Thursday, August 13, 2026

ਬੈਂਕ ਗਾਹਕਾਂ ਲਈ ਵੱਡੀ ਰਾਹਤ, ਐਫ.ਸੀ.ਏ.ਸੀ. ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ ਲਈ 56 ਦਿਨਾਂ ਦੀ ਸਮਾਂ-ਸੀਮਾ ਲਾਜ਼ਮੀ

ਸਰੀ, (ਦਿਵਰੂਪ ਕੌਰ): ਫਾਈਨੈਂਸ਼ੀਅਲ ਕੰਜ਼ਿਊਮਰ ਏਜੰਸੀ ਆਫ਼ ਕੈਨੇਡਾ (ਐਫਸੀਏਸੀ) ਵੱਲੋਂ ਬੈਂਕਾਂ ਲਈ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਇੱਕ ਸੰਸ਼ੋਧਿਤ ਗਾਈਡਲਾਈਨ ਜਾਰੀ ਕੀਤੀ ਗਈ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਬੈਂਕਾਂ ਨੂੰ ਖਪਤਕਾਰਾਂ ਦੀ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ ਕਾਨੂੰਨੀ ਤੌਰ ‘ਤੇ ਤੈਅ 56 ਦਿਨਾਂ ਦੀ ਮਿਆਦ ਦੇ ਅੰਦਰ ਹੀ ਕਰਨਾ ਪਵੇਗਾ। ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਬੈਂਕ ਇਸ 56 ਦਿਨਾਂ ਦੀ ਮਿਆਦ ਨੂੰ ਕਿਸੇ ਵੀ ਬਹਾਨੇ ਨਾਲ ਰੋਕ ਜਾਂ ਪਾਜ਼ (pause) ਨਹੀਂ ਸਕਦੇ। ਐਫਸੀਏਸੀ ਨੇ ਕਿਹਾ ਕਿ ਖਪਤਕਾਰਾਂ ਲਈ ਵਧੇਰੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਬੈਂਕਾਂ ਨੂੰ ਇਹ ਸਪਸ਼ਟ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਗਾਹਕ ਦੀ ਸ਼ਿਕਾਇਤ ‘ਤੇ ਆਪਣਾ ਅੰਤਿਮ ਜਵਾਬ ਕਦੋਂ ਦਿੱਤਾ ਹੈ। ਜੇਕਰ ਕੋਈ ਸ਼ਿਕਾਇਤ ਬੈਂਕ ਦੀ ਪਹਿਲੀ ਪ੍ਰਕਿਰਿਆ ਦੌਰਾਨ ਹੱਲ ਨਹੀਂ ਹੁੰਦੀ, ਤਾਂ ਬੈਂਕ ਨੂੰ ‘ਨੋਟਿਸ ਆਫ਼ ਫਾਈਨਲ ਡਿਸੀਜ਼ਨ’ (ਅੰਤਿਮ ਫੈਸਲੇ ਦਾ ਨੋਟਿਸ) ਜਾਰੀ ਕਰਨਾ ਪਵੇਗਾ। ਇਸ ਦੇ ਨਾਲ ਹੀ ਗਾਹਕਾਂ ਨੂੰ ਇਹ ਜਾਣਕਾਰੀ ਦੇਣੀ ਹੋਵੇਗੀ ਕਿ ਉਹ ਆਪਣੀ ਸ਼ਿਕਾਇਤ ਨੂੰ ਬਾਹਰੀ ਸ਼ਿਕਾਇਤ ਨਿਵਾਰਨ ਸੰਸਥਾ (ਐਕਸਟਰਨਲ ਕੰਪਲੇਂਟਸ ਬਾਡੀ) ਕੋਲ ਲੈ ਕੇ ਜਾ ਸਕਦੇ ਹਨ। ਇਸ ਸੰਸ਼ੋਧਿਤ ਗਾਈਡਲਾਈਨ ਵਿੱਚ ਬੈਂਕ ਐਕਟ ਦੇ ਤਹਿਤ ਬੈਂਕਾਂ ਦੀ ਇਸ ਜ਼ਿੰਮੇਵਾਰੀ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਉਹ ਨੁਕਸਾਨ ਦੇ ਮਾਮਲੇ ਵਿੱਚ ਗਾਹਕਾਂ ਨੂੰ ਸਮੇਂ ਸਿਰ ਮੁਆਵਜ਼ਾ ਜਾਂ ਰਾਹਤ ਪ੍ਰਦਾਨ ਕਰਨ। ਬੈਂਕ ਐਕਟ ਦੇ ਅਧੀਨ ਬੈਂਕਾਂ ਲਈ ਸ਼ਿਕਾਇਤ ਨਿਪਟਾਰੇ ਦੀਆਂ ਅਜਿਹੀਆਂ ਪ੍ਰਕਿਰਿਆਵਾਂ ਸਥਾਪਿਤ ਕਰਨਾ ਲਾਜ਼ਮੀ ਹੈ ਜੋ ਕਮਿਸ਼ਨਰ ਦੀਆਂ ਸ਼ਰਤਾਂ ਮੁਤਾਬਕ ਸਹੀ ਹੋਣ। ਇਸ ਕੰਮ ਲਈ ਕੈਨੇਡਾ ਵਿੱਚ ਬੈਂਕ ਦੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਵਿਸ਼ੇਸ਼ ਤੌਰ ‘ਤੇ ਨਾਮਜ਼ਦ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬੈਂਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਿਕਾਇਤ ਪ੍ਰਕਿਰਿਆ ਦੌਰਾਨ ਕਿਸੇ ਵੀ ਗੁੰਮਰਾਹਕੁੰਨ ਭਾਸ਼ਾ ਦੀ ਵਰਤੋਂ ਨਾ ਕਰਨ। ਬੈਂਕਾਂ ਨੂੰ ਆਪਣੀਆਂ ਸੋਧੀਆਂ ਹੋਈਆਂ ਪ੍ਰਕਿਰਿਆਵਾਂ ਦੀ ਇੱਕ ਕਾਪੀ ਕਮਿਸ਼ਨਰ ਕੋਲ ਜਮ੍ਹਾਂ ਕਰਾਉਣੀ ਪਵੇਗੀ ਅਤੇ ਗਾਹਕ ਨੂੰ ਸ਼ਿਕਾਇਤ ਪ੍ਰਾਪਤ ਹੋਣ ਦੀ ਮਿਤੀ ਬਾਰੇ ਲਿਖਤੀ ਰੂਪ ਵਿੱਚ ਸੂਚਿਤ ਕਰਨਾ ਹੋਵੇਗਾ। ਇਹ ਨਵੇਂ ਨਿਯਮ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਲਿਆਂਦੇ ਗਏ ਹਨ। This report was written by Divroop Kaur as part of the Local Journalism Initiative.

Popular