ਸਰੀ, (ਦਿਵਰੂਪ ਕੌਰ): ਮਿਸ਼ਨ ਆਰਸੀਐਮਪੀ ਨੇ ਸਥਾਨਕ ਪੱਧਰ ਉੱਤੇ ਆਨਲਾਈਨ ਨਸ਼ਾ ਸਪਲਾਈ ਕਰਨ ਵਾਲੀ ਇੱਕ ਵੈੱਬਸਾਈਟ ਦਾ ਪਰਦਾਫਾਸ਼ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਕਾਰਵਾਈ ਦੌਰਾਨ ਐਬਟਸਫੋਰਡ ਵਿੱਚ 2 ਵੱਖ ਵੱਖ ਥਾਵਾਂ ਉੱਤੇ ਛਾਪੇਮਾਰੀ ਵੀ ਕੀਤੀ। ਸਾਲ 2026 ਦੇ ਸ਼ੁਰੂ ਵਿੱਚ ਮਿਸ਼ਨ ਪੁਲਿਸ ਨੂੰ ਇੱਕ 16 ਸਾਲਾ ਨੌਜਵਾਨ ਅਤੇ ਉਸਦੇ ਮਾਪਿਆਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਹਨਾਂ ਦੇ ਬੱਚੇ ਨੇ ਇੱਕ ਵੈੱਬਸਾਈਟ ਤੋਂ ਮੈਜਿਕ ਮਸ਼ਰੂਮ ਅਤੇ ਭੰਗ ਮੰਗਵਾਈ ਸੀ ਜੋ ਕਿ ਉਸੇ ਦਿਨ ਘਰ ਪਹੁੰਚਾ ਦਿੱਤੀ ਗਈ ਸੀ। ਕੁਝ ਹਫ਼ਤਿਆਂ ਬਾਅਦ ਇੱਕ ਹੋਰ ਪਰਿਵਾਰ ਨੇ ਵੀ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਬੱਚੇ ਨੇ ਵੀ ਉਸੇ ਵੈੱਬਸਾਈਟ ਤੋਂ ਕੈਂਡੀ ਦੇ ਰੂਪ ਵਿੱਚ ਮਸ਼ਰੂਮ ਖਰੀਦੇ ਸਨ।
ਨੌਜਵਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਕਰਾਈਮ ਰਿਡਕਸ਼ਨ ਯੂਨਿਟ ਨੂੰ ਜਾਂਚ ਸੌਂਪ ਦਿੱਤੀ। ਬਸੰਤ ਰੁੱਤ ਦੌਰਾਨ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਕਾਰੋਬਾਰ ਭਾਵੇਂ ਐਬਟਸਫੋਰਡ ਤੋਂ ਚਲਾਇਆ ਜਾ ਰਿਹਾ ਸੀ ਪਰ ਨਸ਼ੇ ਦੀ ਸਪਲਾਈ ਮਿਸ਼ਨ ਵਿੱਚ ਹੋ ਰਹੀ ਸੀ। ਮਈ ਮਹੀਨੇ ਵਿੱਚ ਪੁਲਿਸ ਨੇ ਐਬਟਸਫੋਰਡ ਦੇ ਸਪੈਂਸਰ ਸਟਰੀਟ ਅਤੇ ਕਿੰਗ ਰੋਡ ਉੱਤੇ ਸਥਿਤ ਟਿਕਾਣਿਆਂ ਦੇ ਸਰਚ ਵਾਰੰਟ ਹਾਸਲ ਕੀਤੇ। 20 ਮਈ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਵਸਤਾਂ ਬਰਾਮਦ ਕੀਤੀਆਂ ਜਿਸਦੀ ਲੈਬ ਵਿੱਚ ਜਾਂਚ ਹੋਣੀ ਅਜੇ ਬਾਕੀ ਹੈ।
ਪੁਲਿਸ ਵੱਲੋਂ ਬਰਾਮਦ ਕੀਤੇ ਗਏ ਸਮਾਨ ਵਿੱਚ ਮੈਜਿਕ ਮਸ਼ਰੂਮ ਦੇ ਕਈ ਪੈਕੇਟ, ਭੰਗ, ਖਾਣ ਵਾਲੇ ਮਾਰਿਜੁਆਨਾ ਦੇ 1000 ਤੋਂ ਵੱਧ ਪੈਕੇਟ, 1000 ਤੋਂ ਵੱਧ ਵੇਪ ਅਤੇ ਖਾਣ ਵਾਲੇ ਮਸ਼ਰੂਮ ਦੇ ਲਗਭਗ 200 ਪੈਕੇਟ ਸ਼ਾਮਲ ਹਨ। ਇਸੇ ਦਿਨ ਪੁਲਿਸ ਨੇ 49 ਅਤੇ 34 ਸਾਲ ਦੇ 2 ਆਦਮੀਆਂ ਅਤੇ 42 ਸਾਲ ਦੀ 1 ਔਰਤ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਇਹਨਾਂ ਤਿੰਨਾਂ ਨੂੰ ਜਾਂਚ ਜਾਰੀ ਰਹਿਣ ਤੱਕ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਮਿਸ਼ਨ ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਇਹ ਕਾਰੋਬਾਰ ਸੀਮਤ ਨਸ਼ਿਆਂ ਤੱਕ ਸੀ ਪਰ ਨੌਜਵਾਨਾਂ ਨੂੰ ਸਿੱਧੇ ਤੌਰ ਉੱਤੇ ਨਿਸ਼ਾਨਾ ਬਣਾਉਣਾ ਇੱਕ ਗੰਭੀਰ ਅਪਰਾਧ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਬੱਚਿਆਂ ਨੂੰ ਨਸ਼ਾ ਵੇਚਣ ਬਾਰੇ ਜਾਣਦਾ ਹੈ ਤਾਂ ਉਹ 604-826-7161 ਉੱਤੇ ਸੰਪਰਕ ਕਰ ਸਕਦਾ ਹੈ। This report was written by Divroop Kaur as part of the Local Journalism Initiative.

