ਸਰੀ, (ਦਿਵਰੂਪ ਕੌਰ): ਚੌਥੀ ਸਾਲਾਨਾ ਦਮਦਮਾ ਗਤਕਾ ਚੈਂਪੀਅਨਸ਼ਿਪ ਇਸ ਸਾਲ ਸਰੀ ਵਿੱਚ ਮੁੜ ਵਾਪਸੀ ਕਰ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਥਲੀਟ, ਪਰਿਵਾਰ ਅਤੇ ਭਾਈਚਾਰਕ ਆਗੂ ਹਿੱਸਾ ਲੈਣਗੇ। ਉੱਤਰੀ ਅਮਰੀਕਾ ਵਿੱਚ ਗਤਕੇ ਦੇ ਸਭ ਤੋਂ ਪ੍ਰਮੁੱਖ ਸਮਾਗਮਾਂ ਵਿੱਚੋਂ ਇੱਕ ਮੰਨੀ ਜਾਣ ਵਾਲੀ ਇਹ ਚੈਂਪੀਅਨਸ਼ਿਪ ਖਾਲਸਾ ਸੈਕੰਡਰੀ ਸਕੂਲ ਵਿਖੇ ਕਰਵਾਈ ਜਾਵੇਗੀ। ਇਸ ਸਮਾਗਮ ਵਿੱਚ ਦਾਖਲਾ ਬਿਲਕੁਲ ਮੁਫਤ ਰੱਖਿਆ ਗਿਆ ਹੈ ਤਾਂ ਜੋ ਹਰ ਕੋਈ ਇਸ ਦਾ ਆਨੰਦ ਮਾਣ ਸਕੇ। ਪਿਛਲੇ ਸਾਲਾਂ ਦੀ ਸਫਲਤਾ ਨੂੰ ਦੇਖਦਿਆਂ ਇਸ ਵਾਰ ਕੈਨੇਡਾ ਅਤੇ ਅਮਰੀਕਾ ਤੋਂ ਕਈ ਖਿਡਾਰੀ ਸਿੱਖਾਂ ਦੀ ਇਸ ਰਵਾਇਤੀ ਜੰਗਜੂ ਕਲਾ ਵਿੱਚ ਆਪਣੇ ਜੌਹਰ ਦਿਖਾਉਣ ਲਈ ਪਹੁੰਚ ਰਹੇ ਹਨ। ਇਹ ਚੈਂਪੀਅਨਸ਼ਿਪ ਅੰਤਰਰਾਸ਼ਟਰੀ ਗਤਕਾ ਭਾਈਚਾਰੇ ਵਿੱਚ ਸਿੱਖ ਵਿਰਾਸਤ, ਅਨੁਸ਼ਾਸਨ, ਖੇਡ ਭਾਵਨਾ ਅਤੇ ਸੇਵਾ ਵਰਗੀਆਂ ਕਦਰਾਂ ਕੀਮਤਾਂ ਨੂੰ ਪ੍ਰਫੁੱਲਤ ਕਰਨ ਦਾ ਇੱਕ ਅਹਿਮ ਜ਼ਰੀਆ ਬਣ ਚੁੱਕੀ ਹੈ। ਮੁਕਾਬਲਿਆਂ ਤੋਂ ਇਲਾਵਾ ਦਰਸ਼ਕਾਂ ਲਈ ਇੱਥੇ ਇੱਕ ਖਾਸ ਬਾਜ਼ਾਰ ਵੀ ਲਗਾਇਆ ਜਾਵੇਗਾ ਜਿੱਥੇ ਸਿੱਖ ਕਾਰੋਬਾਰੀਆਂ, ਸੰਸਥਾਵਾਂ ਅਤੇ ਸੱਭਿਆਚਾਰਕ ਪ੍ਰਦਰਸ਼ਕਾਂ ਵੱਲੋਂ ਆਪਣੇ ਸਟਾਲ ਲਗਾਏ ਜਾਣਗੇ। ਪਰਿਵਾਰਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਵੀ ਖਾਸ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਹਰ ਉਮਰ ਦੇ ਲੋਕ ਇਸ ਸਮਾਗਮ ਦਾ ਹਿੱਸਾ ਬਣ ਸਕਣ। ਸਿੱਖ ਧਰਮ ਦੀ ਸੇਵਾ ਅਤੇ ਬਰਾਬਰਤਾ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਪੂਰਾ ਦਿਨ ਗੁਰੂ ਕਾ ਲੰਗਰ ਵੀ ਅਟੁੱਟ ਵਰਤਾਇਆ ਜਾਵੇਗਾ ਜਿਸ ਵਿੱਚ ਹਰ ਵਰਗ ਦੇ ਲੋਕ ਬੈਠ ਕੇ ਪ੍ਰਸ਼ਾਦਾ ਛਕ ਸਕਣਗੇ। ਇਹ ਸਮਾਗਮ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਧਰਮ ਦੇ ਸ਼ਾਨਦਾਰ ਇਤਿਹਾਸ ਨਾਲ ਜੋੜਨ ਦਾ ਕੰਮ ਕਰਦਾ ਹੈ। ਟੋਰਾਂਟੋ ਤੋਂ ਆਏ ਮੁੱਖ ਪ੍ਰਬੰਧਕ ਗੁਰਜੋਤ ਸਿੰਘ ਨੇ ਦੱਸਿਆ ਕਿ ਸਿੱਖ ਕੌਮ ਹਮੇਸ਼ਾ ਆਪਣੇ ਇਤਿਹਾਸ ਦੀਆਂ ਸਿੱਖਿਆਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕਰਦੀ ਹੈ। ਉਹਨਾਂ ਕਿਹਾ ਕਿ ਅਸੀਂ ਸੰਤ ਸਿਪਾਹੀਆਂ ਦੀ ਵਿਰਾਸਤ ਨਾਲ ਸਬੰਧ ਰੱਖਦੇ ਹਾਂ ਅਤੇ ਇਹੋ ਜਿਹੇ ਮੁਕਾਬਲੇ ਨੌਜਵਾਨਾਂ ਵਿੱਚ ਇਮਾਨਦਾਰੀ, ਅਨੁਸ਼ਾਸਨ ਅਤੇ ਆਪਸੀ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ। ਇਹ ਚੈਂਪੀਅਨਸ਼ਿਪ ਸਾਬਤ ਕਰਦੀ ਹੈ ਕਿ ਕਿਵੇਂ ਧਰਮ, ਸੱਭਿਆਚਾਰ ਅਤੇ ਭਾਈਚਾਰਕ ਅਗਵਾਈ ਮਿਲ ਕੇ ਨੌਜਵਾਨਾਂ ਦਾ ਭਵਿੱਖ ਸੰਵਾਰ ਸਕਦੇ ਹਨ। This report was written by Divroop Kaur as part of the Local Journalism Initiative.

