ਸਰੀ, (ਦਿਵਰੂਪ ਕੌਰ): ਫੈਡਰਲ ਸਰਕਾਰ ਨੇ ਔਰਤਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਰੋਕਥਾਮ ਵਾਲੀ ਸਿਹਤ ਸੰਭਾਲ ਲਈ ਇੱਕ ਨਵੀਂ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ। ਇਹ ਵਿਸ਼ੇਸ਼ ਕਮੇਟੀ ਸਰਵਾਈਕਲ ਅਤੇ ਛਾਤੀ ਦੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੀ ਜਾਂਚ ਅਤੇ ਸਕ੍ਰੀਨਿੰਗ ਲਈ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕਰੇਗੀ। ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਸਿਹਤ ਖੇਤਰ ਵਿੱਚ ਇੱਕ ਅਹਿਮ ਸੁਧਾਰ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਲੰਮੇ ਸਮੇਂ ਤੋਂ ਕੈਂਸਰ ਦੀ ਜਾਂਚ ਦੇ ਨਿਯਮਾਂ ਵਿੱਚ ਬਦਲਾਅ ਦੀ ਮੰਗ ਕੀਤੀ ਜਾ ਰਹੀ ਸੀ। ਇਹ ਨਵੀਂ ਕਮੇਟੀ ਉਸ ਪੁਰਾਣੀ ਟਾਸਕ ਫੋਰਸ ਦੀ ਥਾਂ ਲਵੇਗੀ ਜਿਸ ਨੂੰ ਮਾਰਚ 2025 ਵਿੱਚ ਕਾਫੀ ਵਿਵਾਦਾਂ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਪੁਰਾਣੀ ਟਾਸਕ ਫੋਰਸ ਨੇ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਲਈ ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਦੀ ਸਿਫਾਰਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਮੈਡੀਕਲ ਮਾਹਰਾਂ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ ਸੀ। ਕੈਨੇਡੀਅਨ ਕੈਂਸਰ ਸੁਸਾਇਟੀ ਅਤੇ ਹੋਰ ਕਈ ਮਾਹਰਾਂ ਨੇ ਉਸ ਸਮੇਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਮੈਮੋਗ੍ਰਾਮ ਅਤੇ ਕੈਂਸਰ ਦੀ ਜਾਂਚ ਲਈ ਨਿਰਧਾਰਤ ਉਮਰ ਹੱਦ ਨੂੰ ਘਟਾ ਕੇ 40 ਸਾਲ ਕੀਤਾ ਜਾਵੇ ਤਾਂ ਜੋ ਬਿਮਾਰੀ ਦੀ ਸ਼ੁਰੂਆਤੀ ਪੜਾਅ ‘ਤੇ ਹੀ ਪਛਾਣ ਕੀਤੀ ਜਾ ਸਕੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਔਰਤਾਂ ਦੀ ਸਿਹਤ ਲਈ ਕੰਮ ਕਰਨ ਵਾਲੀ ਸੰਸਥਾ ਡੈਂਸ ਬ੍ਰੈਸਟਸ ਕੈਨੇਡਾ ਨੇ ਫੈਡਰਲ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਸੰਸਥਾ ਨੇ ਇੱਕ ਬਿਆਨ ਜਾਰੀ ਕਰਕੇ ਨਵੇਂ ਗਰੁੱਪ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਕੰਮ ਸ਼ੁਰੂ ਕਰੇ ਅਤੇ ਪੁਰਾਣੇ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕਰਕੇ ਔਰਤਾਂ ਦੇ ਹੱਕ ਵਿੱਚ ਫੈਸਲਾ ਸੁਣਾਵੇ। ਸੰਸਥਾ ਦਾ ਮੰਨਣਾ ਹੈ ਕਿ ਸਕ੍ਰੀਨਿੰਗ ਵਿੱਚ ਦੇਰੀ ਕਾਰਨ ਕਈ ਔਰਤਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਸਰਕਾਰ ਵੱਲੋਂ ਬਣਾਈ ਗਈ ਇਸ ਨਵੀਂ ਕਮੇਟੀ ਵਿੱਚ ਕੁੱਲ 14 ਮੈਂਬਰ ਸ਼ਾਮਲ ਹਨ। ਇਸ ਟੀਮ ਦੀ ਅਗਵਾਈ ਯੂਨੀਵਰਸਿਟੀ ਆਫ ਕੈਲਗਰੀ ਦੇ ਮੈਡੀਕਲ ਪ੍ਰੋਫੈਸਰ ਅਤੇ ਪਰਿਵਾਰਕ ਡਾਕਟਰ ਡੇਵਿਡ ਕੀਗਨ ਕਰ ਰਹੇ ਹਨ। ਫੈਡਰਲ ਸਰਕਾਰ ਅਨੁਸਾਰ ਇਸ ਕਮੇਟੀ ਦੀ ਮੈਂਬਰਸ਼ਿਪ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਰ ਅਤੇ ਵਿਭਿੰਨ ਪਿਛੋਕੜ ਵਾਲੇ ਪੇਸ਼ੇਵਰ ਸ਼ਾਮਲ ਕੀਤੇ ਗਏ ਹਨ। ਇਹ ਟੀਮ ਆਧੁਨਿਕ ਮੈਡੀਕਲ ਖੋਜਾਂ ਅਤੇ ਅੰਕੜਿਆਂ ਦਾ ਡੂੰਘਾਈ ਨਾਲ ਅਧਿਐਨ ਕਰਕੇ ਆਪਣੀਆਂ ਸਿਫਾਰਸ਼ਾਂ ਪੇਸ਼ ਕਰੇਗੀ ਜਿਸ ਨਾਲ ਕੈਨੇਡਾ ਦੇ ਸਿਹਤ ਸੰਭਾਲ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦ ਮਿਲੇਗੀ। This report was written by Divroop Kaur as part of the Local Journalism Initiative.

