ਸਰੀ, (ਦਿਵਰੂਪ ਕੌਰ): ਨੋਵਾ ਸਕੋਸ਼ੀਆ ਦੇ ਪੇਂਡੂ ਇਲਾਕੇ ਵਿੱਚੋਂ ਦੋ ਬੱਚਿਆਂ ਦੀ ਅਚਾਨਕ ਗੁਮਸ਼ੁਦਗੀ ਨੂੰ ਲਗਭਗ 1 ਸਾਲ ਬੀਤ ਜਾਣ ਦੇ ਬਾਵਜੂਦ ਪੁਲਿਸ ਹੱਥ ਅਜੇ ਤੱਕ ਕੋਈ ਪੁਖਤਾ ਸਬੂਤ ਨਹੀਂ ਲੱਗ ਸਕਿਆ। ਆਰਸੀਐਮਪੀ (RCMP) ਅਨੁਸਾਰ 2 ਮਈ 2025 ਨੂੰ 4 ਸਾਲਾ ਜੈਕ ਸੁਲੀਵਾਨ ਅਤੇ ਉਸਦੀ 6 ਸਾਲਾ ਭੈਣ ਲਿਲੀ ਹੈਲੀਫੈਕਸ ਤੋਂ 140 ਕਿਲੋਮੀਟਰ ਉੱਤਰ ਵੱਲ ਸਥਿਤ ਆਪਣੇ ਘਰ ਦੇ ਨੇੜਲੇ ਜੰਗਲਾਂ ਵਿੱਚੋਂ ਲਾਪਤਾ ਹੋ ਗਏ ਸਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਅਗਵਾ ਜਾਂ ਕਿਸੇ ਅਪਰਾਧਿਕ ਗਤੀਵਿਧੀ ਦਾ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਹੈ।
ਬੱਚਿਆਂ ਦੀ ਭਾਲ ਲਈ ਹੈਲੀਕਾਪਟਰਾਂ, ਹੀਟ-ਸੈਂਸਰਾਂ ਵਾਲੇ ਡਰੋਨਾਂ, ਪੁਲਿਸ ਗੋਤਾਖੋਰਾਂ ਅਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ। ਇਸ ਦੌਰਾਨ ਸਿਰਫ ਕੁਝ ਬੂਟਾਂ ਦੇ ਨਿਸ਼ਾਨ ਅਤੇ ਲਿਲੀ ਦੀ ਗੁਲਾਬੀ ਚਾਦਰ ਦਾ ਇੱਕ ਟੁਕੜਾ ਹੀ ਬਰਾਮਦ ਹੋਇਆ ਹੈ। ਕ੍ਰਿਮੀਨੋਲੋਜਿਸਟ ਮਾਈਕਲ ਆਰਨਟਫੀਲਡ ਅਨੁਸਾਰ ਪੁਲਿਸ ਹਮੇਸ਼ਾ ਸਾਰੀ ਜਾਣਕਾਰੀ ਜਨਤਕ ਨਹੀਂ ਕਰਦੀ ਤਾਂ ਜੋ ਜਾਂਚ ਪ੍ਰਭਾਵਿਤ ਨਾ ਹੋਵੇ। ਉਹਨਾਂ ਨੇ ਬੱਚਿਆਂ ਦੇ ਜੰਗਲ ਵਿੱਚ ਭਟਕ ਜਾਣ ਦੇ ਦਾਅਵੇ ’ਤੇ ਸ਼ੱਕ ਜਤਾਉਂਦਿਆਂ ਕਿਹਾ ਕਿ ਜੰਗਲ ਇੰਨਾ ਸੰਘਣਾ ਹੈ ਕਿ ਛੋਟੇ ਬੱਚੇ ਬਹੁਤੀ ਦੂਰ ਨਹੀਂ ਜਾ ਸਕਦੇ।
ਮਾਹਰਾਂ ਅਨੁਸਾਰ 4 ਤੋਂ 6 ਸਾਲ ਦੇ ਗੁਆਚੇ ਹੋਏ ਬੱਚੇ ਅਕਸਰ ਸੁਰੱਖਿਆ ਲਈ ਝਾੜੀਆਂ ਜਾਂ ਖੱਡਾਂ ਵਿੱਚ ਲੁਕ ਜਾਂਦੇ ਹਨ ਅਤੇ ਕਈ ਵਾਰ ਅਣਜਾਣ ਸਮਝ ਕੇ ਭਾਲ ਕਰਨ ਵਾਲਿਆਂ ਤੋਂ ਵੀ ਦੂਰ ਰਹਿੰਦੇ ਹਨ। ਅੰਕੜੇ ਦੱਸਦੇ ਹਨ ਕਿ 75 ਫੀਸਦੀ ਗੁਆਚੇ ਬੱਚੇ 1.2 ਕਿਲੋਮੀਟਰ ਦੇ ਦਾਇਰੇ ਵਿੱਚ ਹੀ ਮਿਲਦੇ ਹਨ। ਬੱਚਿਆਂ ਦੀ ਦਾਦੀ ਬੇਲਿੰਡਾ ਗ੍ਰੇ ਨੇ ਅਗਵਾ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਦੱਸਿਆ ਕਿ ਜੈਕ ਅਤੇ ਲਿਲੀ ਆਮ ਅਤੇ ਖੁਸ਼ਮਿਜ਼ਾਜ ਬੱਚੇ ਸਨ।
ਬੱਚੇ ਆਪਣੀ ਮਾਂ ਅਤੇ ਮਤਰੇਏ ਪਿਤਾ ਡੈਨੀਅਲ ਮਾਰਟਲ ਨਾਲ ਉਸ ਪ੍ਰਾਪਰਟੀ ’ਤੇ ਰਹਿ ਰਹੇ ਸਨ ਜਿੱਥੇ ਮਾਰਟਲ ਦੀ ਮਾਂ ਦਾ ਟ੍ਰੇਲਰ ਵੀ ਸਥਿਤ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਹਫ਼ਤੇ ਦੇ ਅੰਤ ਵਿੱਚ ਇੱਕ ਤਾਜ਼ਾ ਅਧਿਕਾਰਤ ਬਿਆਨ ਜਾਰੀ ਕੀਤੇ ਜਾਣ ਦੀ ਉਮੀਦ ਹੈ। ਫਿਲਹਾਲ ਪਰਿਵਾਰ ਅਤੇ ਪੂਰਾ ਇਲਾਕਾ ਕਿਸੇ ਚਮਤਕਾਰ ਦੀ ਉਡੀਕ ਵਿੱਚ ਹੈ। ਪੁਲਿਸ ਅਨੁਸਾਰ ਹਰ ਪਹਿਲੂ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। This report was written by Divroop Kaur as part of the Local Journalism Initiative.

