ਸਰੀ, (ਦਿਵਰੂਪ ਕੌਰ): ਉੱਤਰੀ ਅਮਰੀਕਾ ਵਿੱਚ 39 ਦਿਨਾਂ ਤੱਕ ਚੱਲਣ ਵਾਲੇ ਫੀਫਾ ਵਿਸ਼ਵ ਕੱਪ 2026 ਦਾ ਆਗਾਜ਼ 11 ਜੂਨ ਤੋਂ ਹੋਣ ਜਾ ਰਿਹਾ ਹੈ। ਇਸੇ ਦਿਨ ਵੈਨਕੂਵਰ ਦੇ ਪੀਐਨਈ ਫੇਅਰਗਰਾਊਂਡਸ ਵਿਖੇ 28 ਦਿਨਾਂ ਦਾ ਫੀਫਾ ਫੈਨ ਫੈਸਟੀਵਲ ਵੀ ਸ਼ੁਰੂ ਹੋ ਜਾਵੇਗਾ। ਵੈਨਕੂਵਰ ਦੀ ਹੋਸਟ ਕਮੇਟੀ ਦੀ ਮੁਖੀ ਜੈਸੀ ਐਡਕਾਕ ਅਨੁਸਾਰ ਸ਼ਹਿਰ ਇਸ ਵਿਸ਼ਵ ਪੱਧਰੀ ਖੇਡ ਸਮਾਗਮ ਲਈ ਪੂਰੀ ਤਰ੍ਹਾਂ ਤਿਆਰ ਹੈ। ਬੀਸੀ ਪਲੇਸ ਸਟੇਡੀਅਮ ਵਿੱਚ ਪਹਿਲਾ ਮੈਚ 13 ਜੂਨ ਨੂੰ ਆਸਟ੍ਰੇਲੀਆ ਅਤੇ ਤੁਰਕੀ ਵਿਚਕਾਰ ਖੇਡਿਆ ਜਾਵੇਗਾ।
ਪਿਛਲੇ ਢਾਈ ਸਾਲਾਂ ਤੋਂ ਤਿਆਰੀਆਂ ਦੀ ਅਗਵਾਈ ਕਰ ਰਹੀ ਐਡਕਾਕ ਦਾ ਕਹਿਣਾ ਹੈ ਕਿ ਦਸੰਬਰ 2025 ਵਿੱਚ ਟੀਮਾਂ ਦੇ ਡਰਾਅ ਤੋਂ ਬਾਅਦ ਸਾਰਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਗਰੁੱਪ ਸਟੇਜ ਵਿੱਚ ਆਸਟ੍ਰੇਲੀਆ, ਤੁਰਕੀ, ਕਤਰ, ਨਿਊਜ਼ੀਲੈਂਡ, ਮਿਸਰ, ਸਵਿਟਜ਼ਰਲੈਂਡ, ਬੈਲਜੀਅਮ ਅਤੇ ਕੈਨੇਡਾ ਦੀਆਂ ਟੀਮਾਂ ਵੈਨਕੂਵਰ ਵਿੱਚ ਖੇਡਣਗੀਆਂ। ਐਡਕਾਕ ਕੋਲ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਪ੍ਰੋਜੈਕਟ ਡਿਲੀਵਰੀ ਦਾ 3 ਦਹਾਕਿਆਂ ਦਾ ਤਜਰਬਾ ਹੈ। ਉਹਨਾਂ ਮੁਤਾਬਕ ਲੋਕ ਅਜੇ ਵੀ ਇਸ ਖੇਡ ਸਮਾਗਮ ਦੇ ਅਸਲ ਘੇਰੇ ਨੂੰ ਨਹੀਂ ਸਮਝਦੇ ਕਿਉਂਕਿ ਇਸ ਦੀ ਦਰਸ਼ਕ ਗਿਣਤੀ ਦੁਨੀਆ ਵਿੱਚ ਸਭ ਤੋਂ ਵੱਧ ਹੈ।
ਇਹ ਟੂਰਨਾਮੈਂਟ 3 ਦੇਸ਼ਾਂ ਦੇ 16 ਸ਼ਹਿਰਾਂ ਵਿੱਚ ਫੈਲਿਆ ਹੋਇਆ ਹੈ। ਕਮੇਟੀ ਵੱਲੋਂ ਟੋਰਾਂਟੋ ਅਤੇ ਸਿਆਟਲ ਵਰਗੇ ਸ਼ਹਿਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਣ। ਬਹੁਤ ਸਾਰੇ ਅੰਤਰਰਾਸ਼ਟਰੀ ਸੈਲਾਨੀ ਵੈਨਕੂਵਰ ਦੇ 7 ਅਤੇ ਸਿਆਟਲ ਦੇ 6 ਮੈਚਾਂ ਨੂੰ ਮਿਲਾ ਕੇ ਆਪਣੀ ਯਾਤਰਾ ਦੀ ਯੋਜਨਾ ਬਣਾ ਰਹੇ ਹਨ। ਸਥਾਨਕ ਸਰਕਾਰਾਂ ਦੇ ਨਾਲ ਨਾਲ ਫੈਡਰਲ ਪੱਧਰ ਉੱਤੇ ਵੀ ਸੁਰੱਖਿਆ ਅਤੇ ਸੈਰ ਸਪਾਟੇ ਲਈ ਤਾਲਮੇਲ ਰੱਖਿਆ ਗਿਆ ਹੈ।
ਮੈਚ ਵਾਲੇ ਦਿਨ ਦਰਸ਼ਕਾਂ ਲਈ ਬੀਸੀ ਪਲੇਸ ਸਟੇਡੀਅਮ ਪਹੁੰਚਣ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਦਰਸ਼ਕਾਂ ਨੂੰ ਆਮ ਰਸਤਿਆਂ ਦੀ ਬਜਾਏ ਮੇਨ ਸਟਰੀਟ ਸਾਇੰਸ ਵਰਲਡ ਸਟੇਸ਼ਨ ਤੋਂ ਕਿਊਬਿਕ ਸਟਰੀਟ ਅਤੇ ਪੈਸੀਫਿਕ ਬੋਲੇਵਾਰਡ ਰਾਹੀਂ ਪੈਦਲ ਜਾਣਾ ਪਵੇਗਾ। ਸਟੇਡੀਅਮ ਚਾਈਨਾਟਾਊਨ ਸਟੇਸ਼ਨ ਤੋਂ ਸਿੱਧੀ ਐਂਟਰੀ ਨਹੀਂ ਮਿਲੇਗੀ। ਇਸ ਪੈਦਲ ਰਸਤੇ ਉੱਤੇ ਸੁਰੱਖਿਆ ਜਾਂਚ ਹੋਵੇਗੀ ਅਤੇ ਇੱਥੇ ਫੀਫਾ ਮਰਚੰਡਾਈਜ਼ ਸਟੋਰ ਵੀ ਬਣਾਏ ਗਏ ਹਨ। ਇਸ ਨਵੇਂ ਪ੍ਰਬੰਧ ਦਾ ਮਕਸਦ ਦਰਸ਼ਕਾਂ ਨੂੰ ਇੱਕ ਸ਼ਾਨਦਾਰ ਤਜਰਬਾ ਦੇਣਾ ਹੈ। This report was written by Divroop Kaur as part of the Local Journalism Initiative.

