ਸਰੀ, (ਦਿਵਰੂਪ ਕੌਰ): ਸਰੀ ਦੇ ਸਾਬਕਾ ਮੇਅਰ ਡੱਗ ਮੈਕੱਲਮ ਨੇ ਇੱਕ ਵਾਰ ਫਿਰ ਮੇਅਰ ਦੀ ਚੋਣ ਲੜਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ‘ਸੇਫ ਸਰੀ ਕੋਲੀਸ਼ਨ’ ਦੇ ਬੈਨਰ ਹੇਠ ਚੋਣ ਮੈਦਾਨ ਵਿੱਚ ਉਤਰਦਿਆਂ ਮੈਕੱਲਮ ਨੇ ਸਰੀ ਨੂੰ ਇੱਕ ਵਿਸ਼ਵ ਪੱਧਰੀ ਸ਼ਹਿਰ ਵਜੋਂ ਸਥਾਪਿਤ ਕਰਨ ਅਤੇ ਪਿਛਲੇ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ। ਮੈਕੱਲਮ ਨੇ ਆਪਣੀ ਮੁਹਿੰਮ ਦਾ ਨਾਅਰਾ ‘ਡੱਗ ਗੈਟਸ ਇਟ ਡਨ’ ਰੱਖਿਆ ਹੈ। ਉਨ੍ਹਾਂ ਆਪਣੇ ਪਿਛਲੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਲੇਟਨ ਹਾਈਟਸ ਤੱਕ ਸਕਾਈਟਰੇਨ ਦੇ ਵਿਸਥਾਰ, ਸਰੀ ਵਿੱਚ ਯੂ.ਬੀ.ਸੀ. ਕੈਂਪਸ ਦੀ ਸਥਾਪਨਾ, ਬੀਅਰ ਕਰੀਕ ਸਟੇਡੀਅਮ ਦੀ ਉਸਾਰੀ ਅਤੇ 84 ਐਵੇਨਿਊ ਰੋਡ ਕਨੈਕਟਰ ਵਰਗੇ ਪ੍ਰੋਜੈਕਟਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।
ਆਪਣੇ ਚੋਣ ਮਨੋਰਥ ਪੱਤਰ ਵਿੱਚ ਮੈਕੱਲਮ ਨੇ ਕਈ ਵੱਡੇ ਵਾਅਦੇ ਕੀਤੇ ਹਨ ਜਿਨ੍ਹਾਂ ਵਿੱਚ ਸਭ ਤੋਂ ਅਹਿਮ ਅਗਲੇ 4 ਸਾਲਾਂ ਲਈ ਪ੍ਰਾਪਰਟੀ ਟੈਕਸ ਵਿੱਚ 0% ਵਾਧਾ ਕਰਨਾ ਹੈ। ਜਨਤਕ ਸੁਰੱਖਿਆ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਸਰੀ ਪੁਲਿਸ ਸਰਵਿਸ (SPS) ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਅਹੁਦਾ ਸੰਭਾਲਣ ਦੇ 90 ਦਿਨਾਂ ਦੇ ਅੰਦਰ ਪੁਲਿਸ ਲਈ ਇੱਕ ਸਮਰਪਿਤ ਹੈਲੀਕਾਪਟਰ ਖਰੀਦਿਆ ਜਾਵੇਗਾ ਤਾਂ ਜੋ ਗੈਂਗਵਾਰ ਅਤੇ ਜਬਰ-ਜ਼ਨਾਹ ਵਰਗੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅਪਰਾਧ ਵਿਰੁੱਧ ‘ਜ਼ੀਰੋ ਟਾਲਰੈਂਸ’ ਨੀਤੀ ਅਪਣਾਉਣ ਅਤੇ ਨਿਊਟਨ ਤੱਕ ਸਕਾਈਟਰੇਨ ਪਹੁੰਚਾਉਣ ਦਾ ਵਾਅਦਾ ਵੀ ਕੀਤਾ। ਮੈਕੱਲਮ ਨੇ ਕ੍ਰੇਸੈਂਟ ਬੀਚ ਅਤੇ ਓਸ਼ੀਅਨ ਪਾਰਕ ਨੂੰ ਹੈਰੀਟੇਜ ਜ਼ੋਨ ਘੋਸ਼ਿਤ ਕਰਨ ਦੀ ਗੱਲ ਵੀ ਕਹੀ ਤਾਂ ਜੋ ਇਨ੍ਹਾਂ ਇਲਾਕਿਆਂ ਦੀ ਕੁਦਰਤੀ ਸੁੰਦਰਤਾ ਨੂੰ ਬਚਾਇਆ ਜਾ ਸਕੇ।
ਸੇਫ ਸਰੀ ਕੋਲੀਸ਼ਨ ਵੱਲੋਂ ਕੌਂਸਲ ਦੀ ਚੋਣ ਲਈ ਮਨਦੀਪ ਨਾਗਰਾ ਅਤੇ ਡੱਗ ਐਲਫੋਰਡ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਮਨਦੀਪ ਨਾਗਰਾ, ਜੋ ਪਹਿਲਾਂ ਵੀ ਕੌਂਸਲ ਮੈਂਬਰ ਰਹਿ ਚੁੱਕੇ ਹਨ, ਨੇ ਛੋਟੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਅਤੇ ਲਾਲ ਫ਼ੀਤਾਸ਼ਾਹੀ ਖਤਮ ਕਰਨ ‘ਤੇ ਜ਼ੋਰ ਦਿੱਤਾ ਹੈ। ਦੂਜੇ ਪਾਸੇ 36 ਸਾਲਾਂ ਤੋਂ ਸਰੀ ਵਿੱਚ ਰਹਿ ਰਹੇ ਡੱਗ ਐਲਫੋਰਡ ਨੇ ਨਿਊਟਨ ਖੇਤਰ ਦੇ ਵਿਕਾਸ ਅਤੇ ਵਾਤਾਵਰਣ ਸੁਰੱਖਿਆ ਨੂੰ ਆਪਣੀ ਤਰਜੀਹ ਦੱਸਿਆ ਹੈ। ਮੈਕੱਲਮ ਨੇ ‘ਸਰੀ ਸੈਂਟਰ ਓਪਰਚੂਨਿਟੀ ਜ਼ੋਨ’ ਬਣਾਉਣ ਦੀ ਯੋਜਨਾ ਵੀ ਪੇਸ਼ ਕੀਤੀ ਜਿਸ ਰਾਹੀਂ ਸ਼ਹਿਰ ਦੇ ਕੇਂਦਰੀ ਹਿੱਸੇ ਵਿੱਚ ਵੱਡੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਸਰਕਾਰੀ ਫੀਸਾਂ ਅਤੇ ਰੁਕਾਵਟਾਂ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਯੋਜਨਾ ਸਰੀ ਦੀ ਦਿੱਖ ਨੂੰ ਦੁਬਈ ਅਤੇ ਨਿਊਯਾਰਕ ਵਰਗੇ ਸ਼ਹਿਰਾਂ ਵਾਂਗ ਬਦਲ ਦੇਵੇਗੀ। This report was written by Divroop Kaur as part of the Local Journalism Initiative.

