ਸਰੀ, (ਦਿਵਰੂਪ ਕੌਰ): ਡੈਲਟਾ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਵਸਨੀਕਾਂ ਨੂੰ ਜਲਦੀ ਹੀ ਆਪਣੇ ਸਥਾਨਕ ਖੇਤਰ ਵਿੱਚ ਐਮਆਰਆਈ (MRI) ਸੇਵਾਵਾਂ ਦੀ ਸਹੂਲਤ ਮਿਲਣ ਜਾ ਰਹੀ ਹੈ। ਡੈਲਟਾ ਹਸਪਤਾਲ ਨੇ ਹਸਪਤਾਲ ਪਰਿਸਰ ਵਿੱਚ ਇੱਕ ਨਵੀਂ ਐਮਆਰਆਈ ਮਸ਼ੀਨ ਸਥਾਪਤ ਕਰਨ ਅਤੇ ਡਾਇਗਨੋਸਟਿਕ ਇਮੇਜਿੰਗ ਸੇਵਾਵਾਂ ਦਾ ਵਿਸਥਾਰ ਕਰਨ ਲਈ 18 ਮਿਲੀਅਨ ਡਾਲਰ ਦੇ ਇੱਕ ਵੱਡੇ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਨਿਵੇਸ਼ ਫ੍ਰੇਜ਼ਰ ਹੈਲਥ, ਡੈਲਟਾ ਹਸਪਤਾਲ ਐਂਡ ਕਮਿਊਨਿਟੀ ਹੈਲਥ ਫਾਊਂਡੇਸ਼ਨ ਅਤੇ ਸਥਾਨਕ ਦਾਨੀਆਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ।
ਸਿਹਤ ਮੰਤਰੀ ਜੋਸੀ ਓਸਬੋਰਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਵੀਂ ਮਸ਼ੀਨਰੀ ਨਾਲ ਮਰੀਜ਼ਾਂ ਨੂੰ ਟੈਸਟਾਂ ਲਈ ਦੂਜੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ, ਜਿਸ ਨਾਲ ਉਨ੍ਹਾਂ ਦਾ ਵੇਟਿੰਗ ਟਾਈਮ ਘਟੇਗਾ ਅਤੇ ਬੀਮਾਰੀਆਂ ਦਾ ਜਲਦੀ ਪਤਾ ਲੱਗ ਸਕੇਗਾ। ਇਸ ਨਵੀਂ ਐਮਆਰਆਈ ਯੂਨਿਟ ਰਾਹੀਂ ਸਲਾਨਾ 7,500 ਤੋਂ 10,000 ਤੱਕ ਸਕੈਨ ਕੀਤੇ ਜਾਣ ਦੀ ਉਮੀਦ ਹੈ, ਜੋ ਕੈਂਸਰ, ਨਿਊਰੋਲੋਜੀਕਲ ਸਮੱਸਿਆਵਾਂ ਅਤੇ ਗੰਭੀਰ ਸੱਟਾਂ ਦੇ ਇਲਾਜ ਵਿੱਚ ਮਦਦਗਾਰ ਸਾਬਤ ਹੋਵੇਗੀ।
ਫ੍ਰੇਜ਼ਰ ਹੈਲਥ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਰਮੋਟ ਕੇਲੀ ਨੇ ਇਸ ਪ੍ਰੋਜੈਕਟ ਲਈ ਫਾਊਂਡੇਸ਼ਨ ਅਤੇ ਦਾਨੀਆਂ ਦਾ ਧੰਨਵਾਦ ਕੀਤਾ। ਫਾਊਂਡੇਸ਼ਨ ਦੀ ਸੀਈਓ ਲੀਸਾ ਹੋਗਲੰਡ ਨੇ ਦੱਸਿਆ ਕਿ ਡੈਲਟਾ ਵਿੱਚ ਇਸ ਸੇਵਾ ਦੀ ਲੰਬੇ ਸਮੇਂ ਤੋਂ ਮੰਗ ਸੀ ਅਤੇ ਇਸ ਪਤਝੜ ਵਿੱਚ ਫੰਡ ਇਕੱਠਾ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਹ ਪ੍ਰੋਜੈਕਟ ਦਸੰਬਰ 2028 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਫ੍ਰੇਜ਼ਰ ਹੈਲਥ ਵੱਲੋਂ ਪੀਸ ਆਰਕ ਹਸਪਤਾਲ, ਸਰੀ ਮੈਮੋਰੀਅਲ ਹਸਪਤਾਲ, ਬਰਨਬੀ ਹਸਪਤਾਲ ਅਤੇ ਰੌਇਲ ਕੋਲੰਬੀਅਨ ਹਸਪਤਾਲ ਵਿੱਚ ਵੀ ਨਵੀਆਂ ਸੀਟੀ ਅਤੇ ਐਮਆਰਆਈ ਮਸ਼ੀਨਾਂ ਲਗਾ ਕੇ ਸਿਹਤ ਸੇਵਾਵਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। This report was written by Divroop Kaur as part of the Local Journalism Initiative.

