ਸਰੀ, (ਦਿਵਰੂਪ ਕੌਰ): ਬੱਚਿਆਂ ਅਤੇ ਨੌਜਵਾਨਾਂ ਲਈ ਇੱਕ ਭਲਾਈ ਯੋਜਨਾ ਦੀ ਮੰਗ ਤੋਂ ਦੋ ਸਾਲ ਬਾਅਦ, ਸੂਬਾ ਸਰਕਾਰ ਨੇ ਆਖਰਕਾਰ ਇੱਕ ਨਵੀਂ ਕਾਰਜ ਯੋਜਨਾ ਜਾਰੀ ਕਰ ਦਿੱਤੀ ਹੈ। ਬਾਲ ਅਤੇ ਪਰਿਵਾਰ ਵਿਕਾਸ ਮੰਤਰੀ ਜੋਡੀ ਵਿਕਨਜ਼ ਨੇ ਵੈਨਕੂਵਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਚਾਈਲਡ ਐਂਡ ਯੂਥ ਵੈੱਲ-ਬੀਇੰਗ ਐਕਸ਼ਨ ਪਲਾਨ ਅਤੇ ਆਊਟਕਮਜ਼ ਫਰੇਮਵਰਕ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਅਟਾਰਨੀ ਜਨਰਲ ਨਿਕੀ ਸ਼ਰਮਾ ਅਤੇ ਬੱਚਿਆਂ ਅਤੇ ਨੌਜਵਾਨਾਂ ਦੇ ਪ੍ਰਤੀਨਿਧੀ ਡਾ. ਜੈਨੀਫਰ ਚਾਰਲਸਵਰਥ ਵੀ ਮੌਜੂਦ ਸਨ। ਡਾ. ਚਾਰਲਸਵਰਥ ਨੇ ਜੁਲਾਈ 2024 ਵਿੱਚ ‘ਡੌਂਟ ਲੁੱਕ ਅਵੇ’ ਨਾਮਕ ਰਿਪੋਰਟ ਜਾਰੀ ਕਰਕੇ ਇਸ ਯੋਜਨਾ ਦੀ ਮੰਗ ਕੀਤੀ ਸੀ। ਇਹ ਰਿਪੋਰਟ ਫੋਸਟਰ ਕੇਅਰ ਵਿੱਚ ਰਹਿ ਰਹੇ ਇੱਕ 11 ਸਾਲਾ ਆਦਿਵਾਸੀ ਬੱਚੇ ‘ਕੋਲਬੀ’ ਦੀ ਦਰਦਨਾਕ ਮੌਤ ਅਤੇ 14 ਹੋਰ ਬੱਚਿਆਂ ਨਾਲ ਹੋਈ ਹਿੰਸਾ ਦੀਆਂ ਘਟਨਾਵਾਂ ‘ਤੇ ਅਧਾਰਤ ਸੀ। ਚਾਰਲਸਵਰਥ ਨੇ ਕਿਹਾ ਕਿ ਹਾਲਾਂਕਿ ਇਸ ਯੋਜਨਾ ਨੂੰ ਤਿਆਰ ਕਰਨ ਵਿੱਚ ਦੋ ਸਾਲ ਦਾ ਸਮਾਂ ਲੱਗਿਆ, ਪਰ ਸਿਸਟਮ ਦੀ ਮਾਨਸਿਕਤਾ ਨੂੰ ਬਦਲਣ ਅਤੇ ਬੱਚਿਆਂ ਨੂੰ ਕੇਂਦਰ ਵਿੱਚ ਰੱਖਣ ਲਈ ਇਹ ਸਮਾਂ ਜ਼ਰੂਰੀ ਸੀ। ਇਸ ਨਵੀਂ ਯੋਜਨਾ ਦਾ ਉਦੇਸ਼ ਵੱਖ-ਵੱਖ ਮੰਤਰਾਲਿਆਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ ਤਾਂ ਜੋ ਬੀਸੀ ਵਿੱਚ ਬੱਚਿਆਂ ਅਤੇ ਪਰਿਵਾਰਾਂ ਨੂੰ ਇੱਕ ਤਾਲਮੇਲ ਵਾਲੀ ਸਰਕਾਰੀ ਪ੍ਰਣਾਲੀ ਰਾਹੀਂ ਸਹਾਇਤਾ ਮਿਲ ਸਕੇ। ਮੰਤਰੀ ਵਿਕਨਜ਼ ਨੇ ਦੱਸਿਆ ਕਿ ਕਨੈਕਟਡ ਸਰਵਿਸਿਜ਼ ਬੀਸੀ ਨਾਲ ਭਾਈਵਾਲੀ ਤਹਿਤ ਜਾਣਕਾਰੀ ਸਾਂਝੀ ਕਰਨ ਦੀ ਪ੍ਰਣਾਲੀ ਨੂੰ ਸੁਧਾਰਿਆ ਜਾ ਰਿਹਾ ਹੈ, ਤਾਂ ਜੋ ਪਰਿਵਾਰਾਂ ਨੂੰ ਵੱਖ-ਵੱਖ ਮੰਤਰਾਲਿਆਂ ਦੇ ਚੱਕਰ ਨਾ ਕੱਟਣੇ ਪੈਣ। ਅਟਾਰਨੀ ਜਨਰਲ ਨਿਕੀ ਸ਼ਰਮਾ ਨੇ ਕਿਹਾ ਕਿ ਨਿਆਂ, ਸਿਹਤ, ਸਿੱਖਿਆ ਅਤੇ ਸਮਾਜਿਕ ਸਹਾਇਤਾ ਪ੍ਰਣਾਲੀਆਂ ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕੀਤਾ ਜਾਵੇਗਾ। ਇਹ ਯੋਜਨਾ ਘਰੇਲੂ ਹਿੰਸਾ ਦੇ ਪੀੜਤਾਂ ਅਤੇ ਪਰਿਵਾਰਾਂ ਲਈ ਨਿਆਂ ਤੱਕ ਪਹੁੰਚ ਨੂੰ ਆਸਾਨ ਬਣਾਉਣ ਦੇ ਕੰਮ ਵਿੱਚ ਵੀ ਮਦਦ ਕਰੇਗੀ। ਨੌਜਵਾਨ ਸਲਾਹਕਾਰ ਕਮੇਟੀ ਦੇ ਮੈਂਬਰ ਅਲੈਕਸ ਟਰਪਿਨ ਨੇ ਕਿਹਾ ਕਿ ਅਜਿਹੀ ਤਾਲਮੇਲ ਵਾਲੀ ਪ੍ਰਣਾਲੀ ਫੋਸਟਰ ਕੇਅਰ ਵਿੱਚ ਰਹਿ ਰਹੇ ਕਈ ਬੱਚਿਆਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਤਬਦੀਲੀ ਲਿਆ ਸਕਦੀ ਹੈ। This report was written by Divroop Kaur as part of the Local Journalism Initiative.

