ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀ ਸੁਤੰਤਰ ਪੁਲਿਸ ਨਿਗਰਾਨ ਸੰਸਥਾ (Independent Investigations Office – IIO) ਨੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੀ ਹਿਰਾਸਤ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਵਾਚਡੌਗ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਘਟਨਾ ਦੀ ਪੁਸ਼ਟੀ ਕੀਤੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਉਕਤ ਵਿਅਕਤੀ ਨੂੰ ਵੈਨਕੂਵਰ ਪੁਲਿਸ ਨੇ 14 ਜੂਨ ਦੀ ਦੁਪਹਿਰ ਲਗਭਗ 3 ਵਜੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਵੈਨਕੂਵਰ ਜੇਲ੍ਹ ਦੀ ਕੋਠੜੀ ਵਿੱਚ ਰੱਖਿਆ ਗਿਆ ਸੀ।
ਅਗਲੀ ਸਵੇਰ 15 ਜੂਨ ਨੂੰ ਲਗਭਗ 8 ਵਜੇ ਜਦੋਂ ਜੇਲ੍ਹ ਸਟਾਫ ਨੇ ਦੇਖਿਆ, ਤਾਂ ਉਹ ਵਿਅਕਤੀ ਕੋਈ ਹਰਕਤ ਨਹੀਂ ਕਰ ਰਿਹਾ ਸੀ ਅਤੇ ਬੇਹੋਸ਼ ਪਿਆ ਸੀ। ਵੈਨਕੂਵਰ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਤੁਰੰਤ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਨੂੰ ਸੂਚਿਤ ਕੀਤਾ, ਪਰ ਮੌਕੇ ‘ਤੇ ਪਹੁੰਚੇ ਪੈਰਾਮੈਡਿਕਸ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਵਿਭਾਗ ਨੇ ਆਈਆਈਓ ਨੂੰ ਮਾਮਲੇ ਦੀ ਸੂਚਨਾ ਦਿੱਤੀ।
ਨਿਗਰਾਨ ਸੰਸਥਾ ਇਸ ਸਮੇਂ ਦੋ ਮੁੱਖ ਪਹਿਲੂਆਂ ‘ਤੇ ਕੇਂਦਰਿਤ ਹੋ ਕੇ ਜਾਂਚ ਕਰ ਰਹੀ ਹੈ। ਪਹਿਲਾ ਇਹ ਕਿ ਕੀ ਮੌਤ ਦਾ ਕਾਰਨ ਸਰੀਰਕ ਸੱਟ ਜਾਂ ਕੋਈ ਗੰਭੀਰ ਨੁਕਸਾਨ ਸੀ, ਅਤੇ ਦੂਜਾ ਇਹ ਕਿ ਇਸ ਘਟਨਾ ਦਾ ਪੁਲਿਸ ਅਧਿਕਾਰੀਆਂ ਦੀ ਕਿਸੇ ਕਾਰਵਾਈ ਜਾਂ ਲਾਪਰਵਾਹੀ ਨਾਲ ਕੋਈ ਸਿੱਧਾ ਸਬੰਧ ਹੈ ਜਾਂ ਨਹੀਂ। ਮਾਮਲੇ ਦੀ ਨਿਰਪੱਖ ਜਾਂਚ ਲਈ ਸਾਰੇ ਸਬੂਤ ਅਤੇ ਜੇਲ੍ਹ ਦੇ ਰਿਕਾਰਡ ਇਕੱਠੇ ਕੀਤੇ ਜਾ ਰਹੇ ਹਨ। This report was written by Divroop Kaur as part of the Local Journalism Initiative.

