇਹ ਲੋਕ ਵਿਧਾਨ ਸਭਾਵਾਂ ਜਾਂ ਲੋਕ ਸਭਾ ਲਈ ਨੁਮਾਇੰਦਿਆਂ ਦੀ ਬਗੈਰ ਸੋਚੇ ਸਮਝੇ ਹੀ ਚੋਣ ਕਰ ਲੈਂਦੇ ਹਨ। ਉਸ ਤੋਂ ਬਾਅਦ ਪੰਜ ਸਾਲਾਂ ਲਈ ਪਛਤਾਵੇ ਦੀ ਅੱਗ ਵਿੱਚ ਸੜਨ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ। ਇਸ ਤਰ੍ਹਾਂ ਮੁੱਦਾ ਹੀਣ ਅਤੇ ਵਿਚਾਰਧਾਰਾ ਵਿਹੂਣੀ ਵਿਚਾਰਧਾਰਾ ਦੇ ਚਲਦਿਆਂ ਭਾਵੇਂ ਕੁਝ ਸੁਹਿਰਦ ਨਾਗਰਿਕ ਅਤੇ ਜਥੇਬੰਦੀਆਂ ਆਪਣੀ ਆਪਣੀ ਸਮਰੱਥਾ ਅਨੁਸਾਰ ਅਜਿਹੀਆਂ ਗਤੀਵਿਧੀਆਂ ਦਾ ਵਿਰੋਧ ਵੀ ਕਰ ਰਹੇ ਹਨ, ਪ੍ਰੰਤੂ ਵੋਟਰਾਂ, ਸਪੋਰਟਰਾਂ ਦਾ ਇੱਕ ਹਿੱਸਾ ਉਕਤ ਨਿੱਜੀ ਲਾਲਸਾਵਾਂ ਵੱਸ ਵਿਰੋਧ ਕਰਨ ਦੀ ਬਜਾਏ ਆਗੂਆਂ ਵੱਲੋਂ ਅਪਣਾਏ ਜਾਂਦੇ ਜਾਤੀਗਤ, ਧਰਮ, ਸਮੁਦਾਏ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਅਣਉਚਿਤ ਢੰਗ ਤਰੀਕਿਆਂ ਨੂੰ ਬੜ੍ਹਾਵਾ ਦੇਣ ਦਾ ਹੀ ਕੰਮ ਕਰ ਰਿਹਾ ਹੈ; ਜਿਸ ਨੂੰ ਲੋਕਤੰਤਰੀ ਪ੍ਰਣਾਲੀ ਵਿੱਚ ਕਿਵੇਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਲਈ ਸੱਤਾਧਾਰੀ, ਵਿਰੋਧੀ ਧਿਰਾਂ, ਸੁਹਿਰਦ ਵਰਕਰਾਂ, ਸਮਾਜਿਕ, ਧਾਰਮਿਕ ਅਤੇ ਜਨਤਕ ਜਥੇਬੰਦੀਆਂ ਤੋਂ ਇਲਾਵਾ ਆਮ ਵੋਟਰਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹ ਇਖਲਾਕ, ਨੈਤਿਕਤਾ, ਫਰਜ਼ ਅਤੇ ਸਮਾਜ ਦੇ ਵਡੇਰੇ ਸਰੋਕਾਰਾਂ ਨੂੰ ਧਿਆਨ ਹਿਤ ਰੱਖਦਿਆਂ ਤਨਦੇਹੀ ਨਾਲ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦਾ ਸੁਹਿਰਦ ਯਤਨ ਕਰਨ। ਸਾਡੇ ਕੋਲ ਕਾਨੂੰਨ, ਸਮਾਜਿਕ ਰਹੁਰੀਤਾਂ ਤੋਂ ਇਲਾਵਾ ਆਪਣੇ ਮਹਾਨ ਪੁਰਖਿਆਂ ਦੀਆਂ ਸਿੱਖਿਆਵਾਂ, ਮਾਣਮੱਤੇ ਫਲਸਫੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਦੀ ਵਡਮੁੱਲੀ ਵਿਰਾਸਤ ਵੀ ਮੌਜੂਦ ਹੈ, ਜਿਸਦੀ ਪਾਲਣਾ ਕਰਨ ਲਈ ਉਹ ਆਪਣੀਆਂ ਅਮੁੱਲ ਲਿਖਤਾਂ ਰਾਹੀਂ ਸਾਨੂੰ ਆਦੇਸ਼ ਵੀ ਦੇ ਕੇ ਗਏ ਹਨ। ਇਸ ਲਈ ਆਉ ਸੌ ਪ੍ਰਤੀਸ਼ਤ ਨਹੀਂ ਤਾਂ ਕੁਝ ਹੱਦ ਤਕ ਹੀ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਵਧੀਆ ਇਨਸਾਨ, ਆਗੂ ਅਤੇ ਨਾਗਰਿਕ ਹੋਣ ਦੇ ਸਹੀ ਮਾਅਨਿਆਂ ਵਿੱਚ ਹੱਕਦਾਰ ਵੱਲ ਵਧਣ ਦਾ ਯਤਨ ਕਰੀਏ। ਇਸ ਵਿੱਚ ਸਭ ਦੀ ਭਲਾਈ ਹੋਵੇਗੀ।

Popular