ਬੇਲਫਾਸਟ (ਪਰਮਜੀਤ ਸਿੰਘ): ਉੱਤਰੀ ਆਇਰਲੈਂਡ ਦੀ ਰਾਜਧਾਨੀ ਬੇਲਫਾਸਟ ਵਿੱਚ ਇੱਕ ਵਿਅਕਤੀ ‘ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਸ਼ਹਿਰ ਵਿੱਚ ਪ੍ਰਵਾਸੀਆਂ ਦੇ ਵਿਰੋਧ ਵਿੱਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਅਧਿਕਾਰੀਆਂ ਅਤੇ ਪੀੜਤ ਸਟੀਫਨ ਓਗਿਲਵੀ ਦੇ ਪਰਿਵਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪੀੜਤ ਪਰਿਵਾਰ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਕੀਤਾ ਹੈ ਕਿ ਉਹ ਅਜਿਹੀ ਹਿੰਸਾ ਦਾ ਬਿਲਕੁਲ ਸਮਰਥਨ ਨਹੀਂ ਕਰਦੇ ਅਤੇ ਸ਼ਾਂਤਮਈ ਵਿਰੋਧ ਹੀ ਸਹੀ ਰਸਤਾ ਹੈ। ਪਰਿਵਾਰ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਪ੍ਰਵਾਸੀ ਦੇਸ਼ ਦੇ ਸਿਹਤ ਸੰਭਾਲ ਅਤੇ ਪ੍ਰਾਹੁਣਚਾਰੀ ਖੇਤਰਾਂ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਦੇਸ਼ ਦੀ ਤਰੱਕੀ ਲਈ ਉਹਨਾਂ ਦੀ ਭੂਮਿਕਾ ਬਹੁਤ ਅਹਿਮ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਉੱਤਰੀ ਬੇਲਫਾਸਟ ਦੇ ਕਿਨਾਰਡ ਐਵੇਨਿਊ ਇਲਾਕੇ ਵਿੱਚ ਸਟੀਫਨ ਓਗਿਲਵੀ ‘ਤੇ ਇੱਕ ਸੁਡਾਨੀ ਮੂਲ ਦੇ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ 40 ਸਾਲਾ ਓਗਿਲਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੀ ਖੱਬੀ ਅੱਖ ਦੀ ਰੌਸ਼ਨੀ ਚਲੀ ਗਈ ਹੈ। ਉਸ ਦੇ ਚਿਹਰੇ ਅਤੇ ਪਿੱਠ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਵੱਲੋਂ ਲੋਕਾਂ ਨੂੰ ਵੀਡੀਓ ਸਾਂਝੀ ਨਾ ਕਰਨ ਦੀ ਅਪੀਲ ਦੇ ਬਾਵਜੂਦ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਮਲਾਵਰ ਦੀ ਪਛਾਣ 30 ਸਾਲਾ ਹਾਦੀ ਅਲੋਦਿਦ ਵਜੋਂ ਹੋਈ ਹੈ ਜਿਸ ਨੂੰ ਆਇਰਲੈਂਡ ਰਾਹੀਂ ਯੂਕੇ ਵਿੱਚ ਦਾਖਲ ਹੋਣ ਤੋਂ ਬਾਅਦ ਰਹਿਣ ਦੀ ਇਜਾਜ਼ਤ ਮਿਲੀ ਹੋਈ ਸੀ। ਬੁੱਧਵਾਰ ਨੂੰ ਉਸ ਨੂੰ ਬੇਲਫਾਸਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ‘ਤੇ ਕਤਲ ਦੀ ਕੋਸ਼ਿਸ਼ ਅਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ। ਇਸ ਘਟਨਾ ਤੋਂ ਗੁੱਸੇ ਵਿੱਚ ਆਏ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਰਾਤ ਨੂੰ ਬੇਲਫਾਸਟ ਦੀਆਂ ਸੜਕਾਂ ‘ਤੇ ਜਮ ਕੇ ਹੰਗਾਮਾ ਕੀਤਾ। ਭੀੜ ਨੇ ਕਈ ਘਰਾਂ, ਬੱਸਾਂ ਅਤੇ ਕਾਰਾਂ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਬੱਚਿਆਂ ਸਮੇਤ ਕਈ ਲੋਕਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪਿਆ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਸਮੇਤ ਕਈ ਸਿਆਸੀ ਆਗੂਆਂ ਨੇ ਇਸ ਹਿੰਸਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਨਾ-ਕਾਬਿਲੇ-ਬਰਦਾਸ਼ਤ ਦੱਸਿਆ ਹੈ।

