Saturday, May 9, 2026

ਸੈਵਨ-ਇਲੈਵਨ ਵੱਲੋਂ ਉੱਤਰੀ ਅਮਰੀਕਾ ਵਿੱਚ 645 ਸਟੋਰ ਬੰਦ ਕਰਨ ਦਾ ਫੈਸਲਾ

ਸਰੀ, (ਦਿਵਰੂਪ ਕੌਰ): ਸੈਵਨ-ਇਲੈਵਨ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਇਸ ਸਾਲ ਉੱਤਰੀ ਅਮਰੀਕਾ ਵਿੱਚ ਆਪਣੇ ਸੈਂਕੜੇ ਸਟੋਰ ਬੰਦ ਕਰਨ ਜਾ ਰਹੀ ਹੈ। ਪਿਛਲੇ ਹਫ਼ਤੇ ਜਾਰੀ ਕੀਤੀ ਗਈ ਵਿੱਤੀ ਰਿਪੋਰਟ ਅਨੁਸਾਰ ਕੰਪਨੀ ਸਾਲ 2026 ਦੇ ਵਿੱਤੀ ਵਰ੍ਹੇ ਦੌਰਾਨ ਲਗਭਗ 645 ਸਟੋਰਾਂ ਨੂੰ ਤਾਲਾ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਗਿਣਤੀ ਕੰਪਨੀ ਵੱਲੋਂ ਇਸੇ ਸਮੇਂ ਦੌਰਾਨ ਖੋਲ੍ਹੇ ਜਾਣ ਵਾਲੇ 205 ਨਵੇਂ ਸਟੋਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਕੰਪਨੀ ਦੇ ਇਸ ਫੈਸਲੇ ਨੇ ਪ੍ਰਚੂਨ ਬਾਜ਼ਾਰ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਕਿਉਂਕਿ ਇਹ ਕਦਮ ਕੰਪਨੀ ਦੀ ਭਵਿੱਖੀ ਰਣਨੀਤੀ ਵਿੱਚ ਇੱਕ ਵੱਡੇ ਬਦਲਾਅ ਵੱਲ ਇਸ਼ਾਰਾ ਕਰਦਾ ਹੈ। ਅਮਰੀਕਾ ਅਤੇ ਕੈਨੇਡਾ ਵਿੱਚ ਸਥਿਤ ਇਹਨਾਂ ਸਟੋਰਾਂ ਦੇ ਬੰਦ ਹੋਣ ਨਾਲ ਹਜ਼ਾਰਾਂ ਮੁਲਾਜ਼ਮਾਂ ਅਤੇ ਸਥਾਨਕ ਗਾਹਕਾਂ ਉੱਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜਪਾਨ ਸਥਿਤ ਸੈਵਨ ਐਂਡ ਆਈ ਹੋਲਡਿੰਗਜ਼ ਜੋ ਕਿ ਇਸ ਪ੍ਰਸਿੱਧ ਚੇਨ ਦੀ ਮੁੱਖ ਕੰਪਨੀ ਹੈ, ਨੇ ਦੱਸਿਆ ਕਿ ਇਹਨਾਂ ਸਟੋਰਾਂ ਨੂੰ ਬੰਦ ਕਰਨ ਦਾ ਇੱਕ ਮੁੱਖ ਕਾਰਨ ਉਹਨਾਂ ਨੂੰ ਥੋਕ ਤੇਲ ਸਟੋਰਾਂ ਯਾਨੀ ਹੋਲਸੇਲ ਫਿਊਲ ਸਟੋਰਾਂ ਵਿੱਚ ਤਬਦੀਲ ਕਰਨਾ ਵੀ ਹੈ। ਵਿੱਤੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸੈਵਨ-ਇਲੈਵਨ ਇੰਕ ਪਿਛਲੇ ਕੁਝ ਸਾਲਾਂ ਤੋਂ ਉੱਤਰੀ ਅਮਰੀਕਾ ਵਿੱਚ ਲਗਾਤਾਰ ਨਵੇਂ ਥੋਕ ਤੇਲ ਸਟੋਰ ਖੋਲ੍ਹ ਰਹੀ ਹੈ। ਦਸੰਬਰ 2025 ਤੱਕ ਕੰਪਨੀ ਦੇ ਅਜਿਹੇ ਸਟੋਰਾਂ ਦੀ ਗਿਣਤੀ 900 ਤੋਂ ਪਾਰ ਪਹੁੰਚ ਚੁੱਕੀ ਸੀ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕਿਹੜੇ ਖਾਸ ਇਲਾਕਿਆਂ ਦੇ ਸਟੋਰ ਬੰਦ ਕੀਤੇ ਜਾਣਗੇ ਪਰ ਇਹ ਸਪੱਸ਼ਟ ਹੈ ਕਿ ਕੰਪਨੀ ਹੁਣ ਆਪਣੇ ਰਵਾਇਤੀ ਮਾਡਲ ਤੋਂ ਹਟ ਕੇ ਤੇਲ ਕਾਰੋਬਾਰ ਵੱਲ ਵਧੇਰੇ ਧਿਆਨ ਦੇ ਰਹੀ ਹੈ।
ਜੇਕਰ ਕੰਪਨੀ ਦੇ ਵਿਸ਼ਵਵਿਆਪੀ ਫੈਲਾਅ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿੱਚ 19 ਦੇਸ਼ਾਂ ਵਿੱਚ ਸੈਵਨ-ਇਲੈਵਨ ਦੇ 86,000 ਤੋਂ ਵੱਧ ਸਟੋਰ ਚੱਲ ਰਹੇ ਹਨ। ਉੱਤਰੀ ਅਮਰੀਕਾ ਵਿੱਚ ਟੈਕਸਾਸ ਸਥਿਤ ਇਸ ਦਾ ਮੁੱਖ ਦਫ਼ਤਰ ਅਮਰੀਕਾ ਅਤੇ ਕੈਨੇਡਾ ਵਿੱਚ ਫੈਲੇ 13,000 ਤੋਂ ਵੱਧ ਸਟੋਰਾਂ ਦਾ ਪ੍ਰਬੰਧ ਦੇਖਦਾ ਹੈ। ਇੰਨੇ ਵੱਡੇ ਪੱਧਰ ਉੱਤੇ ਫੈਲੀ ਹੋਈ ਕੰਪਨੀ ਵੱਲੋਂ ਸੈਂਕੜੇ ਸਟੋਰ ਬੰਦ ਕਰਨ ਦਾ ਫੈਸਲਾ ਅਚਾਨਕ ਨਹੀਂ ਲਿਆ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਸਟੋਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜੋ ਲੰਬੇ ਸਮੇਂ ਤੋਂ ਘਾਟੇ ਵਿੱਚ ਚੱਲ ਰਹੇ ਸਨ ਜਾਂ ਜਿਹਨਾਂ ਦੀ ਕਾਰਗੁਜ਼ਾਰੀ ਉਮੀਦ ਮੁਤਾਬਕ ਨਹੀਂ ਸੀ। ਕੰਪਨੀ ਨੇ ਹਾਲੇ ਤੱਕ ਇਹਨਾਂ ਕਟੌਤੀਆਂ ਬਾਰੇ ਵਿਸਤ੍ਰਿਤ ਵੇਰਵੇ ਸਾਂਝੇ ਨਹੀਂ ਕੀਤੇ ਹਨ ਪਰ ਮਾਹਿਰਾਂ ਅਨੁਸਾਰ ਇਹ ਮੁੜ-ਗਠਨ ਪ੍ਰਕਿਰਿਆ ਦਾ ਇੱਕ ਹਿੱਸਾ ਹੈ।
ਇਸ ਵੱਡੇ ਫੈਸਲੇ ਦੇ ਪਿੱਛੇ ਮੌਜੂਦਾ ਆਰਥਿਕ ਹਾਲਾਤਾਂ ਨੂੰ ਵੀ ਇੱਕ ਪ੍ਰਮੁੱਖ ਕਾਰਨ ਮੰਨਿਆ ਜਾ ਰਹੀ ਹੈ। ਵਿਸ਼ਵ ਪੱਧਰ ਉੱਤੇ ਵਧ ਰਹੀ ਮਹਿੰਗਾਈ ਨੇ ਖਪਤਕਾਰਾਂ ਦੀ ਖਰੀਦ ਸ਼ਕਤੀ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ ਜਿਸ ਕਾਰਨ ਪ੍ਰਚੂਨ ਸਟੋਰਾਂ ਦੀ ਵਿਕਰੀ ਉੱਤੇ ਮਾਰੂ ਅਸਰ ਪਿਆ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਨਾਲ ਚੱਲ ਰਹੀ ਜੰਗ ਨੇ ਊਰਜਾ ਬਾਜ਼ਾਰ ਵਿੱਚ ਭਾਰੀ ਉਥਲ-ਪੁਥਲ ਪੈਦਾ ਕਰ ਦਿੱਤੀ ਹੈ। ਇਸ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਹੋਏ ਬੇਤਹਾਸ਼ਾ ਵਾਧੇ ਨੇ ਗੱਡੀਆਂ ਚਲਾਉਣ ਵਾਲੇ ਆਮ ਲੋਕਾਂ ਦੀ ਜੇਬ ਉੱਤੇ ਵੱਡਾ ਬੋਝ ਪਾਇਆ ਹੈ। ਜਦੋਂ ਲੋਕਾਂ ਦਾ ਜ਼ਿਆਦਾ ਖਰਚਾ ਤੇਲ ਉੱਤੇ ਹੋ ਰਿਹਾ ਹੈ ਤਾਂ ਉਹ ਦੂਜੀਆਂ ਗੈਰ-ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਵਿੱਚ ਕਟੌਤੀ ਕਰ ਰਹੇ ਹਨ ਜਿਸ ਨਾਲ ਕਨਵੀਨੀਅੰਸ ਸਟੋਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ।
ਆਉਣ ਵਾਲੇ ਸਮੇਂ ਵਿੱਚ ਸੈਵਨ-ਇਲੈਵਨ ਦੀ ਇਹ ਰਣਨੀਤੀ ਕਿੰਨੀ ਕਾਰਗਰ ਸਾਬਤ ਹੁੰਦੀ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਫਿਲਹਾਲ ਇਸ ਖ਼ਬਰ ਨੇ ਨਿਵੇਸ਼ਕਾਂ ਅਤੇ ਗਾਹਕਾਂ ਵਿੱਚ ਚਿੰਤਾ ਜ਼ਰੂਰ ਪੈਦਾ ਕਰ ਦਿੱਤੀ ਹੈ।
ਕੰਪਨੀ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਘੱਟ ਮੁਨਾਫੇ ਵਾਲੇ ਸਟੋਰਾਂ ਨੂੰ ਬੰਦ ਕਰਕੇ ਅਤੇ ਤੇਲ ਕਾਰੋਬਾਰ ਵਿੱਚ ਨਿਵੇਸ਼ ਵਧਾ ਕੇ ਉਹ ਆਪਣੇ ਵਿੱਤੀ ਹਾਲਾਤ ਸੁਧਾਰ ਸਕਦੇ ਹਨ। ਪਰ ਦੂਜੇ ਪਾਸੇ ਬਾਜ਼ਾਰ ਦੇ ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਮਹਿੰਗਾਈ ਅਤੇ ਭੂ-ਸਿਆਸੀ ਤਣਾਅ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਕਈ ਵੱਡੀਆਂ ਰਿਟੇਲ ਚੇਨਾਂ ਨੂੰ ਆਪਣੇ ਸਟੋਰ ਬੰਦ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਕੈਨੇਡਾ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਹੁਣ ਇਸ ਉਡੀਕ ਵਿੱਚ ਹਨ ਕਿ ਉਹਨਾਂ ਦੇ ਇਲਾਕੇ ਵਿੱਚ ਸਥਿਤ ਸਟੋਰ ਇਸ ਕਟੌਤੀ ਦੀ ਮਾਰ ਹੇਠ ਆਉਂਦੇ ਹਨ ਜਾਂ ਨਹੀਂ। This report was written by Divroop Kaur as part of the Local Journalism Initiative.

Popular