Thursday, August 13, 2026

ਕੈਨੇਡਾ ਵਿੱਚ ਜੰਗਲੀ ਅੱਗ ਦੇ ਖਤਰੇ ਨੂੰ ਦੇਖਦਿਆਂ ਨਵੇਂ ਫਾਇਰਫਾਈਟਿੰਗ ਜਹਾਜ਼ਾਂ ਦੀ ਮੰਗ ਉੱਠੀ

ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਲਗਾਤਾਰ ਵੱਧ ਰਹੇ ਜੰਗਲੀ ਅੱਗ ਦੇ ਖਤਰਿਆਂ ਨਾਲ ਨਜਿੱਠਣ ਲਈ ਸੈਨੇਟ ਦੀ ਖੇਤੀਬਾੜੀ ਅਤੇ ਜੰਗਲਾਤ ਕਮੇਟੀ ਨੇ ਇੱਕ ਅਹਿਮ ਰਿਪੋਰਟ ਜਾਰੀ ਕੀਤੀ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਫੈਡਰਲ ਸਰਕਾਰ ਨੂੰ ਜੰਗਲੀ ਅੱਗ ਦੀਆਂ ਐਮਰਜੈਂਸੀ ਸਥਿਤੀਆਂ ਦੌਰਾਨ ਬਿਹਤਰ ਤਾਲਮੇਲ ਲਈ ਇੱਕ ਕੇਂਦਰੀ ਦਫ਼ਤਰ ਬਣਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਔਟਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਮੇਟੀ ਦੀ ਚੇਅਰਪਰਸਨ ਸੈਨੇਟਰ ਮੈਰੀ ਰੌਬਿਨਸਨ ਨੇ ਕਿਹਾ ਕਿ ਕੈਨੇਡਾ ਜੀ7 ਦੇਸ਼ਾਂ ਵਿੱਚੋਂ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਅੱਗ ਬੁਝਾਉਣ ਦੇ ਕੰਮਾਂ ਦੀ ਨਿਗਰਾਨੀ ਅਤੇ ਤਾਲਮੇਲ ਲਈ ਫੈਡਰਲ ਪੱਧਰ ‘ਤੇ ਕੋਈ ਠੋਸ ਪ੍ਰਬੰਧ ਨਹੀਂ ਹੈ। ਲਗਭਗ 6 ਮਹੀਨੇ ਪਹਿਲਾਂ ਸਰਕਾਰ ਨੇ ਆਫ਼ਤ ਪ੍ਰਬੰਧਨ ਲਈ ਇੱਕ ਨਵਾਂ ਰਾਸ਼ਟਰੀ ਕੇਂਦਰ ਸ਼ੁਰੂ ਕੀਤਾ ਸੀ ਪਰ ਸੈਨੇਟ ਦੀ ਰਿਪੋਰਟ ਵਿੱਚ ਸਰਕਾਰ ਨੂੰ ਵਧੇਰੇ ਲੀਡਰਸ਼ਿਪ ਵਾਲੀ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਹੈ। ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਜ਼ ਦੇ ਪ੍ਰਧਾਨ ਕੇਨ ਮੈਕਮੁਲਨ ਨੇ ਦੱਸਿਆ ਕਿ ਮੌਜੂਦਾ ਸਿਸਟਮ ਵਿੱਚ ਪਹਿਲਾਂ ਮਿਊਂਸੀਪਲ ਪੱਧਰ ‘ਤੇ ਕਾਰਵਾਈ ਹੁੰਦੀ ਹੈ ਅਤੇ ਫਿਰ ਸੂਬਾਈ ਪੱਧਰ ਤੋਂ ਹੁੰਦੀ ਹੋਈ ਫੈਡਰਲ ਮਦਦ ਮੰਗੀ ਜਾਂਦੀ ਹੈ ਜਿਸ ਨਾਲ ਬਹੁਤ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਫੈਡਰਲ ਸਰਕਾਰ ਵੱਲੋਂ ਪਿਛਲੇ ਮਹੀਨੇ 10 ਹਵਾਈ ਜਹਾਜ਼ ਲੀਜ਼ ‘ਤੇ ਲੈਣ ਦਾ ਐਲਾਨ ਕੀਤਾ ਗਿਆ ਸੀ ਜਿਨ੍ਹਾਂ ਵਿੱਚ 4 ਏਅਰ ਟੈਂਕਰ, 1 ਸਪਾਟਰ ਪਲੇਨ ਅਤੇ 5 ਹੈਵੀ ਲਿਫਟ ਹੈਲੀਕਾਪਟਰ ਸ਼ਾਮਲ ਹਨ। ਇਹ ਜਹਾਜ਼ 150 ਦਿਨਾਂ ਲਈ ਲਏ ਗਏ ਹਨ। ਪਰ ਸੈਨੇਟਰ ਰੌਬਿਨਸਨ ਦਾ ਮੰਨਣਾ ਹੈ ਕਿ ਸਿਰਫ ਜਹਾਜ਼ ਲੀਜ਼ ‘ਤੇ ਲੈਣਾ ਕਾਫੀ ਨਹੀਂ ਹੈ ਸਗੋਂ ਕੈਨੇਡਾ ਨੂੰ ਆਪਣੇ ਖੁਦ ਦੇ ਜਹਾਜ਼ ਖਰੀਦਣੇ ਚਾਹੀਦੇ ਹਨ ਤਾਂ ਜੋ ਦੇਸ਼ ਅੱਗ ਬੁਝਾਉਣ ਦੇ ਮਾਮਲੇ ਵਿੱਚ ਆਤਮ ਨਿਰਭਰ ਹੋ ਸਕੇ। This report was written by Divroop Kaur as part of the Local Journalism Initiative.

Popular