ਸਰੀ, (ਦਿਵਰੂਪ ਕੌਰ): ਇਲੈਕਸ਼ਨਜ਼ ਬੀਸੀ ਨੇ ਆਗਾਮੀ 17 ਅਕਤੂਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਮੇਅਰ, ਕੌਂਸਲਰ ਅਤੇ ਸਕੂਲ ਟਰੱਸਟੀ ਦੇ ਉਮੀਦਵਾਰਾਂ ਲਈ ਚੋਣ ਖਰਚੇ ਦੀਆਂ ਹੱਦਾਂ ਤੈਅ ਕਰ ਦਿੱਤੀਆਂ ਹਨ। ਇਹਨਾਂ ਦੇ ਨਾਲ ਹੀ ਤੀਜੀ ਧਿਰ ਦੇ ਇਸ਼ਤਿਹਾਰਾਂ ਉੱਤੇ ਵੀ ਖਰਚੇ ਦੀ ਹੱਦ ਮੁਕੱਰਰ ਕੀਤੀ ਗਈ ਹੈ। ਇਹ ਹੱਦਾਂ ਹਾਊਸਿੰਗ ਅਤੇ ਮਿਉਂਸਪਲ ਮਾਮਲਿਆਂ ਦੇ ਮੰਤਰਾਲੇ, ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ ਅਤੇ ਸਵਦੇਸ਼ੀ ਸਬੰਧਾਂ ਬਾਰੇ ਮੰਤਰਾਲੇ ਵੱਲੋਂ ਸਾਂਝੇ ਤੌਰ ਤੇ ਤਿਆਰ ਕੀਤੀਆਂ ਗਈਆਂ ਹਨ।
ਨਵੇਂ ਨਿਯਮਾਂ ਅਨੁਸਾਰ ਸਰੀ ਵਿੱਚ ਮੇਅਰ ਅਹੁਦੇ ਦੇ ਉਮੀਦਵਾਰ ਆਪਣੀ ਚੋਣ ਮੁਹਿੰਮ ਉੱਤੇ 251962.07 ਡਾਲਰ ਤੱਕ ਖਰਚ ਕਰ ਸਕਦੇ ਹਨ ਜਦਕਿ ਕੌਂਸਲਰ ਅਹੁਦੇ ਦੇ ਉਮੀਦਵਾਰਾਂ ਲਈ ਇਹ ਹੱਦ 137511.79 ਡਾਲਰ ਰੱਖੀ ਗਈ ਹੈ। ਇਸੇ ਤਰ੍ਹਾਂ ਵੈਨਕੂਵਰ ਵਿੱਚ ਮੇਅਰ ਦੇ ਉਮੀਦਵਾਰ 257500.52 ਡਾਲਰ ਅਤੇ ਕੌਂਸਲਰ 141152.04 ਡਾਲਰ ਤੱਕ ਖਰਚ ਕਰ ਸਕਣਗੇ। ਡੈਲਟਾ ਵਿੱਚ ਮੇਅਰ ਲਈ ਇਹ ਹੱਦ 92820.86 ਡਾਲਰ ਅਤੇ ਕੌਂਸਲਰ ਲਈ 47086.21 ਡਾਲਰ ਹੈ। ਵ੍ਹਾਈਟ ਰੌਕ ਦੇ ਮੇਅਰ ਉਮੀਦਵਾਰ 25302.38 ਡਾਲਰ ਅਤੇ ਕੌਂਸਲਰ 12713.16 ਡਾਲਰ ਖਰਚ ਕਰ ਸਕਦੇ ਹਨ। ਛੋਟੇ ਕਸਬਿਆਂ ਜਿਵੇਂ ਵੈਂਡਰਹੂਫ ਅਤੇ ਹੋਪ ਵਿੱਚ ਮੇਅਰ ਉਮੀਦਵਾਰਾਂ ਲਈ ਖਰਚੇ ਦੀ ਹੱਦ 12323.78 ਡਾਲਰ ਅਤੇ ਕੌਂਸਲਰਾਂ ਲਈ 6161.89 ਡਾਲਰ ਤੈਅ ਕੀਤੀ ਗਈ ਹੈ। ਤੀਜੀ ਧਿਰ ਦੇ ਇਸ਼ਤਿਹਾਰਾਂ ਲਈ ਸਰੀ ਵਿੱਚ 12598.10 ਡਾਲਰ ਅਤੇ ਵੈਨਕੂਵਰ ਵਿੱਚ 12875.03 ਡਾਲਰ ਦੀ ਹੱਦ ਰੱਖੀ ਗਈ ਹੈ।
ਸਕੂਲ ਟਰੱਸਟੀਆਂ ਦੀਆਂ ਚੋਣਾਂ ਲਈ ਸਰੀ ਵਿੱਚ ਖਰਚੇ ਦੀ ਹੱਦ 137235.35 ਡਾਲਰ, ਡੈਲਟਾ ਵਿੱਚ 48175.92 ਡਾਲਰ ਅਤੇ ਵ੍ਹਾਈਟ ਰੌਕ ਵਿੱਚ 12736 ਡਾਲਰ ਹੋਵੇਗੀ। ਇਸੇ ਤਰ੍ਹਾਂ ਸਕੂਲ ਟਰੱਸਟੀਆਂ ਲਈ ਤੀਜੀ ਧਿਰ ਦੇ ਇਸ਼ਤਿਹਾਰਾਂ ਦਾ ਖਰਚਾ ਸਰੀ ਵਿੱਚ 8456.29 ਡਾਲਰ ਤੈਅ ਕੀਤਾ ਗਿਆ ਹੈ। This report was written by Divroop Kaur as part of the Local Journalism Initiative.

