Saturday, July 11, 2026

ਬੀ.ਸੀ. ਵਿੱਚ ਨਵੇਂ ਡਰਾਈਵਰਾਂ ਲਈ ਲਰਨਿੰਗ ਲਾਇਸੈਂਸ ਦਾ ਟੈਸਟ ਹੁਣ ਹੋਵੇਗਾ ਆਨਲਾਈਨ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਡਰਾਈਵਰਾਂ ਲਈ ਇੱਕ ਬਹੁਤ ਹੀ ਅਹਿਮ ਸਹੂਲਤ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹੁਣ ਲਰਨਰ ਲਾਇਸੈਂਸ ਪ੍ਰਾਪਤ ਕਰਨ ਲਈ ਜ਼ਰੂਰੀ ਗਿਆਨ ਟੈਸਟ ਆਨਲਾਈਨ ਦਿੱਤਾ ਜਾ ਸਕੇਗਾ। ਇਸ ਨਾਲ ਲੋਕਾਂ ਨੂੰ ਆਈਸੀਬੀਸੀ ਦੇ ਦਫਤਰਾਂ ਵਿੱਚ ਜਾਣ ਦੀ ਖੇਚਲ ਤੋਂ ਬਚਾਅ ਹੋਵੇਗਾ ਅਤੇ ਇਨ ਪਰਸਨ ਅਪਾਇੰਟਮੈਂਟਾਂ ਲਈ ਲੱਗਣ ਵਾਲੇ ਸਮੇਂ ਵਿੱਚ ਵੀ ਗਿਰਾਵਟ ਆਵੇਗੀ। ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਸਹੂਲਤ ਨਾਲ ਖਾਸ ਕਰਕੇ ਪੇਂਡੂ ਅਤੇ ਦੂਰ ਦੁਰਾਡੇ ਇਲਾਕਿਆਂ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਜਿਹਨਾਂ ਨੂੰ ਟੈਸਟ ਦੇਣ ਲਈ ਲੰਬਾ ਸਫਰ ਤੈਅ ਕਰਨਾ ਪੈਂਦਾ ਸੀ। ਉਹਨਾਂ ਮੁਤਾਬਕ ਇਹ ਕਦਮ ਆਈਸੀਬੀਸੀ ਦੀਆਂ ਸੇਵਾਵਾਂ ਨੂੰ ਆਧੁਨਿਕ ਅਤੇ ਵਧੇਰੇ ਸੁਵਿਧਾਜਨਕ ਬਣਾਉਣ ਦੀ ਮੁਹਿੰਮ ਦਾ ਹਿੱਸਾ ਹੈ। ਇਹ ਆਨਲਾਈਨ ਟੈਸਟ ਉਹਨਾਂ ਲੋਕਾਂ ਲਈ ਉਪਲਬਧ ਹੋਵੇਗਾ ਜੋ ਕਲਾਸ 5 ਤੋਂ 8 ਤੱਕ ਦੇ ਯਾਤਰੀ ਵਾਹਨਾਂ ਅਤੇ ਮੋਟਰਸਾਈਕਲਾਂ ਲਈ ਲਰਨਰ ਲਾਇਸੈਂਸ ਲੈਣਾ ਚਾਹੁੰਦੇ ਹਨ। ਹਾਲਾਂਕਿ ਕਲਾਸ 1 ਤੋਂ 4 ਤੱਕ ਦੇ ਵਪਾਰਕ ਲਾਇਸੈਂਸ ਲੈਣ ਵਾਲਿਆਂ ਨੂੰ ਅਜੇ ਵੀ ਦਫਤਰ ਜਾ ਕੇ ਹੀ ਟੈਸਟ ਦੇਣਾ ਪਵੇਗਾ। ਪਹਿਲਾਂ ਲਰਨਰ ਲਾਇਸੈਂਸ ਲੈਣ ਲਈ ਦਫਤਰ ਜਾਣਾ ਲਾਜ਼ਮੀ ਸੀ ਜੋ ਕਿ ਡਰਾਈਵਿੰਗ ਦੀ ਸ਼ੁਰੂਆਤ ਲਈ ਪਹਿਲਾ ਕਦਮ ਹੁੰਦਾ ਹੈ। ਨਵਾਂ ਆਨਲਾਈਨ ਟੈਸਟ ਬਿਲਕੁਲ ਦਫਤਰ ਵਾਲੇ ਟੈਸਟ ਵਰਗਾ ਹੀ ਹੋਵੇਗਾ ਜਿਸ ਵਿੱਚ ਸਵਾਲ ਅਤੇ ਪਾਸ ਹੋਣ ਲਈ ਜ਼ਰੂਰੀ ਅੰਕ ਬਰਾਬਰ ਰੱਖੇ ਗਏ ਹਨ। ਟੈਸਟ ਦੇਣ ਲਈ ਉਮੀਦਵਾਰ ਕੋਲ ਕੈਮਰੇ ਵਾਲਾ ਕੰਪਿਊਟਰ ਅਤੇ ਸੁਰੱਖਿਅਤ ਇੰਟਰਨੈੱਟ ਹੋਣਾ ਲਾਜ਼ਮੀ ਹੈ ਕਿਉਂਕਿ ਇਹ ਸਹੂਲਤ ਮੋਬਾਈਲ ਫੋਨ ਉੱਤੇ ਨਹੀਂ ਮਿਲੇਗੀ। ਟੈਸਟ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਨਿਗਰਾਨੀ ਰੱਖੀ ਜਾਵੇਗੀ ਜੋ ਵੈੱਬਕੈਮ ਅਤੇ ਮਾਊਸ ਦੀ ਹਰਕਤ ਨੂੰ ਟਰੈਕ ਕਰੇਗੀ। ਟੈਸਟ ਪਾਸ ਕਰਨ ਤੋਂ ਬਾਅਦ ਉਮੀਦਵਾਰ ਨੂੰ ਪਛਾਣ ਦੀ ਪੁਸ਼ਟੀ ਕਰਨ, ਅੱਖਾਂ ਦਾ ਟੈਸਟ ਦੇਣ ਅਤੇ ਫੋਟੋ ਖਿਚਵਾਉਣ ਲਈ ਲਾਇਸੈਂਸਿੰਗ ਦਫਤਰ ਜਾਣਾ ਪਵੇਗਾ। ਆਈਸੀਬੀਸੀ ਨੇ ਇਸ ਸਿਸਟਮ ਲਈ ਨਿਊਮੋ ਕੰਪਨੀ ਨਾਲ ਸਮਝੌਤਾ ਕੀਤਾ ਹੈ ਜੋ ਪਹਿਲਾਂ ਹੀ 23 ਵੱਖ ਵੱਖ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਆਈਸੀਬੀਸੀ ਦੇ ਪ੍ਰਧਾਨ ਜੇਸਨ ਮੈਕਡੈਨੀਅਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ 2027 ਤੱਕ ਲਾਇਸੈਂਸ ਰੀਨਿਊ ਕਰਨ ਦੀ ਸਹੂਲਤ ਵੀ ਆਨਲਾਈਨ ਕੀਤੀ ਜਾਵੇਗੀ। ਇਸ ਨਾਲ ਆਈਸੀਬੀਸੀ ਦੇ ਕਰਮਚਾਰੀਆਂ ਉੱਤੇ ਕੰਮ ਦਾ ਬੋਝ ਘਟੇਗਾ ਅਤੇ ਉਹ ਹੋਰ ਜ਼ਰੂਰੀ ਕੰਮਾਂ ਵੱਲ ਧਿਆਨ ਦੇ ਸਕਣਗੇ। This report was written by Divroop Kaur as part of the Local Journalism Initiative.

Popular