Saturday, May 9, 2026

ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਏਅਰ ਕੈਨੇਡਾ ਨੇ ਕਈ ਉਡਾਣਾਂ ਸਮੇਂ ਤੋਂ ਪਹਿਲਾਂ ਕੀਤੀਆਂ ਬੰਦ

ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਪ੍ਰਮੁੱਖ ਹਵਾਈ ਕੰਪਨੀ ਏਅਰ ਕੈਨੇਡਾ ਨੇ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਦੇ ਮੱਦੇਨਜ਼ਰ ਇਸ ਗਰਮੀਆਂ ਦੇ ਸੀਜ਼ਨ ਦੌਰਾਨ ਚਾਰ ਅਹਿਮ ਮੌਸਮੀ ਰੂਟਾਂ ‘ਤੇ ਆਪਣੀਆਂ ਉਡਾਣਾਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਬੰਦ ਕਰਨ ਦੀ ਪੁਸ਼ਟੀ ਕੀਤੀ ਹੈ। ਕੰਪਨੀ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੋਰਾਂਟੋ ਤੋਂ ਸੈਕਰਾਮੈਂਟੋ, ਵੈਨਕੂਵਰ ਤੋਂ ਰਾਲੇਹ, ਟੋਰਾਂਟੋ ਤੋਂ ਚਾਰਲਸਟਨ ਅਤੇ ਮਾਂਟਰੀਅਲ ਤੋਂ ਆਸਟਿਨ ਜਾਣ ਵਾਲੀਆਂ ਉਡਾਣਾਂ ਇਸ ਫੈਸਲੇ ਨਾਲ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੀਆਂ। ਏਅਰਲਾਈਨ ਅਨੁਸਾਰ ਇਹ ਫੈਸਲਾ ਮੌਜੂਦਾ ਆਰਥਿਕ ਹਾਲਾਤ ਅਤੇ ਤੇਲ ਦੇ ਵਧਦੇ ਖਰਚਿਆਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਵੱਖ-ਵੱਖ ਰੂਟਾਂ ‘ਤੇ ਉਡਾਣਾਂ ਦੀ ਸਮਾਪਤੀ ਲਈ ਵੱਖ-ਵੱਖ ਤਰੀਕਾਂ ਤੈਅ ਕੀਤੀਆਂ ਗਈਆਂ ਹਨ। ਟੋਰਾਂਟੋ ਤੋਂ ਸੈਕਰਾਮੈਂਟੋ ਲਈ ਆਖਰੀ ਉਡਾਣ 1 ਅਗਸਤ ਨੂੰ ਉਡਾਣ ਭਰੇਗੀ ਜਦੋਂਕਿ ਵੈਨਕੂਵਰ ਤੋਂ ਰਾਲੇਹ ਦਾ ਸਫਰ 29 ਜੁਲਾਈ ਨੂੰ ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਟੋਰਾਂਟੋ ਤੋਂ ਚਾਰਲਸਟਨ ਲਈ 6 ਸਤੰਬਰ ਅਤੇ ਮਾਂਟਰੀਅਲ ਤੋਂ ਆਸਟਿਨ ਲਈ 7 ਸਤੰਬਰ ਦੀ ਤਰੀਕ ਆਖਰੀ ਨਿਰਧਾਰਤ ਕੀਤੀ ਗਈ ਹੈ।
ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਯਾਤਰੀਆਂ ਦੀਆਂ ਬੁਕਿੰਗਾਂ ਇਸ ਫੈਸਲੇ ਕਾਰਨ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਫਰ ਦੇ ਬਦਲਵੇਂ ਵਿਕਲਪ ਜਾਂ ਪੂਰਾ ਰਿਫੰਡ ਦਿੱਤਾ ਜਾਵੇਗਾ।
ਮਾਹਿਰਾਂ ਅਨੁਸਾਰ ਇਰਾਨ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਦੁੱਗਣੇ ਤੋਂ ਵੀ ਵੱਧ ਦਾ ਉਛਾਲ ਆਇਆ ਹੈ ਜਿਸ ਨੇ ਹਵਾਈ ਕੰਪਨੀਆਂ ਦੇ ਬਜਟ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਏਅਰ ਕੈਨੇਡਾ ਨੇ ਨਿਊਯਾਰਕ ਦੇ ਜੇਐਫਕੇ ਹਵਾਈ ਅੱਡੇ ਲਈ ਆਪਣੀਆਂ ਕੁਝ ਉਡਾਣਾਂ ਮੁਲਤਵੀ ਕਰ ਦਿੱਤੀਆਂ ਸਨ। ਸਿਰਫ ਏਅਰ ਕੈਨੇਡਾ ਹੀ ਨਹੀਂ ਬਲਕਿ ਵੈਸਟਜੈੱਟ ਨੇ ਵੀ ਤੇਲ ਦੇ ਖਰਚਿਆਂ ਨੂੰ ਸੰਭਾਲਣ ਲਈ ਮਈ ਵਿੱਚ 3 ਫੀਸਦੀ ਅਤੇ ਜੂਨ ਵਿੱਚ ਲਗਭਗ 6 ਫੀਸਦੀ ਤੱਕ ਆਪਣੀ ਸਮਰੱਥਾ ਘਟਾਉਣ ਦਾ ਐਲਾਨ ਕੀਤਾ ਹੈ।
ਏਅਰ ਕੈਨੇਡਾ ਨੇ ਉਮੀਦ ਜਤਾਈ ਹੈ ਕਿ ਇਨ੍ਹਾਂ ਰੂਟਾਂ ‘ਤੇ ਸਥਿਤੀ ਸੁਧਰਨ ਤੋਂ ਬਾਅਦ 2027 ਦੀਆਂ ਗਰਮੀਆਂ ਵਿੱਚ ਮੁੜ ਤੋਂ ਪੂਰੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਫਿਲਹਾਲ ਤੇਲ ਦੀਆਂ ਅਨਿਸ਼ਚਿਤ ਕੀਮਤਾਂ ਅਤੇ ਕੌਮਾਂਤਰੀ ਹਾਲਾਤ ਕਾਰਨ ਹਵਾਈ ਕੰਪਨੀਆਂ ਨੂੰ ਆਪਣੇ ਸੰਚਾਲਨ ਵਿੱਚ ਵੱਡੀਆਂ ਕਟੌਤੀਆਂ ਕਰਨੀਆਂ ਪੈ ਰਹੀਆਂ ਹਨ। ਕੰਪਨੀ ਨੇ ਕਿਹਾ ਹੈ ਕਿ ਉਹ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਤਾਂ ਜੋ ਭਵਿੱਖ ਵਿੱਚ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਤੇਲ ਦੀਆਂ ਕੀਮਤਾਂ ਵਿੱਚ ਆ ਰਹੀ ਤੇਜ਼ੀ ਕਾਰਨ ਆਉਣ ਵਾਲੇ ਸਮੇਂ ਵਿੱਚ ਹਵਾਈ ਸਫਰ ਹੋਰ ਮਹਿੰਗਾ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। This report was written by Divroop Kaur as part of the Local Journalism Initiative.

Popular