Saturday, May 9, 2026

ਕੈਨੇਡਾ ਵਿੱਚ ਪਹਿਲੀ ਜੈਨਰਿਕ ‘ਓਜ਼ੈਂਪਿਕ’ ਨੂੰ ਹਰੀ ਝੰਡੀ, ਡਾਇਬਟੀਜ਼ ਦੇ ਮਰੀਜ਼ਾਂ ਨੂੰ ਰਾਹਤ

ਸਰੀ, (ਦਿਵਰੂਪ ਕੌਰ): ਹੈਲਥ ਕੈਨੇਡਾ ਨੇ ਮੰਗਲਵਾਰ ਨੂੰ ‘ਓਜ਼ੈਂਪਿਕ’ ਵਰਗੀਆਂ ਮਸ਼ਹੂਰ ਬ੍ਰਾਂਡਿਡ ਸੇਮਾਗਲੂਟਾਈਡ ਦਵਾਈਆਂ ਦੇ ਪਹਿਲੇ ਜੈਨਰਿਕ ਸੰਸਕਰਣ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਸ ਮਨਜ਼ੂਰੀ ਦੇ ਨਾਲ ਹੀ ਕੈਨੇਡਾ ਅਜਿਹਾ ਕਦਮ ਚੁੱਕਣ ਵਾਲਾ ਜੀ-7 (G7) ਦੇਸ਼ਾਂ ਦਾ ਪਹਿਲਾ ਮੈਂਬਰ ਬਣ ਗਿਆ ਹੈ । ਭਾਰਤ ਦੀ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਡਾਕਟਰ ਰੈੱਡੀਜ਼ ਲੈਬਾਰਟਰੀਜ਼ (Dr. Reddy’s Laboratories) ਵੱਲੋਂ ਤਿਆਰ ਕੀਤੀ ਗਈ ਇਸ ਇੰਜੈਕਸ਼ਨ ਵਾਲੀ ਦਵਾਈ ਨੂੰ ਬਾਲਗਾਂ ਵਿੱਚ ਟਾਈਪ 2 ਡਾਇਬਟੀਜ਼ ਦੇ ਹਫਤਾਵਾਰੀ ਇਲਾਜ ਲਈ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ । ਭਾਰਤ ਵਿੱਚ ਇਹ ਦਵਾਈ ਪਹਿਲਾਂ ਹੀ ‘ਓਬੇਡਾ’ (Obeda) ਬ੍ਰਾਂਡ ਦੇ ਨਾਮ ਹੇਠ ਵੇਚੀ ਜਾ ਰਹੀ ਹੈ ਅਤੇ ਕੈਨੇਡਾ ਵਿੱਚ ਇਸ ਦੀ ਸਮੀਖਿਆ ਲਈ ਅਰਜ਼ੀ 2024 ਦੇ ਸ਼ੁਰੂ ਵਿੱਚ ਦਿੱਤੀ ਗਈ ਸੀ ।
ਹੈਲਥ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਵਿੱਚ ਜੈਨਰਿਕ ਸੇਮਾਗਲੂਟਾਈਡ ਲਈ 8 ਹੋਰ ਕੰਪਨੀਆਂ ਦੀਆਂ ਅਰਜ਼ੀਆਂ ਵੀ ਵਿਚਾਰ ਅਧੀਨ ਹਨ। ਮੈਕਮਾਸਟਰ ਯੂਨੀਵਰਸਿਟੀ ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਅਤੇ ਸ਼ੂਗਰ ਰੋਗਾਂ ਦੇ ਮਾਹਰ ਡਾਕਟਰ ਹਰਟਜ਼ਲ ਗਰਸਟਾਈਨ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਬ੍ਰਾਂਡਿਡ ਅਤੇ ਜੈਨਰਿਕ ਦਵਾਈਆਂ ਵਿੱਚ ਕੋਈ ਖਾਸ ਅੰਤਰ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਹੈਲਥ ਕੈਨੇਡਾ ਦੀ ਮਨਜ਼ੂਰੀ ਪ੍ਰਕਿਰਿਆ ਬਹੁਤ ਹੀ ਸਖ਼ਤ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਜੈਨਰਿਕ ਦਵਾਈ ਰਸਾਇਣਕ ਤੌਰ ‘ਤੇ ਅਸਲ ਦਵਾਈ ਦੇ ਬਿਲਕੁਲ ਸਮਾਨ ਹੋਵੇ। ਉਨ੍ਹਾਂ ਮਰੀਜ਼ਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਸ ਜੈਨਰਿਕ ਦਵਾਈ ਦਾ ਅਸਰ ਬਿਲਕੁਲ ਅਸਲ ਦਵਾਈ ਵਰਗਾ ਹੀ ਹੋਵੇਗਾ।
ਆਰਥਿਕ ਪੱਖ ਤੋਂ ਇਹ ਫੈਸਲਾ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਵਰਤਮਾਨ ਵਿੱਚ ਕੈਨੇਡਾ ਵਿੱਚ ਓਜ਼ੈਂਪਿਕ ਦੀ ਲਾਗਤ ਵੱਖ-ਵੱਖ ਸੂਬਿਆਂ ਅਨੁਸਾਰ 200 ਤੋਂ 450 ਡਾਲਰ ਪ੍ਰਤੀ ਮਹੀਨਾ ਹੈ । ਇਸੇ ਤਰ੍ਹਾਂ ਮਾਊਂਜਾਰੋ ਦੀ ਕੀਮਤ 300 ਤੋਂ 550 ਡਾਲਰ ਅਤੇ ਵੇਗੋਵੀ ਦਾ ਸਾਲਾਨਾ ਖਰਚਾ ਲਗਭਗ 5066 ਡਾਲਰ ਦੇ ਕਰੀਬ ਪੈਂਦਾ ਹੈ । ਕੈਨੇਡੀਅਨ ਫਾਰਮਾਸਿਊਟੀਕਲ ਅਲਾਇੰਸ ਦੇ ਨਿਯਮਾਂ ਮੁਤਾਬਕ ਪਹਿਲੀ ਜੈਨਰਿਕ ਦਵਾਈ ਦੀ ਕੀਮਤ ਅਸਲ ਬ੍ਰਾਂਡ ਨਾਲੋਂ 75 ਤੋਂ 85 ਫੀਸਦੀ ਤੱਕ ਘੱਟ ਹੋ ਸਕਦੀ ਹੈ। ਜਦੋਂ ਬਾਜ਼ਾਰ ਵਿੱਚ ਦੂਜੀ ਜੈਨਰਿਕ ਦਵਾਈ ਆਵੇਗੀ ਤਾਂ ਕੀਮਤ 50 ਫੀਸਦੀ ਤੱਕ ਘਟਣ ਦੀ ਉਮੀਦ ਹੈ ਅਤੇ ਤਿੰਨ ਜਾਂ ਵੱਧ ਜੈਨਰਿਕ ਦਵਾਈਆਂ ਆਉਣ ‘ਤੇ ਇਹ ਲਾਗਤ ਅਸਲ ਕੀਮਤ ਦਾ ਸਿਰਫ 35 ਫੀਸਦੀ ਰਹਿ ਜਾਵੇਗੀ। This report was written by Divroop Kaur as part of the Local Journalism Initiative.

Popular