ਡਾ. ਦਵਿੰਦਰ ਕੌਰ ਖੁਸ਼
ਸੰਪਰਕ: 88472-27740
ਅਮਰੀਕਾ ਦੀ ਧੌਂਸਬਾਜ਼ੀ ਕਾਰਨ ਉਸ ਵੱਲੋਂ ਇਰਾਨ ’ਤੇ ਹਮਲੇ ਕਰਕੇ ਉੱਥੋਂ ਦੇ ਆਮ ਲੋਕਾਂ ਦੇ ਨਾਲ ਨਾਲ ਉੱਚ ਆਗੂ ਅਯਾਤੁੱਲਾ ਅਲੀ ਖ਼ਮੇਨੇਈ ਅਤੇ ਹੋਰ ਉੱਚ ਅਧਿਕਾਰੀ ਮਾਰੇ ਗਏ ਹਨ। ਇਸੇ ਤਰ੍ਹਾਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਉਸ ਦੇ ਦੇਸ਼ ਵਿੱਚੋਂ ਗ੍ਰਿਫ਼ਤਾਰ ਕਰਕੇ ਆਪਣੇ ਪਿੱਠੂ ਨੂੰ ਰਾਸ਼ਟਰਪਤੀ ਬਣਾਉਣਾ, ਕਿਊਬਾ ਦੀ ਆਰਥਿਕ ਘੇਰਾਬੰਦੀ, ਗਰੀਨਲੈਂਡ ਨੂੰ ਕਬਜ਼ਾਉਣ ਦੀਆਂ ਘੁਰਕੀਆਂ ਮਾਰਨਾ ਆਦਿ ਘਟਨਾਵਾਂ ਬਿਲਕੁਲ ਤਾਜ਼ੀਆਂ ਹਨ। ਦੁਨੀਆ ਵਿੱਚ ਸ਼ਾਂਤੀ ਸਥਾਪਿਤ ਕਰਨ, ਅਤਿਵਾਦ ਦੇ ਖਾਤਮੇ ਅਤੇ ਜਮਹੂਰੀਅਤ ਬਚਾਉਣ ਦੇ ਨਾਂ ’ਤੇ ਅਮਰੀਕੀ ਸਾਮਰਾਜੀਆਂ ਨੇ ਪਿਛਲੇ 50 ਸਾਲਾਂ ਵਿੱਚ ਨਾਜਾਇਜ਼ ਜੰਗਾਂ ਮੜ੍ਹਕੇ ਲੱਖਾਂ ਲੋਕਾਂ ਦਾ ਕਤਲੇਆਮ ਕੀਤਾ ਹੈ।
ਇਨ੍ਹਾਂ ਜੰਗਾਂ-ਹਮਲਿਆਂ-ਘੇਰਾਬੰਦੀਆਂ ਦਾ ਨਿਸ਼ਾਨਾ ਅੱਡੋ-ਅੱਡ ਦੇਸ਼ਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰਨੇ, ਕੁਦਰਤੀ ਸਰੋਤਾਂ ਜਿਵੇਂ ਤੇਲ ਅਤੇ ਕੀਮਤੀ ਧਾਤਾਂ ’ਤੇ ਕਬਜ਼ੇ ਕਰਨੇ, ਇੱਥੋਂ ਦੀ ਕਿਰਤ ਸ਼ਕਤੀ ਦੀ ਲੁੱਟ, ਵਪਾਰ ਦੇ ਲਾਂਘਿਆਂ ਨੂੰ ਕਬਜ਼ਾਉਣਾ ਅਤੇ ਇਨ੍ਹਾਂ ਦੇਸ਼ਾਂ ਵਿੱਚ ਆਪਣੇ ਫੌਜੀ ਅੱਡੇ ਸਥਾਪਿਤ ਕਰਕੇ ਉਨ੍ਹਾਂ ਉੱਪਰ ਆਪਣੀ ਚੌਧਰ ਸਥਾਪਿਤ ਕਰਨਾ ਹੈ। ਅਮਰੀਕੀ ਸਾਮਰਾਜੀਆਂ ਦੇ ਕਾਲੇ ਕਾਰਨਾਮਿਆਂ ਦਾ ਲੰਮਾ ਇਤਿਹਾਸ ਹੈ। ਇਨ੍ਹਾਂ ਵਿੱਚੋਂ ਕੁਝ ਕੁ ਦੀ ਚਰਚਾ ਰਾਹੀਂ ਇਸ ਦੇ ਕੋਝੇ ਨੈਣ-ਨਕਸ਼ਾਂ ਦੀ ਪਛਾਣ ਕੀਤੀ ਜਾ ਸਕਦੀ ਹੈ।
ਜਪਾਨੀ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਪਰਮਾਣੂ ਬੰਬ ਸੁੱਟਣਾ: ਦੂਸਰੀ ਸੰਸਾਰ ਜੰਗ ਤੋਂ ਬਾਅਦ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉੱਭਰੇ ਅਮਰੀਕੀ ਸਾਮਰਾਜੀਆਂ ਦੇ ਹੱਥ ਕਰੋੜਾਂ ਬੇਕਸੂਰ ਲੋਕਾਂ ਦੇ ਖੂਨ ਨਾਲ ਲਿੱਬੜੇ ਹੋਏ ਹਨ। ਇਨ੍ਹਾਂ ਨੇ ਆਪਣੀ ਚੌਧਰੀ ਦਾ ਐਲਾਨ ਵੀ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਪਰਮਾਣੂ ਬੰਬ ਸੁੱਟ ਕੇ ਕੀਤਾ ਸੀ। ਇਸ ਹਮਲੇ ਦਾ ਜੰਗ ਵਿੱਚ ਜੇਤੂ ਹੋਣ ਨਾਲ ਵੀ ਕੋਈ ਸਬੰਧ ਨਹੀਂ ਸੀ ਕਿਉਂਕਿ ਜਰਮਨੀ-ਜਪਾਨ ਧੜਾ ਪਹਿਲਾਂ ਹੀ ਹਾਰ ਚੁੱਕਿਆ ਸੀ। ਇਨ੍ਹਾਂ ਪਰਮਾਣੂ ਹਮਲਿਆਂ ਵਿੱਚ 1 ਲੱਖ 70 ਹਜ਼ਾਰ ਤੋਂ ਲੈ ਕੇ 2 ਲੱਖ 46 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ ਜਿਨ੍ਹਾਂ ਵਿੱਚੋਂ 90 ਫੀਸਦ ਤੋਂ ਵੀ ਵੱਧ ਆਮ ਲੋਕ ਸਨ। ਅਮਰੀਕੀ ਸਾਮਰਾਜੀਆਂ ਨੇ 6 ਅਗਸਤ 1945 ਨੂੰ ਹੀਰੋਸ਼ੀਮਾ ਸ਼ਹਿਰ ’ਤੇ ਕੀਤੇ ਹਮਲੇ ਵਿੱਚ 90 ਹਜ਼ਾਰ ਤੋਂ 1 ਲੱਖ 66 ਹਜ਼ਾਰ ਦੇ ਵਿਚਾਲੇ ਅਤੇ 9 ਅਗਸਤ ਨੂੰ ਨਾਗਾਸਾਕੀ ’ਤੇ ਕੀਤੇ ਹਮਲੇ ਵਿੱਚ 60 ਤੋਂ 80 ਹਜ਼ਾਰ ਲੋਕ ਮਾਰੇ ਸਨ। ਕੁੱਲ ਮੌਤਾਂ ਵਿੱਚੋਂ ਅੱਧੀਆਂ ਮੌਤਾਂ ਇੱਕ ਦਿਨ ਦੇ ਅੰਦਰ ਹੀ ਹੋ ਗਈਆਂ ਸਨ।
ਇਨ੍ਹਾਂ ਹਮਲਿਆਂ ਤੋਂ ਪ੍ਰਭਾਵਿਤ ਲੋਕਾਂ ਨੂੰ ਜਪਾਨੀ ਹਿਬਾਕੁਸ਼ਾ ਕਹਿੰਦੇ ਹਨ ਜਿਨ੍ਹਾਂ ਦੀ ਗਿਣਤੀ ਸਾਢੇ ਛੇ ਲੱਖ ਤੋਂ ਵੀ ਵੱਧ ਹੈ। ਪਰਮਾਣੂ ਕਿਰਨਾਂ ਦੇ ਭਿਆਨਕ ਤਾਪ, ਚਮੜੀ ਦੇ ਮੱਚਣ ਅਤੇ ਹੋਰ ਸੱਟਾਂ ਕਾਰਨ ਦੋ ਤੋਂ ਚਾਰ ਮਹੀਨਿਆਂ ਦੇ ਅੰਦਰ ਬਾਕੀ ਮੌਤਾਂ ਹੋਈਆਂ। ਇਨ੍ਹਾਂ ਹਮਲਿਆਂ ਤੋਂ ਬਾਅਦ ਦਹਾਕਿਆਂ ਤੱਕ ਇਨ੍ਹਾਂ ਸ਼ਹਿਰਾਂ ਵਿੱਚ ਕੈਂਸਰ ਫੈਲਣ ਦੀ ਪ੍ਰਕਿਰਿਆ ਤੇਜ਼ ਰਹੀ। ਸਰੀਰਕ ਅੰਗਾਂ ਵਿੱਚ ਘਾਟਾਂ- ਕਮਜ਼ੋਰੀਆਂ ਅਤੇ ਘੱਟ-ਵਿਕਸਿਤ ਦਿਮਾਗ ਵਾਲੇ ਬੱਚੇ ਜੰਮਦੇ ਰਹੇ।
ਕੋਰਿਆਈ ਜੰਗ (1950-1953): ਦੂਸਰੀ ਸੰਸਾਰ ਜੰਗ ਵਿੱਚ ਜਰਮਨੀ-ਜਪਾਨ ਦਾ ਧੜਾ ਹਾਰਿਆ ਅਤੇ ਜਪਾਨ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਚੱਲ ਰਹੀਆਂ ਜਗੀਰਦਾਰੀ-ਬਸਤੀਵਾਦੀ ਵਿਰੋਧੀ ਲਹਿਰਾਂ ਨੇ ਹੋਰ ਜ਼ੋਰ ਫੜਿਆ। ਕੋਰਿਆਈ ਲੋਕ ਵੀ ਜਪਾਨੀ ਕਬਜ਼ੇ ਹੇਠ ਲੰਮੇ ਸਮੇਂ ਤੋਂ ਪਿਸਦੇ ਹੋਣ ਕਾਰਨ ਸੰਘਰਸ਼ ਦੇ ਰਾਹ ’ਤੇ ਸਨ। ਅਮਰੀਕੀ ਸਾਮਰਾਜੀਆਂ ਨੇ ਕੋਰੀਆ ਅੰਦਰ ਸਮਾਜਵਾਦੀ ਸੋਵੀਅਤ ਯੂਨੀਅਨ ਦੇ ਪ੍ਰਭਾਵ ਨੂੰ ਠੱਲ੍ਹਣ ਲਈ ਦੱਖਣੀ ਹਿੱਸੇ ਵਿੱਚ ਆਪਣੀਆਂ ਫੌਜਾਂ ਉਤਾਰੀਆਂ। ਜੂਨ 25, 1950 ਵਿੱਚ ਸਿੰਗਮੈਨ ਰੀ ਧੜੇ ਨੂੰ ਅੱਗੇ ਲਾ ਕੇ ਅਮਰੀਕੀ ਸਾਮਰਾਜੀਆਂ ਨੇ ਉੱਤਰੀ ਕੋਰੀਆ ਦੇ ਜਮਹੂਰੀ ਗਣਰਾਜ ਉੱਤੇ ਹੱਲਾ ਬੋਲ ਦਿੱਤਾ ਤੇ 38ਵੇਂ ਪੈਰੇਲਲ ਉੱਤੇ ਹੋਏ ਸਮਝੌਤੇ ਨੂੰ ਇੱਕ ਤਰਫ਼ਾ ਤਰੀਕੇ ਨਾਲ ਰੱਦ ਕਰ ਦਿੱਤਾ ਗਿਆ। ਇੱਥੋਂ ਹੀ ਕੋਰਿਆਈ ਜੰਗ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈ।
ਅਗਲੇ ਹੀ ਦਿਨ ਅਮਰੀਕਾ ਨੇ ਆਪਣੇ ਬੰਬਾਰੀ ਕਰਨ ਵਾਲੇ ਜਹਾਜ਼ਾਂ ਨੂੰ ਉੱਤਰੀ ਕੋਰੀਆ ਵਿੱਚ ਉਤਾਰ ਦਿੱਤਾ। ਤਿੰਨ ਸਾਲ ਚੱਲੀ (1950-1953) ਕੋਰਿਆਈ ਜੰਗ ਵਿੱਚ 40 ਲੱਖ ਲੋਕਾਂ ਦੀ ਮੌਤ ਹੋਈ। ਅਮਰੀਕੀ ਹਵਾਈ ਸੈਨਾ ਵੱਲੋਂ ਇਸ ਅਰਸੇ ਦੌਰਾਨ ਉੱਤਰੀ ਕੋਰੀਆ ਉੱਤੇ 6.35 ਲੱਖ ਟਨ ਬੰਬ ਸੁੱਟੇ ਗਏ ਜੋ ਕਿ ਦੂਜੀ ਸੰਸਾਰ ਜੰਗ ਸਮੇਂ ਪੂਰੇ ਪ੍ਰਸ਼ਾਂਤ ਖਿੱਤੇ ਵਿੱਚ ਹੋਏ ਬੰਬਾਂ ਦੀ ਵਰਤੋਂ ਤੋਂ ਵਧੇਰੇ ਸੀ। ਇਹ ਜੰਗਬੰਦੀ ਦਾ ਸਮਝੌਤਾ ਕੋਈ ਸ਼ਾਂਤੀ ਸਮਝੌਤਾ ਨਹੀਂ ਸਗੋਂ ਕੁਝ ਸਮੇਂ ਲਈ ਲੜਾਈ ਰੋਕਣ ਦਾ ਸਮਝੌਤਾ ਸੀ। ਅਧਿਕਾਰਤ ਤੌਰ ਉੱਤੇ ਦੱਖਣੀ ਤੇ ਉੱਤਰੀ ਕੋਰੀਆ ਵਿੱਚ ਇਹ ਜੰਗ ਹਾਲੇ ਵੀ ਜਾਰੀ ਹੈ।
ਵੀਅਤਨਾਮ ਜੰਗ (1955-75): ਅਮਰੀਕੀ ਅਰਥਚਾਰੇ ਦੇ ਹੋਰ ਵਿਕਾਸ ਲਈ ਦੱਖਣ-ਪੂਰਬੀ ਏਸ਼ਿਆਈ ਖਿੱਤੇ ’ਚ ਨਿਵੇਸ਼ ਕਰਨ ਲਈ ਖੁੱਲ੍ਹ ਹੋਣਾ ਜ਼ਰੂਰੀ ਸੀ। ਉੱਪਰੋਂ ਇਹ ਸਾਰਾ ਖਿੱਤਾ ਰਬੜ, ਟੀਨ, ਟੰਗਸਟੀਨ ਅਤੇ ਹੋਰ ਕੀਮਤੀ ਧਾਤਾਂ ਨਾਲ ਭਰਪੂਰ ਵੀ ਹੈ। ਇਸ ਖਿੱਤੇ ’ਚ ਪਿੱਠੂ ਸਰਕਾਰ ਹੋਣ ਦਾ ਮਤਲਬ ਇਨ੍ਹਾਂ ਧਾਤਾਂ ਦੀ ਮਾਲਕੀ ਅਤੇ ਵਪਾਰ ਦੇ ਬਹੁਤ ਮਹੱਤਵਪੂਰਨ ਰਸਤੇ ’ਤੇ ਕਾਬਜ਼ ਹੋਣਾ ਸੀ ਜਿੱਥੋਂ ਪੂਰਬੀ ਏਸ਼ਿਆਈ ਖਿੱਤੇ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ। ਇਸ ਖਿੱਤੇ ਦੀ ਘੇਰਾਬੰਦੀ ਦਾ ਸਭ ਤੋਂ ਵੱਡਾ ਨਿਸ਼ਾਨਾ ਸਮਾਜਵਾਦ ਦੇ ਫੈਲਾਅ ਨੂੰ ਰੋਕਣਾ ਸੀ। ਸੋਵੀਅਤ ਯੂਨੀਅਨ ਦੀ ਸਥਾਪਤੀ ਤੋਂ ਚੀਨ ਸਮੇਤ ਦੁਨੀਆ ਦੇ ਵੱਡੇ ਖੇਤਰਫਲ ਵਿੱਚ ਲਾਲ ਝੰਡਾ ਉੱਚਾ ਲਹਿਰਾਉਂਦਾ ਸੀ ਜਿਸ ਦਾ ਪ੍ਰਭਾਵ ਵੀਅਤਨਾਮ ਸਮੇਤ ਲਾਓਸ, ਕੰਬੋਡੀਆ ਆਦਿ ਮੁਲਕਾਂ ਤੱਕ ਵੀ ਫੈਲ ਚੁੱਕਿਆ ਸੀ।
ਇਸ ਖਿੱਤੇ ਵਿੱਚ ਸਮਾਜਵਾਦ ਦੇ ਫੈਲਾਅ ਦਾ ਮਤਲਬ ਪੂਰੇ ਖਿੱਤੇ ਵਿੱਚੋਂ ਅਮਰੀਕੀ ਅਤੇ ਹੋਰ ਯੂਰਪੀ ਸਾਮਰਾਜੀਆਂ ਦੇ ਬਿਸਤਰੇ ਗੋਲ ਕਰਕੇ, ਇਨ੍ਹਾਂ ਸਾਮਰਾਜੀਆਂ ਦੇ ਮੁਨਾਫੇ ’ਤੇ ਸੱਟ ਵੱਜਣਾ ਸੀ ਜਿਸ ਕਾਰਨ 1945 ਤੋਂ ਹੀ ਫਰਾਂਸ ਸਮੇਤ ਅਮਰੀਕੀ ਸਾਮਰਾਜ ਨੇ ਵੀਅਤਨਾਮ ’ਚ ਤਖ਼ਤਾਪਲਟ ਕਰਵਾਉਣ ਲਈ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। 20 ਸਾਲ ਤੋਂ ਵੀ ਵੱਧ ਵਰ੍ਹੇ ਚੱਲੀ ਇਸ ਜੰਗ ਵਿੱਚ 25 ਤੋਂ 30 ਲੱਖ ਵੀਅਤਨਾਮੀ ਲੋਕ ਆਪਣੀ ਧਰਤੀ ਬਚਾਉਂਦਿਆਂ ਸ਼ਹੀਦ ਹੋਏ। 58000 ਦੇ ਕਰੀਬ ਅਮਰੀਕੀ ਸਿਪਾਹੀਆਂ ਨੇ ਵੀ ਜੰਗ ਵਿੱਚ ਜਾਨ ਗਵਾਈ। ਅਮਰੀਕੀ ਸਾਮਰਾਜੀਆਂ ਨੇ ਆਧੁਨਿਕ ਹਥਿਆਰਾਂ ਸਮੇਤ ਰਸਾਇਣੀ ਬੰਬ/ਹਥਿਆਰ ਜਿਵੇਂ ਏਜੰਟ ਓਰੇਂਜ ਵਰਤਣ ਵਿੱਚ ਕੋਈ ਸੰਕੋਚ ਨਹੀਂ ਕੀਤਾ ਜਦੋਂਕਿ ਵੀਅਤਨਾਮੀ ਕੁਹਾੜੀਆਂ, ਕਹੀਆਂ, ਲੱਕੜ ਦੇ ਦਸਤਿਆਂ ਆਦਿ ਨਾਲ ਮੁਕਾਬਲਾ ਕਰ ਰਹੇ ਸਨ।
ਇਰਾਕ ਜੰਗ (2003-2011): 19 ਮਾਰਚ 2003 ਨੂੰ ਅਮਰੀਕੀ ਤੇ ਅੰਗਰੇਜ਼ ਸਾਮਰਾਜੀਆਂ ਨੇ ਆਜ਼ਾਦੀ ਦਾ ਨਾਂ ਲੈ ਇਰਾਕ ਦੇ ਲੋਕਾਂ ’ਤੇ ਹੱਲਾ ਬੋਲਿਆ। ਸ਼ੁਰੂਆਤ ਵਿੱਚ ਸੱਦਾਮ ਦਾ ਨਾਂ ਅਲ-ਕਾਇਦਾ ਤੇ 9/11 ਦੇ ਹਮਲਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਇਹ ਝੂਠ ਨਾ ਚੱਲਿਆ ਤਾਂ ਬੁਸ਼ ਤੇ ਬਲੇਅਰ ਦੀ ਹਕੂਮਤ ਨੇ ‘ਮਾਰੂ ਹਥਿਆਰਾਂ’ ਦਾ ਰੌਲਾ ਖੜ੍ਹਾ ਕਰ ਦਿੱਤਾ ਤੇ ਇਰਾਕ ਨੂੰ ਆਜ਼ਾਦ ਸੰਸਾਰ ਲਈ ਖ਼ਤਰਾ ਗਰਦਾਨ ਕੇ ਕਹਿ ਦਿੱਤਾ ਕਿ ਇਰਾਕ ’ਤੇ ਤੁਰੰਤ ਫੌਜੀ ਕਾਰਵਾਈ ਨਾਲ ਉੱਥੇ ਜਮਹੂਰੀ ਰਾਜ ਕਾਇਮ ਕਰ ਦਿੱਤਾ ਜਾਵੇਗਾ ਤੇ ਸਮੁੱਚੇ ਖਿੱਤੇ ਵਿੱਚ ਸ਼ਾਂਤੀ ਤੇ ਸਥਿਰਤਾ ਲਿਆਂਦੀ ਜਾਵੇਗੀ।
ਇਸ ਤੋਂ ਤੁਰੰਤ ਮਗਰੋਂ ਅਮਰੀਕੀ ਫੌਜ ਨੇ ਇੱਕ ਪਿੱਠੂ ਪ੍ਰਸ਼ਾਸਕੀ ਢਾਂਚਾ ਕਾਇਮ ਕਰਕੇ ਆਰਜ਼ੀ ਹਕੂਮਤ ਬਣਾ ਦਿੱਤੀ ਜਿਸ ਨੇ ਸਾਮਰਾਜੀਆਂ ਨੂੰ ਇਰਾਕ ਦੇ ਕੁਦਰਤੀ ਵਸੀਲੇ ਲੁੱਟਣ ਲਈ ਕਾਨੂੰਨੀ ਤੌਰ ’ਤੇ ਖੁੱਲ੍ਹਾ ਹੱਥ ਦੇ ਦਿੱਤਾ। ਇਸੇ ਆਰਜ਼ੀ ਹਕੂਮਤ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤਹਿਤ ਇਰਾਕ ਵਿੱਚ ਫਿਰਕਾਵਾਰ ਵੰਡੀਆਂ ਨੂੰ ਹੁਲਾਰਾ ਦੇਣਾ ਸ਼ੁਰੂ ਕਰ ਦਿੱਤਾ ਤੇ ਇਰਾਕ ਨੂੰ ਲੰਬੀ ਘਰੇਲੂ ਜੰਗ ਵੱਲ ਧੱਕ ਦਿੱਤਾ। ਚਿੱਟੀ ਫਾਸਫੋਰਸ ਜਿਹੇ ਪਾਬੰਦੀਸ਼ੁਦਾ ਹਥਿਆਰ ਤੱਕ ਵਰਤੇ ਗਏ ਜਿਨ੍ਹਾਂ ਨੇ ਲੱਖਾਂ ਬੇਦੋਸ਼ੇ ਇਰਾਕੀਆਂ ਨੂੰ ਮੌਤ ਦੇ ਘਾਟ ਉਤਾਰਿਆ। ਜਮਹੂਰੀਅਤ, ਸ਼ਾਂਤੀ ਅਤੇ ਸਥਿਰਤਾ ਜਿਹੇ ਭਰਮਾਊ ਸ਼ਬਦਾਂ ਪਿੱਛੇ ਇਰਾਕ ’ਤੇ ਹਮਲੇ ਦਾ ਕਾਰਨ ਡਾਲਰ ਦੀ ਚੌਧਰ ਨੂੰ ਬਚਾਉਣਾ, ਸੰਸਾਰ ਦੇ ਪੰਜਵੇਂ ਵੱਡੇ ਤੇਲ ਸਰੋਤਾਂ ਉੱਪਰ ਕਬਜ਼ਾ ਕਰਨਾ ਸੀ ਅਤੇ ਯੁੱਧਨੀਤਕ ਨਜ਼ਰੀਏ ਤੋਂ ਮੱਧ ਪੂਰਬ ਅੰਦਰ ਅਮਰੀਕੀ ਸਾਮਰਾਜ ਦੀ ਚੌਧਰ ਸਥਾਪਤੀ ਲਈ ਇਹ ਜ਼ਰੂਰੀ ਸੀ। ਇਰਾਕ ਵਿੱਚ ਦਸ ਲੱਖ ਤੋਂ ਵੱਧ ਬੇਕਸੂਰ ਲੋਕਾਂ ਦੀ ਮੌਤ, 90 ਲੱਖ ਤੋਂ ਵੱਧ ਲੋਕਾਂ ਦਾ ਉਜਾੜਾ, ਇਰਾਕ ਦੇ ਸਮੁੱਚੇ ਆਲ-ਜੰਜਾਲ ਢਾਂਚੇ ਦੀ ਤਬਾਹੀ, ਇੱਕ-ਤਿਹਾਈ ਤੋਂ ਵੱਧ ਗ਼ਰੀਬੀ ਦਰ ਤੇ ਅਥਾਹ ਬੇਰੁਜ਼ਗਾਰੀ ਅਮਰੀਕੀ ਸਾਮਰਾਜੀਆਂ ਨੇ ਪਿੱਛੇ ਛੱਡੀ। ਸਾਮਰਾਜੀਆਂ ਨੇ ਇਸੇ ਤਬਾਹੀ-ਬਰਬਾਦੀ ਨੂੰ ਜਮਹੂਰੀਅਤ ਦਾ ਨਾਂ ਦੇ ਕੇ ਆਪਣੇ ਪਾਪ ਢਕਣ ਦੀ ਕੋਸ਼ਿਸ਼ ਕੀਤੀ।
ਅਫ਼ਗਾਨਿਸਤਾਨ ਦੀ ਜੰਗ (2001-2021): 9/11 ਹਮਲੇ ਨੂੰ ਬਹਾਨਾ ਬਣਾ ਕੇ ਅਲ-ਕਾਇਦਾ ਦਾ ਖਾਤਮਾ ਕਰਨ ਦੇ ਐਲਾਨ ਨਾਲ ਅਫ਼ਗਾਨਿਸਤਾਨ ਅੰਦਰ ਜੰਗ ਸ਼ੁਰੂ ਕੀਤੀ ਗਈ ਜਦੋਂਕਿ ਇਸ ਦਾ ਅਸਲ ਨਿਸ਼ਾਨਾ ਕੇਂਦਰੀ ਏਸ਼ੀਆ ਦੇ ਮਹੱਤਵਪੂਰਨ ਭੂਗੋਲਿਕ-ਰਾਜਨੀਤਕ ਇਲਾਕੇ ਵਿੱਚ ਆਪਣੀ ਪਿੱਠੂ ਹਕੂਮਤ ਕਾਇਮ ਕਰਨਾ ਸੀ ਅਤੇ ਇਸ ਖਿੱਤੇ ਵਿੱਚੋਂ ਲੰਘਦੀਆਂ ਗੈਸ ਅਤੇ ਤੇਲ ਦੀਆਂ ਪਾਈਪਲਾਈਨਾਂ ਨੂੰ ਆਪਣੀ ਦੇਖ-ਰੇਖ ਹੇਠ ਲਿਆਉਣਾ ਸੀ। 20 ਸਾਲ ਤੋਂ ਉੱਪਰ ਚੱਲੀ ਇਸ ਜੰਗ ਵਿੱਚ 46000 ਤੋਂ ਵੱਧ ਮੌਤਾਂ ਹੋਈਆਂ ਦੱਸੀਆਂ ਜਾਂਦੀਆਂ ਹਨ, ਪਰ ਕਈ ਮਾਹਿਰਾਂ ਮੁਤਾਬਕ ਅਸਲ ਗਿਣਤੀ ਕਿਤੇ ਜ਼ਿਆਦਾ ਹੈ। ਲੜਾਕਿਆਂ ਸਮੇਤ ਇਹ ਗਿਣਤੀ 1 ਲੱਖ 70000 ਤੋਂ ਵੀ ਟੱਪ ਜਾਂਦੀ ਹੈ। ਇੱਕ ਰਿਪੋਰਟ ਮੁਤਾਬਕ 2021 ਤੱਕ ਦੇਸ਼ ਦੇ ਸ਼ਰਣਾਰਥੀਆਂ ਦੀ ਗਿਣਤੀ ਲਗਭਗ 26 ਲੱਖ ਸੀ ਜਦਕਿ 40 ਲੱਖ ਤੋਂ ਵੱਧ ਲੋਕਾਂ ਨੂੰ ਦੇਸ਼ ਦੇ ਅੰਦਰ ਹੀ ਆਪਣਾ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ। ਅਮਰੀਕੀ ਸਾਮਰਾਜੀਆਂ ਅਤੇ ਇਸ ਦੇ ਭਾਈਵਾਲਾਂ ਦੇ ਕੁਕਰਮਾਂ ਤੋਂ ਤੰਗ ਆਏ ਲੋਕਾਂ ਨੇ ਸੰਘਰਸ਼ ਲੜਿਆ ਅਤੇ 2021 ਵਿੱਚ ਅਮਰੀਕਾ ਨੂੰ ਅਫ਼ਗਾਨਿਸਤਾਨ ਵਿੱਚੋਂ ਭੱਜਣ ਲਈ ਮਜਬੂਰ ਹੋਣਾ ਪਿਆ। ਇਹ ਅਮਰੀਕੀ ਸਾਮਰਾਜ ਅਤੇ ਇਸ ਦੇ ਭਾਈਵਾਲਾਂ ਵੱਲੋਂ ਦੂਜੇ ਮੁਲਕਾਂ ’ਤੇ ਥੋਪੀਆਂ ਜੰਗਾਂ ਦੀਆਂ ਕੁਝ ਉਦਾਹਰਨਾਂ ਹਨ ਜਿਨ੍ਹਾਂ ਵਿੱਚ ਲੱਖਾਂ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ। ਇਸ ਤੋਂ ਬਿਨਾਂ ਲੀਬੀਆ, ਪਨਾਮਾ, ਚਿੱਲੀ, ਯਮਨ, ਗੁਆਟੇਮਾਲਾ, ਕਿਊਬਾ, ਸੀਰੀਆ ਆਦਿ ਸਮੇਤ ਅਮਰੀਕੀ ਸਾਮਰਾਜੀਆਂ ਦੇ ਕੁਕਰਮਾਂ ਦਾ ਲੰਮਾ ਇਤਿਹਾਸ ਹੈ। 1950 ਤੋਂ ਬਾਅਦ ਆਰਥਿਕ ਮੁਨਾਫਿਆਂ ਅਤੇ ਸਿਆਸੀ ਚੌਧਰ ਦੀ ਸਥਾਪਤੀ ਲਈ ਅਮਰੀਕੀ ਸਾਮਰਾਜ 200 ਤੋਂ ਵੱਧ ਜੰਗਾਂ ਜਾਂ ਹਮਲਿਆਂ, ਹਵਾਈ ਹਮਲਿਆਂ, ਤਖ਼ਤਾਪਲਟ, ਫੌਜੀ ਘੇਰਾਬੰਦੀ ਕਰਨ ਆਦਿ ਦਾ ਹਿੱਸੇਦਾਰ ਰਿਹਾ ਹੈ। ਦੂਸਰੀ ਸੰਸਾਰ ਜੰਗ ਤੋਂ ਬਾਅਦ ਦੁਨੀਆ ਦਾ ਚੌਧਰੀ ਬਣ ਕੇ ਉੱਭਰਿਆ ਅਮਰੀਕੀ ਸਾਮਰਾਜ ਦੁਨੀਆ ਦੇ ਅੱਡੋ-ਅੱਡ ਖਿੱਤਿਆਂ ’ਤੇ ਕਬਜ਼ਿਆਂ, ਜ਼ਮੀਨੀ ਵੰਡ, ਕੁਦਰਤੀ ਸਰੋਤਾਂ ਨੂੰ ਹੜੱਪਣ ਲਈ ਉਨ੍ਹਾਂ ਨੂੰ ਲਗਾਤਾਰ ਜੰਗਾਂ ਜਾਂ ਜੰਗੀ ਮਾਹੌਲ ਵਿੱਚ ਝੋਕ ਰਿਹਾ ਹੈ।

