Thursday, August 13, 2026

ਘਰੇਲੂ ਹਿੰਸਾ ਖ਼ਿਲਾਫ਼ ਬੇਲੀਜ਼ ਲਾਅ ਬਿੱਲ C-225 ਸੈਨੇਟ ਵਿੱਚ ਸਰਬਸੰਮਤੀ ਨਾਲ ਪਾਸ

ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਇੰਟੀਮੇਟ ਪਾਰਟਨਰ ਵਾਇਲੈਂਸ (ਘਰੇਲੂ ਹਿੰਸਾ) ਵਿਰੁੱਧ ਬਣਾਏ ਗਏ ਬਿੱਲ C-225, ਜਿਸ ਨੂੰ ‘ਬੇਲੀਜ਼ ਲਾਅ’ ਵੀ ਕਿਹਾ ਜਾਂਦਾ ਹੈ, ਨੇ ਸੈਨੇਟ ਵਿੱਚ ਆਪਣੀ ਤੀਜੀ ਰੀਡਿੰਗ ਸਫ਼ਲਤਾਪੂਰਵਕ ਪਾਸ ਕਰ ਲਈ ਹੈ। ਅਪ੍ਰੈਲ ਮਹੀਨੇ ਹਾਊਸ ਆਫ ਕਾਮਨਜ਼ ਵਿੱਚ ਤਿੰਨ ਰੀਡਿੰਗਾਂ ਪੂਰੀਆਂ ਹੋਣ ਤੋਂ ਬਾਅਦ, ਇਸ ਬਿੱਲ ਨੂੰ ਤੇਜ਼ੀ ਨਾਲ ਸੈਨੇਟ ਵਿੱਚ ਭੇਜਿਆ ਗਿਆ ਸੀ, ਜਿੱਥੇ 16 ਜੂਨ ਨੂੰ ਇਸ ਨੂੰ ਹਰੀ ਝੰਡੀ ਮਿਲ ਗਈ।
ਇਸ ਇਤਿਹਾਸਕ ਐਕਟ ਨੂੰ ਕਾਮਲੂਪਸ-ਥੌਂਪਸਨ-ਨਿਕੋਲਾ ਦੇ ਐਮਪੀ ਫ੍ਰੈਂਕ ਕੈਪੂਟੋ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਕਾਨੂੰਨ ਦਾ ਨਾਮ ਬੇਲੀ ਮੈਕਕੋਰਟ ਦੀ ਯਾਦ ਵਿੱਚ ਰੱਖਿਆ ਗਿਆ ਹੈ, ਜਿਸ ਦੀ 4 ਜੁਲਾਈ 2025 ਨੂੰ ਇੱਕ ਪਾਰਕਿੰਗ ਲਾਟ ਵਿੱਚ ਹੋਏ ਹਿੰਸਕ ਹਮਲੇ ਦੌਰਾਨ ਮੌਤ ਹੋ ਗਈ ਸੀ। ਬੇਲੀ ਦਾ ਸਾਬਕਾ ਪਤੀ ਜੇਮਸ ਪਲੋਵਰ ਇਸ ਸਮੇਂ ਫਸਟ-ਡਿਗਰੀ ਮਰਡਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਨਵਾਂ ਐਕਟ ਕ੍ਰਿਮੀਨਲ ਕੋਡ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰੇਗਾ, ਜਿਸ ਦੇ ਤਹਿਤ ਜ਼ਬਰਦਸਤੀ ਕੰਟਰੋਲ (ਕੋਅਰਸਿਵ ਕੰਟਰੋਲ) ਦੇ ਇਤਿਹਾਸ ਵਾਲੇ ਮਾਮਲਿਆਂ ਵਿੱਚ ਹੱਤਿਆ ਦੇ ਦੋਸ਼ਾਂ ਨੂੰ ਫਸਟ-ਡਿਗਰੀ ਮਰਡਰ ਵਜੋਂ ਸ਼੍ਰੇਣੀਬੱਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਘਰੇਲੂ ਹਿੰਸਾ ਨਾਲ ਜੁੜੇ ਗੈਰ-ਇਰਾਦਤਨ ਹੱਤਿਆ (ਮੈਨਸਲਾਟਰ) ਦੇ ਮਾਮਲਿਆਂ ਵਿੱਚ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਉਮਰ ਕੈਦ ਦੀ ਵਿਵਸਥਾ ਦਾ ਪ੍ਰਸਤਾਵ ਹੈ।
ਐਮਪੀ ਕੈਪੂਟੋ ਨੇ ਕਿਹਾ ਕਿ ਇਹ ਕੈਨੇਡੀਅਨ ਇਤਿਹਾਸ ਵਿੱਚ ਘਰੇਲੂ ਹਿੰਸਾ ਦੇ ਕਾਨੂੰਨ ਵਿੱਚ ਸਭ ਤੋਂ ਅਹਿਮ ਤਬਦੀਲੀ ਹੋ ਸਕਦੀ ਹੈ। ਸੈਨੇਟ ਦੀ ਬੈਠਕ ਦੌਰਾਨ ਸੈਨੇਟਰ ਫੈਬੀਅਨ ਮੈਨਿੰਗ ਨੇ ਇਸ ਬਿੱਲ ਨੂੰ ਹਜ਼ਾਰਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬੇਹੱਦ ਜ਼ਰੂਰੀ ਦੱਸਿਆ। ਸੈਨੇਟ ਵਿੱਚ ਇਸ ਬਿੱਲ ਦੇ ਪਾਸ ਹੋਣ ‘ਤੇ ਮੈਂਬਰਾਂ ਵੱਲੋਂ ਖੜ੍ਹੇ ਹੋ ਕੇ ਤਾਲੀਆਂ ਵਜਾਈਆਂ ਗਈਆਂ ਅਤੇ ਹੁਣ ਇਸ ਨੂੰ ਰਾਇਲ ਐਸੈਂਟ (ਸ਼ਾਹੀ ਮੰਜ਼ੂਰੀ) ਲਈ ਭੇਜਿਆ ਜਾਵੇਗਾ। This report was written by Divroop Kaur as part of the Local Journalism Initiative.

Popular