Saturday, May 9, 2026

ਮੈਟਰੋ ਵੈਨਕੂਵਰ ਵਿੱਚ 1 ਮਈ ਤੋਂ ਪਾਣੀ ਦੀਆਂ ਪਾਬੰਦੀਆਂ ਲਾਗੂ, ਘਾਹ ਨੂੰ ਪਾਣੀ ਲਾਉਣ ’ਤੇ ਪੂਰਨ ਰੋਕ

ਸਰੀ, (ਦਿਵਰੂਪ ਕੌਰ): ਮੈਟਰੋ ਵੈਨਕੂਵਰ ਪ੍ਰਸ਼ਾਸਨ ਵੱਲੋਂ ਪਾਣੀ ਦੀ ਬੱਚਤ ਨੂੰ ਯਕੀਨੀ ਬਣਾਉਣ ਲਈ 1 ਮਈ ਤੋਂ ਸਟੇਜ 2 ਪਾਣੀ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਪਾਬੰਦੀਆਂ ਤਹਿਤ ਘਾਹ (ਲੌਨ) ਨੂੰ ਪਾਣੀ ਲਾਉਣ ’ਤੇ ਮੁਕੰਮਲ ਪਾਬੰਦੀ ਰਹੇਗੀ। ਇਹ ਫੈਸਲਾ ਇਸ ਸਾਲ ਬਹੁਤ ਘੱਟ ਹੋਈ ਬਰਫ਼ਬਾਰੀ, ਆਉਣ ਵਾਲੇ ਗਰਮੀਆਂ ਦੇ ਸੀਜ਼ਨ ਵਿੱਚ ਸੋਕੇ ਦੀ ਭਵਿੱਖਬਾਣੀ ਅਤੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਪ੍ਰਸ਼ਾਸਨ ਅਨੁਸਾਰ ਪਾਣੀ ਦੀ ਸਪਲਾਈ ਵਾਲੇ ਖੇਤਰਾਂ ਵਿੱਚ ਬਰਫ਼ ਦੀ ਮਾਤਰਾ ਇਤਿਹਾਸਕ ਔਸਤ ਨਾਲੋਂ ਲਗਭਗ 50 ਫੀਸਦੀ ਘੱਟ ਰਹੀ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਚਿੰਤਾਜਨਕ ਹੈ। ਹਾਲਾਂਕਿ ਇਸ ਸਮੇਂ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਆਮ ਵਰਗਾ ਹੈ, ਪਰ ਬਰਫ਼ ਦੇ ਘੱਟ ਪਿਘਲਣ ਕਾਰਨ ਇਹਨਾਂ ਭੰਡਾਰਾਂ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣਾ ਮੁਸ਼ਕਲ ਹੋਵੇਗਾ।
ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਮੀਂਹ ਘੱਟ ਪੈਣ ਕਾਰਨ ਜਲ ਭੰਡਾਰਾਂ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ, ਜਿਸ ਕਾਰਨ ਪਾਣੀ ਦੀ ਸਪਲਾਈ ਕਰਨ ਵਾਲੀਆਂ ਸੰਸਥਾਵਾਂ ਨੂੰ ਅਗਾਊਂ ਤਿਆਰੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਗਰਮੀਆਂ ਵਿੱਚ ਮੈਟਰੋ ਵੈਨਕੂਵਰ ਵਿੱਚ ਪਾਣੀ ਦੀ ਰੋਜ਼ਾਨਾ ਵਰਤੋਂ 50 ਫੀਸਦੀ ਤੋਂ ਵੱਧ ਵਧ ਜਾਂਦੀ ਹੈ, ਜਿਸ ਦਾ ਮੁੱਖ ਕਾਰਨ ਲੌਨ ਨੂੰ ਪਾਣੀ ਦੇਣਾ ਹੈ। ਇਸ ਤੋਂ ਇਲਾਵਾ, ਸਟੈਨਲੀ ਪਾਰਕ ਵਾਟਰ ਸਪਲਾਈ ਟਨਲ ਦੇ ਨਿਰਮਾਣ ਕਾਰਨ ਵੀ ਸਿਸਟਮ ਉੱਤੇ ਦਬਾਅ ਹੈ। ਪਿਛਲੀ ਪਤਝੜ ਤੋਂ ਮੁੱਖ ਸਪਲਾਈ ਪਾਈਪਾਂ ਵਿੱਚੋਂ ਇੱਕ ਮੁਰੰਮਤ ਅਧੀਨ ਹੋਣ ਕਾਰਨ ਪਾਣੀ ਦੀ ਬੇਲੋੜੀ ਵਰਤੋਂ ਪਾਣੀ ਦੇ ਪ੍ਰੈਸ਼ਰ ਨੂੰ ਘਟਾ ਸਕਦੀ ਹੈ, ਜਿਸ ਨਾਲ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਫਾਇਰ ਬ੍ਰਿਗੇਡ ਦੇ ਕੰਮ ਵਿੱਚ ਦਿੱਕਤ ਆ ਸਕਦੀ ਹੈ। ਸਟੇਜ 2 ਦੀਆਂ ਪਾਬੰਦੀਆਂ ਅਨੁਸਾਰ, ਲੌਨ ਨੂੰ ਪਾਣੀ ਦੇਣਾ ਪੂਰੀ ਤਰ੍ਹਾਂ ਮਨ੍ਹਾ ਹੈ। ਇਸ ਦੇ ਨਾਲ ਹੀ ਸਜਾਵਟੀ ਫੁਹਾਰਿਆਂ ਵਿੱਚ ਪਾਣੀ ਭਰਨ ਅਤੇ ਡਰਾਈਵ-ਵੇਅ ਜਾਂ ਫੁੱਟਪਾਥਾਂ ਨੂੰ ਧੋਣ ’ਤੇ ਵੀ ਰੋਕ ਲਗਾਈ ਗਈ ਹੈ। ਹਾਲਾਂਕਿ, ਕੁਝ ਰਾਹਤਾਂ ਵੀ ਦਿੱਤੀਆਂ ਗਈਆਂ ਹਨ ਜਿਵੇਂ ਕਿ ਦਰੱਖਤਾਂ, ਝਾੜੀਆਂ ਅਤੇ ਫੁੱਲਾਂ ਨੂੰ ਹੱਥ ਨਾਲ, ਸੋਕਰ ਹੋਜ਼ ਜਾਂ ਡ੍ਰਿਪ ਇਰੀਗੇਸ਼ਨ ਰਾਹੀਂ ਕਿਸੇ ਵੀ ਸਮੇਂ ਪਾਣੀ ਦਿੱਤਾ ਜਾ ਸਕਦਾ ਹੈ। ਜੇਕਰ ਸਪ੍ਰਿੰਕਲਰ ਦੀ ਵਰਤੋਂ ਕਰਨੀ ਹੋਵੇ, ਤਾਂ ਇਹ ਸਿਰਫ਼ ਸਵੇਰੇ 5 ਵਜੇ ਤੋਂ 9 ਵਜੇ ਦੇ ਵਿਚਕਾਰ ਹੀ ਕੀਤਾ ਜਾ ਸਕਦਾ ਹੈ। ਸਬਜ਼ੀਆਂ ਦੇ ਬਗੀਚਿਆਂ ਨੂੰ ਕਿਸੇ ਵੀ ਸਮੇਂ ਪਾਣੀ ਦੇਣ ਦੀ ਇਜਾਜ਼ਤ ਹੋਵੇਗੀ। ਗੈਰ-ਰਿਹਾਇਸ਼ੀ ਜਾਇਦਾਦਾਂ, ਗੋਲਫ ਕੋਰਸਾਂ ਅਤੇ ਖੇਡ ਮੈਦਾਨਾਂ ਲਈ ਵੀ ਪਾਣੀ ਦੀ ਵਰਤੋਂ ਵਿੱਚ ਕਟੌਤੀ ਦੇ ਨਿਯਮ ਲਾਗੂ ਹੋਣਗੇ।
ਪਾਣੀ ਦੀਆਂ ਇਹ ਪਾਬੰਦੀਆਂ ਮੀਂਹ ਦੇ ਪਾਣੀ, ਰੀਸਾਈਕਲ ਕੀਤੇ ਪਾਣੀ ਜਾਂ ਨਗਰ ਨਿਗਮ ਦੀ ਸਪਲਾਈ ਤੋਂ ਬਾਹਰਲੇ ਸਰੋਤਾਂ ’ਤੇ ਲਾਗੂ ਨਹੀਂ ਹੋਣਗੀਆਂ। ਸ਼ਹਿਰੀ ਪ੍ਰਸ਼ਾਸਨ ਇਹਨਾਂ ਨਿਯਮਾਂ ਨੂੰ ਸਥਾਨਕ ਉਪ-ਨਿਯਮਾਂ ਰਾਹੀਂ ਸਖ਼ਤੀ ਨਾਲ ਲਾਗੂ ਕਰੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਜੂਨ ਦੇ ਸ਼ੁਰੂ ਵਿੱਚ, ਜਦੋਂ ਪਾਣੀ ਦੀ ਮੰਗ ਹੋਰ ਵਧਦੀ ਹੈ, ਤਾਂ ਇਹਨਾਂ ਪਾਬੰਦੀਆਂ ਨੂੰ ਹੋਰ ਸਖ਼ਤ ਕੀਤਾ ਜਾ ਸਕਦਾ ਹੈ। ਪ੍ਰਸ਼ਾਸਨ 6 ਮਈ ਤੋਂ ਹਫਤਾਵਾਰੀ ਆਧਾਰ ’ਤੇ ਪਾਣੀ ਦੇ ਪੱਧਰ ਅਤੇ ਮੰਗ ਬਾਰੇ ਜਾਣਕਾਰੀ ਸਾਂਝੀ ਕਰਦਾ ਰਹੇਗਾ। ਮੈਟਰੋ ਵੈਨਕੂਵਰ 30 ਲੱਖ ਤੋਂ ਵੱਧ ਵਸਨੀਕਾਂ ਨੂੰ ਪਾਣੀ ਸਪਲਾਈ ਕਰਦਾ ਹੈ ਅਤੇ ਭਵਿੱਖ ਲਈ ਇਸ ਦੀ ਬੱਚਤ ਬਹੁਤ ਜ਼ਰੂਰੀ ਹੈ। This report was written by Divroop Kaur as part of the Local Journalism Initiative.

Popular