Saturday, May 9, 2026

ਕਵੀਸ਼ਰੀ ਟੋਟਕੇ

ਬਰਾੜ-ਭਗਤਾ ਭਾਈ ਕਾ
+1-604-751-1113
ਸੱਥ ਵਾਲੇ ਥੜ੍ਹੇ ‘ਤੇ ਚਾਰ ਪੰਜ ਢਾਣੀਆਂ ਬਣਾ ਕੇ ਤਾਸ਼ ਖੇਡੀ ਜਾਂਦਿਆਂ ਦਾ ਉੱਚੀ ਉੱਚੀ ਰੌਲਾ ਸੁਣ ਕੇ ਸਾਇਕਲ ‘ਤੇ ਕਿਸੇ ਕੰਮ ਧੰਦੇ ਸੱਥ ਕੋਲ ਦੀ ਲੰਘਿਆ ਜਾਂਦਾ ਸੁਰਜਨ ਬੁੜ੍ਹੇ ਕਾ ਗਾਮਾ ਸਾਇਕਲ ਤੋਂ ਉੱਤਰ ਕੇ ਥੜ੍ਹੇ ‘ਤੇ ਬੈਠੇ ਬਾਬੇ ਨਿਹਾਲ ਸਿਉਂ ਨੂੰ ਟਿੱਚਰ ‘ਚ ਕਹਿੰਦਾ,
“ਏਥੇ ਵੀ ਬਾਬਾ ਕੋਈ ਗਾਉਣ ਆਲਾ ਆਇਆ ਵਿਆ, ਬਲ਼ਾ ਬਾਹਲਾ ਰੌਲਾ ਜਾ ਪਈ ਪੈਂਦਾ ਜਿਮੇਂ ਮੀਟ ਪਿੱਛੇ ਸ਼ਰਾਬੀ ਹੋਈ ਜੰਨ ਰੌਲਾ ਪਾਉਂਦੀ ਹੁੰਦੀ ਐ।”
ਬੁੱਘਰ ਦਖਾਣ ਕਹਿੰਦਾ, “ਜਿੱਥੇ ਰੌਲਾ ਪੈਂਦਾ ਹੁੰਦਾ ਓੱਥੇ ਦੱਸੀ ਖਾਂ ਗਾਉਣ ਲੱਗਿਆ ਹੁੰਦੈ? ਤੂੰ ਵੀ ਚੰਦਭਾਨ ਆਲਾ ਟੇਸ਼ਨ ਈਂ ਐਂ।”
ਬਾਬਾ ਕਹਿੰਦਾ, “ਏਥੇ ਤਾਂ ਨਿੱਤ ਈ ਏਹੇ ਕੰਮ ਚਲਦਾ। ਅੱਜ ਕੋਈ ਨਮਾਂ ਰੌਲਾ ਤਾਂ ਨ੍ਹੀ ਪੈਂਦਾ। ਤੇਰੇ ਈ ਕੰਨ ਅੱਜ ਫੜਕੇ ਐ। ਜਿੱਥੇ ਤਾਸ਼ ਖੇਡਦੇ ਹੁੰਦੇ ਐ ਓੱਥੇ ਰੌਲਾ ਈ ਹੁੰਦਾ ਹੋਰ ਕੀ ਹੁੰਦਾ।”
ਨਾਥਾ ਅਮਲੀ ਗਾਮੇ ‘ਤੇ ਟਕੋਰ ਲਾਉਂਦਾ ਬੋਲਿਆ, “ਅੱਜ ਈ ਨ੍ਹੀ ਸੱਥ ‘ਚ ਆਇਆ ਅੱਗੇ ਤਾਂ ਸੋਡਾ ਬੁੜ੍ਹਾ ਵੀ ਆ ਕੇ ਗੱਪਾਂ ਦੇ ਘੜਿੱਪਿਆਂ ਦੇ ਘੜਿੱਪੇ ਈ ਸਿੱਟਦਾ ਹੁੰਦਾ। ਲਾਮ੍ਹ ਲੂਮ੍ਹ ਨੂੰ ਤਾਂ ਨ੍ਹੀ ਕਿਤੇ ਗਿਆ ਵਿਆ ਓਏ ਜਿਹੜਾ ਆਇਆ ਨ੍ਹੀ ਅੱਜ?”
ਗਾਮਾ ਕਹਿੰਦਾ, “ਜੇ ਸਾਡਾ ਬੁੜਾ ਆਇਆ ਨ੍ਹੀ ਤਾਈਂਉਂ ਐਨਾ ਰੌਲਾ ਪੈਂਦਾ। ਮੈਂ ਤਾਂ ਸੋਚਿਆ ਕਿਤੇ ਕੋਈ ਗਾਉਣ ਆਲਾ ਲੱਗਿਆ ਵਿਆ ਬਈ ਐਨੀ ਹੁਲ੍ਹੜਬਾਜੀ ਹੋਈ ਜਾਂਦੀ ਐ।”
ਸੀਤਾ ਮਰਾਸੀ ਕਹਿੰਦਾ, “ਕਿਤੇ ਤੂੰ ਤਾਂ ਨ੍ਹੀ ਕੱਲ੍ਹ ਗਾਉਣ ਗੂਣ ਆਲਾ ਸੁਣਿਆਇਆ ਜੀਹਦਾ ਕਰਕੇ ਅੱਜ ਸੱਥ ‘ਚ ਵੀ ਭਲੇਖੇ ਪੈਂਦੇ ਐ?”
ਨਾਥਾ ਅਮਲੀ ਕਹਿੰਦਾ, “ਸੁਣ ਕੇ ਤਾਂ ਆਇਆ ਇਹੇ ਕੱਲ੍ਹ।”ਬੁੱਘਰ ਦਖਾਣ ਨੇ ਪੁੱਛਿਆ, “ਕਿਹੜਾ ਆਉਣ ਆਲਾ ਆਇਆ ਸੀ ਓਏ ਗਾਮਿਆਂ?”
ਬਜਰੰਗੇ ਕਾ ਮੀਤਾ ਕਹਿੰਦਾ, “ਗਾਉਣ ਆਲਾ ਤਾਂ ਨ੍ਹੀ ਸੀ ਉਹੋ। ਉਹ ਤਾਂ ਚੁਟਕਲੇ ਜੇ ਸਣਾ ਕੇ ਮੁੜ ਗਿਆ। ਅਸੀਂ ਤਾਂ ਕਰਕੇ ਗਏ ਸੀ ਬਈ ਕੋਈ ਗਾਉਣ ਆਲੀ ਆਈ ਹੋਊਗੀ।” ਨਾਥਾ ਅਮਲੀ ਕਹਿੰਦਾ, “ਆਪਣੇ ਪਿੰਡੋ ਗਏ ਤਾਂ ਬਹੁਤ ਸੀ ਬਈ ਗਾਉਣ ਆਲੀ ਸੁਣ ਕੇ ਆਉਣੇਂ ਐ। ਪਰ ਬਾਹਲੇ ਤਾਂ ਗਾਉਣ ਆਲੇ ਦੇ ਲੱਗਣ ਤੋਂ ਪਹਿਲਾਂ ਈ ਮੁੜਿਆਏ ਲਸ਼ਕਰ ਸੁਣ ਕੇ। ਗਾਉਣ ਆਲਾ ਤਾਂ ਓਦੂੰ ਮਗਰੋਂ ਲੱਗਿਆ।”
ਬਾਬੇ ਨਿਹਾਲ ਸਿਉਂ ਨੇ ਪੁੱਛਿਆ, “ਕਾਹਦਾ ਲਸ਼ਕਰ ਸੀ ਨਾਥਾ ਸਿਆਂ ਓੱਥੇ।”
ਨਾਥਾ ਅਮਲੀ ਕਹਿੰਦਾ, “ਗਾਉਣ ਆਲੇ ਤੋਂ ਪਹਿਲਾਂ ਇੱਕ ਚੁਟਕਲੇ ਜੇ ਸਣਾਉਂਦਾ ਸੀ ਬਾਬਾ। ਉਹਨੇ ਬਲਾ ਹਸਾਏ ਬਈ। ਉਹ ਤਾਂ ਹਾਸੇ ਆਲੀਆਂ ਗੱਲਾਂ ਬਾਹਲੀਆਂ ਸਣਾਉਂਦਾ ਸੀ। ਜਦੋਂ ਗਵਈਆ ਗਾਉਣ ਸਣਾਉਣ ਲੱਗਿਆ ਉਦੋਂ ਨੂੰ ਤਾਂ ਮੈਂ ਵੀ ਆ ਗਿਆ।”
ਜੰਗੇ ਰਾਹੀ ਕੇ ਗੀਸੇ ਨੇ ਅਮਲੀ ਨੂੰ ਪੁੱਛਿਆ, “ਤੂੰ ਨਾ ਗਾਉਣ ਸੁਣ ਕੇ ਆਇਆ ਓਏ?”
ਅਮਲੀ ਕਹਿੰਦਾ, “ਡੰਗਰਾਂ ਨੂੰ ਪੱਠੇ ਦੱਥਿਆਂ ਦਾ ਵੇਲਾ ਹੋ ਗਿਆ ਸੀ ਮੈਂਤਾਂ ਤਾਂ ਕਰਕੇ ਆ ਗਿਆ ਸੀ।”
ਬਾਬਾ ਨਿਹਾਲ ਸਿਉਂ ਅਮਲੀ ਨੂੰ ਕਹਿੰਦਾ, “ਜਿਹੜਾ ਕੁਸ ਤੂੰ ਸੁਣ ਕੇ ਆਇਐਂ ਚੱਲ ਓਹੀ ਦੱਸ ਦੇ ਲਸ਼ਕਰ ਆਲੇ ਨੇ ਕੀ ਸਣਾਇਆ। ਕਿਹੜਾ ਸੀ ਉਹੋ?”
ਸੱਥ ‘ਚ ਬੈਠਾ ਅਖਬਾਰ ਪੜ੍ਹੀ ਜਾਂਦਾ ਮਾਸਟਰ ਭਜਨ ਸਿਉਂ ਕਹਿੰਦਾ, “ਸਿੱਧਮਾਂ ਕਾਲਜ ਆਲਾ ਸਤਿੰਦਰਪਾਲ ਸੀ ਉਹੋ। ਰਣਜੀਤ ਸਿਉਂ ਕਵੀਸ਼ਰ ਦਾ ਮੁੰਡਾ। ਉਹਨੇ ਦੋ ਤਿੰਨ ਗੱਲਾਂ ਸੁਣਾਈਆਂ ਸੀ। ਉਹਦੀ ਗੱਲ ਕਰਦਾ ਅਮਲੀ।”
ਬਾਬੇ ਨਿਹਾਲ ਸਿਉਂ ਨੇ ਫੇਰ ਮੋੜੀ ਅਮਲੀ ਵੱਲ ਨੂੰ ਮੁਹਾਰ, “ਅਮਲੀਆ ਕੀ ਸਣਾਇਆ ਸੀ ਓਏ ਸਿਧਮਾਂ ਆਲੇ ਨੇ?”
ਬਾਬੇ ਦੀ ਗੱਲ ਸੁਣ ਕੇ ਜਦੋਂ ਮਾਸਟਰ ਭਜਨ ਸਿਉਂ ਗੱਲ ਸੁਣਾਉਣ ਲੱਗਿਆ ਤਾਂ ਬਾਬਾ ਨਿਹਾਲ ਸਿਉਂ ਮਾਸਟਰ ਨੂੰ ਗੱਲ ਸੁਣਾਉਣ ਤੋਂ ਰੋਕਦਾ ਬੋਲਿਆ, “ਨਾਥਾ ਸਿਉਂ ਨੂੰ ਸਣਾਉਣ ਦੇ ਮਾਹਟਰ, ਤੂੰ ਚੁੱਪ ਕਰ।”
ਮਾਹਲਾ ਨੰਬਰਦਾਰ ਅਮਲੀ ਦੀ ਬਾਂਹ ਝੰਜੋੜ ਕੇ ਕਹਿੰਦਾ, “ਹੋ ਜਾ ਹੁਣ ਪੰਜ ਪੌਣ ‘ਤੇ। ਦੱਸ ਦੇ ਕੀ ਸੁਣ ਕੇ ਆਇਐਂ?”
ਨਾਥਾ ਅਮਲੀ ਹੱਸ ਕੇ ਕਹਿੰਦਾ, “ਕੜਿੱਲ ਈ ਕੱਢ ‘ਤੇ ਬਾਬਾ ਓਹਨੇ ਬੋਲਣ ਆਲੇ। ਹਸਾ ਹਸਾ ਢਿੱਡ ਦੀਆਂ ਨਾਸਾਂ ਬੰਦ ਕਰ ‘ਤੀਆਂ। ‘ਕੱਠ ਸੀ ਬਲ਼ਾ ਬਾਹਲਾ, ਅੱਧਿਉਂ ਬਾਹਲੇ ਲੋਕ ਖੜ੍ਹੇ ਸੀ। ਜੀਹਦਾ ਮਾਹਟਰ ਇਹ ਨਾਂ ਲੈਂਦਾ ਸਿੱਧਮਾਂ ਆਲੇ ਦਾ।”
ਚੱਲਦੀ ਗੱਲ ‘ਚ ਫੇਰ ਬੋਲਿਆ ਮਾਸਟਰ, “ਸਤਿੰਦਰਪਾਲ।”
ਅਮਲੀ ਕਹਿੰਦਾ, “ਹਾਂ-ਹਾਂ ਓਹੀ-ਓਹੀ। ਜਦੋਂ ਉਹਨੇ ਸਟੇਸ ‘ਤੇ ਆ ਕੇ ਖੜ੍ਹੇ ਲੋਕਾਂ ਦਾ ‘ਕੱਠ ਵੇਖਿਆ ਤਾਂ ਸਪੀਕਰ ‘ਚ ਬੋਲ ਕੇ ਕਹਿੰਦਾ ‘ਜਿਹੜੇ ਸੱਜਣ ਖੜ੍ਹੇ ਐ ਉਹ ਬਹਿ ਜੋ ਤੇ ਜਿਹੜੇ ਬੈਠੇ ਐ ਉਹ………..’। ਏਨੀ ਗੱਲ ਕਰ ਕੇ ਬਾਬਾ ਉਹ ਤਾਂ ਚੁੱਪ ਕਰ ਗਿਆ, ਫੇਰ ਲੋਕਾਂ ਨੇ ਰੌਲਾ ਚੱਕ ‘ਤਾ। ਲੋਕ ਕਹਿੰਦੇ ‘ਉਹ ਬਹਿ ਜੋ’। ਐਨਾ ਹਾਸਾ ਛਿੜਿਆ ਬਾਬਾ ਓੱਥੇ, ਗੱਲਾਂ ਈਂ ਛੱਡ ਦੇ।”
ਬਾਬੇ ਨੁੇ ਪੁੱਛਿਆ, “ਹੋਰ ਕੀ ਸਣਾਇਆ?”
ਅਮਲੀ ਕਹਿੰਦਾ, “ਇੱਕ ਓਹਨੇ ਟਿੱਡੀ ਤੇ ਭਮੰਕੜ ਦੀ ਗੱਲ ਸਣਾਈ ਬਾਬਾ। ਅਕੇ ਟਿੱਡੀ ਤੇ ਭਮੰਕੜ ਦੀਵਾ ਜਗਦੇ ਆਲੀ ਸਬ੍ਹਾਤ ਦੇ ਬੂਹੇ ਵੜਦਿਆਂ ਨਿੱਕਲਦਿਆਂ ਆਪਸ ਵਿੱਚ ਇੱਕ ਦੂਜੇ ‘ਚ ਠਾਹ ਦੇਣੇ ਵੱਜੇ। ਅਕੇ ਟਿੱਡੀ ਵੀ ਡਿੱਗ ਪੀ ਭਮੰਕੜ ਵੀ ਡਿੱਗ ਪਿਆ। ਟਿੱਡੀ ਫਰਤੀਲੀ ਹੋਣ ਕਰਕੇ ਲੋਟਣੀਆਂ ਖਾਂਦੀ ਖਵਾਉਂਦੀ ਲੀੜੇ ਜੇ ਝਾੜ ਕੇ ਫੱਟ ਦੇਣੇ ਪਹਿਲਾਂ ਉੱਠ ਖੜ੍ਹੀ। ਭਮੰਕੜ ਆਪਣੇ ਪਿੰਡ ਆਲੇ ਨਧਾਨੇ ਕੇ ਰੇਂਡੂ ਅਰਗਾ ਸੀ ਗੁੱਬਣ ਜਾ, ਉਹਤੋਂ ਛੇਤੀ ਉੱਠਿਆ ਨਾ ਗਿਆ। ਡਿੱਗੇ ਪਏ ਭਮੰਕੜ ਨੂੰ ਟਿੱਡੀ ਕੋਲ ਆ ਕੇ ਕਹਿੰਦੀ ‘ਵੇ ਸੁਣ ਵੇ ਗੁਬਣਾ ਜਿਆ, ਤੈਨੂੰ ਸ਼ਰਮ ਨ੍ਹੀ ਆਉਂਦੀ ਪਾਈਆਂ ਪਾਈਆ ਦੇ ਆਨੇ ਟੱਡੇ ਐ ਤੂੰ ਮੇਰੇ ‘ਚ ਵੱਜਿਐਂ। ਭਮੰਕੜ ਕਹਿੰਦਾ ‘ਤੂੰ ਕਨੇਡਾ ਆਲੀਆਂ ਲਾ ਕੇ ਐਨਕਾਂ ਡੀ ਸੀ ਬਣੀ ਫਿਰਦੀ ਐਂ, ਤੂੰ ਨ੍ਹੀ ਵੱਜੀ ਮੇਰੇ ‘ਚ’। ਅਕੇ ਭਮੰਕੜ ਟਿੱਡੀ ਨੂੰ ਕਹਿੰਦਾ ਤੂੰ ਬਾਹਰ ਨੂੰ ਕਿਉਂ ਭੱਜੀ ਜਾਨੀਂ ਐਂ। ਟਿੱਡੀ ਕਹਿੰਦੀ ਤੂੰ ਅੰਦਰ ਕੀ ਲੈਣ ਜਾਨੈਂ, ਅੰਦਰ ਕਿਹੜਾ ਕੜ੍ਹਾਹ ਵੰਡੀ ਦਾ। ਅਕੇ ਟਿੱਡੀ ਕਹਿੰਦੀ ਮੈਨੂੰ ਤਾਂ ਡਰ ਲੱਗਦਾ ਬਈ ਅੰਦਰ ਮੱਚਦੈ ਦੀਵਾ, ਕਿਤੇ ਮੇਰੀਆਂ ਮੁੱਛਾਂ ਤੇ ਖੰਭ ਨਾ ਮੱਚ ਜਾਣ ਮੈਂਤਾਂ ਤਾਂ ਕਰਕੇ ਬਾਹਰ ਨਿੱਕਲ ਆਈ ਆਂ, ਤੂੰ ਅੰਦਰ ਕੀ ਕਰਨਾ ਜਾ ਕੇ’। ਭਮੰਕੜ ਕਹਿੰਦਾ ‘ਮੈਤਾਂ ਤਾਂ ਕਰਕੇ ਅੰਦਰ ਨੂੰ ਜਾਨੈਂ ਬਈ ਮੇਰੇ ਜਾਣ ਤੋਂ ਪਹਿਲਾਂ ਕਿਤੇ ਦੀਵਾ ਬੁਝ ਨਾ ਜਾਵੇ। ਜਾਂ ਕਿਤੇ ਦੂਜਾ ਕੋਈ ਹੋਰ ਮੈਥੋਂ ਵੀ ਕਾਹਲਾ ਭਮੰਕੜ ਮੈਥੋਂ ਪਹਿਲਾਂ ਨਾ ਮੱਚ ਜੇ, ਮੈਥਾਂ ਤਾਂ ਬੱਜਿਆ ਜਾਨੈਂ’। ਇਉਂ ਸਣਾਈਆਂ ਬਾਬਾ ਗੱਲਾਂ ਉਹਨੇ। ਮੈਂ ਤਾਂ ਫਿਰ ਇਹ ਗੱਲ ਸੁਣ ਕੇ ਕਾਹਲੀ ਨਾਲ ਮੁੜਿਆਇਆ ਸੀ ਬਈ ਘਰੇ ਡੰਗਰਾਂ ਨੂੰ ਪੱਠੇ ਦੱਥੇ ਪਾਉਣੇ ਸੀ।
ਸੀਤਾ ਮਰਾਸੀ ਅਮਲੀ ਨੂੰ ਟਿੱਚਰ ‘ਚ ਹੱਸ ਕੇ ਕਹਿੰਦਾ, “ਆਉਣਾ ਈਂ ਸੀ ਹੋਰ ਕੀ ਕਰਨਾ ਸੀ ਤੂੰ। ਭਮੰਕੜ ਆਲੀ ਗੱਲ ਸੁਣ ਕੇ ਤੂੰ ਵੀ ਅਮਲੀਆ ਸੋਚਿਆ ਹੋਣੈ ਬਈ ਡੰਗਰਾਂ ਨੂੰ ਕੋਈ ਹੋਰ ਈਂ ਨਾਂ ਮੈਥੋਂ ਪਹਿਲਾਂ ਸੰਨ੍ਹੀ ਰਲਾ ਦੇ। ਤੂੰ ਵੀ ਤਾਂ ਈਂ ਭੱਜਿਐਂ। ਜੇ ਸਿੱਧਮਾਂ ਆਲੇ ਤੋਂ ਕੁਸ ਹੋਰ ਸੁਣ ਲੈਂਦਾ ਤਾਂ ਤੂੰ ਉਹਦੇ ਨਾਲ ਲੜ ਪੈਣਾ ਸੀ।”
ਬਾਬੇ ਨਿਹਾਲ ਸਿਉਂ ਨੇ ਪੁੱਛਿਆ, “ਲੜ ਕਾਹਤੋਂ ਪੈਂਦਾ ਮੀਰ ਇਹੇ?”
ਮਰਾਸੀ ਬਾਬੇ ਨੂੰ ਕਹਿੰਦਾ, “ਇਹ ਨਾਥਾ ਤਾਂ ਬਾਬਾ ਓਦੋਂ ਈਂ ਭੱਜਣ ਨੂੰ ਫਿਰਦਾ ਸੀ ਜਦੋਂ ਸਿੱਧਮਾਂ ਆਲੇ ਨੇ ਅਮਲੀ ਕੇ ਵੱਡੇ ਬੁੜ੍ਹੇ ਦਾ ਨਾਂ ਲਿਆ। ਅਕੇ ਜਿਹੜੇ ਸੱਜਣ ਖੜ੍ਹੇ ਐ ਉਹ ਬਹਿ ਜੋ, ਜਿਹੜੇ ਬੈਠੇ ਐ ਉਹ……..। ਇਨ੍ਹਾਂ ਦੇ ਵੱਡੇ ਬੁੜ੍ਹੇ ਦਾ ਨਾਂ ਸੱਜਣ ਸੀ। ਇਹਨੂੰ ਤਾਂ ਅਸੀਂ ਫੜ੍ਹੀ ਰੱਖਿਆ ਬਈ ਹੁਣ ਆਇਆ ਤਾਂ ਹੈਂ, ਹੁਣ ਹੋਰ ਸੁਣ ਲਾ ਦੋ ਚੁਟਕਲੇ। ਆਹ ਭਮੰਕੜ ਆਲੀ ਗੱਲ ਸੁਣਨ ਸਾਰ ਈ ਭਮੀਰੀ ਬਣ ਗਿਆ ਇਹ ਤਾਂ ਓੱਥੋਂ।”
ਜੱਗਾ ਕਾਮਰੇਡ ਕਹਿੰਦਾ, “ਚੰਗਾ ਰਹਿ ਗਿਆ ਜੇ ਆ ਗਿਆ ਇਹੇ। ਇਹਦੇ ਆਏ ਦੇ ਮਗਰੋਂ ਤਾਂ ਓਹਨੇ ਇਨ੍ਹਾਂ ਦੀ ਬੁੜ੍ਹੀ ਦਾ ਨਾਉਂ ਵੀ ਲੈ ‘ਤਾ ਸੀ।”
ਬਾਬਾ ਨਿਹਾਲ ਸਿਉਂ ਵੀ ਟਿੱਚਰ ‘ਚ ਹੱਸ ਕੇ ਬੋਲਿਆ, “ਬੁੜ੍ਹੀ ਦਾ ਨਾਂਅ ਕਿਮੇਂ ਲਿਆ ਕਾਮਰੇਟਾ ਉਹਨੇ?”
ਕਾਮਰੇਡ ਕਹਿੰਦਾ, “’ਕੱਠ ਬਾਹਲਾ ਹੋਣ ਕਰਕੇ ਰੌਲਾ ਈ ਪਈ ਗਿਆ। ਉਹ ਬਥੇਰਾ ਸਪੀਕਰ ‘ਚ ਹੋਕੇ ਦੇਵੇ ਬਈ ਇਉਂ ਨਾ ਭੱਜੇ ਫਿਰੋ ਜਿਮੇਂ ਇੱਕ ਬੰਦਾ ਭੇਡਾਂ ਦੇ ਮਗਰ ਤੁਰਿਆ ਫਿਰਦਾ ਹੁੰਦਾ ਟਿਕਦੀਆਂ ਨ੍ਹੀ ਹੁੰਦੀਆਂ। ਪ੍ਰੋਗਰਾਮ

ਪੰਜ ਛੀ ਘੰਟੇ ਚੱਲਣੈ, ਸ਼ਾਂਤੀ ਨਾਲ ਬਹਿ ਕੇ ਸੁਣ ਲੋ। ਸ਼ਾਂਤੀ ਨਾਲ। ਸ਼ਾਂਤੀ ਦਾ ਤਾਂ ਤੈਨੂੰ ਪਤਾ ਈ ਬਾਬਾ ਬਈ ਇਹਦੀ ਦਾਦੀ ਦਾ ਨਾਉਂ ਐਂ। ਆਹ ਗੱਲ ਐ ਬਾਬਾ।”
ਬਾਬਾ ਨਿਹਾਲ ਸਿਉਂ ਹੱਸ ਕੇ ਕਹਿੰਦਾ, “ਇਹ ਤਾਂ ਫਿਰ ਉਹ ਗੱਲ ਹੋ ਗੀ, ਵੱਢਾ ਟੁੱਕੀ ਤੋਂ ਪਹਿਲਾਂ ਆਪਣੇ ਪਿੰਡ ਆ ਦੌਲਤ ਖਾਨ ਮੁਸਲਮਾਨ ਰਹਿੰਦਾ ਹੁੰਦਾ ਸੀ। ਸੰਤਾਲੀ ਦੀ ਵੰਡ ਵੇਲੇ ਉਹ ਪਾਕਸਤਾਨ ਉਠ ਗਿਆ ਸੀ ਟੱਬਰ ਟੀਹਰ ਨੂੰ ਲੈ ਕੇ। ਕੇਰਾਂ ਉਹਦਾ ਪੋਤਾ ਧਨੌਲੇ ਦੀ ਮੰਡੀ ‘ਤੇ ਮੱਝ ਵੇਚਣ ਉਠ ਗਿਆ। ਮੱਝ ਸੋਹਣੀ ਸੀ। ਜਦੋਂ ਮੰਡੀ ‘ਚ ਅੱਪੜਿਆ ਤਾਂ ਇੱਕ ਗਾਹਕ ਨੇ ਆਉਣ ਸਾਰ ਪਹਿਲਾਂ ਉਹਨੂੰ ਪਿੰਡ ਪੁੱਛਿਆ। ਕਹਿੰਦਾ ‘ਕਿਹੜਾ ਦੌਲਤ ਖਾਨਾ ਜੁਆਨਾ ਤੇਰਾ’? ਜਦੋਂ ਉਹਨੇ ਵੱਡੇ ਬੁੜ੍ਹੇ ਦਾ ਨਾਂਅ ਲਿਆ ਤਾਂ ਉਹ ਕਹਿੰਦਾ ‘ਮੈਂ ਨ੍ਹੀ ਮੱਝ ਵੇਚਣੀ’। ਉਹ ਮੁੜ ਗੇ। ਥੋੜ੍ਹੇ ਜੇ ਚਿਰ ਮਗਰੋਂ ਦੋ ਹੋਰ ਆ ਗੇ। ਉਨ੍ਹਾਂ ਨੇ ਵੀ ਓਮੇਂ ਪੁੱਛਿਆ, ‘ਕਿੱਥੇ ਬਈ ਦੌਲਤ ਖਾਨਾ’? ਜਦੋਂ ਉਹਨੇ ਫੇਰ ਓਹੀ ਗੱਲ ਸੁਣੀ, ਉਹਨੇ ਜਿਉਂ ਖੋਹਲੀ ਮੱਝ, ਮੰਡੀ ਦੇ ਦੂਜੇ ਪਾਸੇ ਲੈ ਗਿਆ। ਓੱਥੇ ਫੇਰ ਦੋ ਤਿੰਨ ਗਾਹਕ ਆਏ। ਆ ਕੇ ਕਹਿੰਦੇ ‘ਕਿਹੜਾ ਦੌਲਤ ਖਾਨਾ’? ਜਦੋਂ ਉਹਨੇ ਤੀਜੀ ਵਾਰ ਉਨ੍ਹਾਂ ਦੇ ਮੂੰਹੋ ਇਹ ਗੱਲ ਸੁਣੀ ਤਾਂ ਉੱਚੀ ਉੱਚੀ ਗਾਲਾਂ ਦੇਣ ਲੱਗ ਪਿਆ, ‘ਕਿਹੜਾ ਫੇਰੇ ਦੇ ਗਿਆ ਏਥੇ। ਜਿਹੜਾ ਕੋਈ ਆਉਂਦਾ, ਵੱਡੇ ਬੁੜ੍ਹੇ ਦਾ ਈ ਨਾਂਅ ਲੈਂਦਾ। ਪੁੱਛਣ ਆਲਾ ਹੋਵੇ ਬਈ ਤੁਸੀਂ ਮੱਝ ਖਰੀਦਣੀ ਐ ਕੁ ਬੁੜ੍ਹੇ ਨੂੰ ਸਾਕ ਕਰਨੈ’? ਸਾਲਿਉ ਮੈਂ ਬੰਦਾ ਨ੍ਹੀ’। ਗਾਲਾਂ ਗੂਲਾਂ ਦੇ ਕੇ ਦਪਹਿਰ ਤੋਂ ਪਹਿਲਾਂ ਪਹਿਲਾਂ ਈ ਮੱਝ ਘਰੇ ਮੋੜ ਲਿਆਇਆ। ਉਹ ਗੱਲ ਫਿਰ ਅਮਲੀ ਨਾਲ ਹੋਈ। ਉਹਨੂੰ ਸਿੱਧਵਾਂ ਆਲੇ ਨੂੰ ਯਾਰ ਬੜਾ ਪਤਾ ਲੱਗਿਆ ਬਈ ਨਾਥਾ ਸਿਉਂ ਦੇ ਦਾਦੇ ਦਾਦੀ ਦਾ ਆਹ ਨਾਂਅ। ਗਿੱਦੜ ਸਿੰਗੀ ਹੋਊ ਉਹਦੇ ਕੋਲੇ ਕੋਈ। ਐਮੇਂ ਤਾਂ ਨ੍ਹੀ ਯਾਰ ਕਿਸੇ ਦੇ ਨਾਂਅ ਨੂੰ ਦਾ ਪਤਾ ਲੱਗਦਾ। ਤਾਈਉਂ ਅਮਲੀ ਓੱਥੋਂ ਭੱਜਿਆਇਆ ਪੱਠਿਆਂ ਦਾ ਬਹਾਨਾ ਲਾ ਕੇ ਮੱਝ ਆਲੇ ਮੁਸਲਮਾਨ ਆਂਗੂੰ।”
ਗੱਲਾਂ ਕਰੀ ਜਾਂਦਿਆਂ ਤੋਂ ਚੌਕੀਦਾਰ ਸੱਥ ‘ਚ ਆ ਕੇ ਕਹਿੰਦਾ, “ਆਪਣੇ ਗੁਆੜ ਆਲੈ ਧਰਮਸਾਲਾ ‘ਚ ਵੋਟਾਂ ਬਣਾਉਣ ਆਲੇ ਆਏ ਵੇ ਐ। ਜਿਨ੍ਹਾਂ ਦੀਆਂ ਵੋਟਾਂ ਹਜੇ ਨਹੀਂ ਬਣੀਆਂ ਤਾਂ ਜਾ ਕੇ ਬਣਾ ਲੋ।” ਚੌਕੀਦਾਰ ਤੋਂ ਸੁਨੇਹਾ ਸੁਣ ਕੇ ਸਾਰੇ ਸੱਥ ਵਾਲੇ ਧਰਮਸਾਲਾ ਵੱਲ ਨੂੰ ਚੱਲ ਪਏ ਤੇ ਵੇਂਹਦਿਆਂ ਵੇਂਹਦਿਆਂ ਸੱਥ ਖਾਲੀ ਹੋ ਗਈ।

Popular