Saturday, July 11, 2026

ਨਵੇਂ ਕਾਨੂੰਨ ਤਹਿਤ ਮਿਲੀ ਸਿਟੀਜ਼ਨਸ਼ਿਪ ਆਈ ਘੇਰੇ ਵਿੱਚ, 4100 ਅਰਜ਼ੀਆਂ ਦੀ ਮੁੜ ਹੋਵੇਗੀ ਸਮੀਖਿਆ

ਸਰੀ, (ਦਿਵਰੂਪ ਕੌਰ): ਇਮੀਗ੍ਰੇਸ਼ਨ ਮੰਤਰੀ ਲੀਨਾ ਦੀਆਬ ਨੇ ਦੱਸਿਆ ਹੈ ਕਿ ਨਾਗਰਿਕਤਾ ਦਸਤਾਵੇਜ਼ਾਂ ਦੀ ਵਾਪਸੀ (ਰੀਕਾਲ) ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਿਭਾਗ ਨੂੰ ਇਸ ਦੀ ਤੁਰੰਤ ਜਾਂਚ ਕਰਨ ਦੇ ਹਦੇਸ਼ ਦਿੱਤੇ ਹਨ। ਮੰਗਲਵਾਰ ਨੂੰ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਅਸਲ ਵਿੱਚ ਕਿਹੜੀ ਖਾਸ ਸਮੱਸਿਆ ਕਾਰਨ ਪਿਛਲੇ ਹਫ਼ਤੇ ਲੋਕਾਂ ਨੂੰ ਆਪਣੀ ਨਾਗਰਿਕਤਾ ਦੇ ਸਬੂਤ ਸਮਰਪਣ ਕਰਨ ਦੇ ਈਮੇਲ ਭੇਜੇ ਗਏ ਸਨ।
ਮੰਤਰੀ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਤਾ ਲੱਗਿਆ, ਉਨ੍ਹਾਂ ਨੇ ਜਾਂਚ ਸ਼ੁਰੂ ਕਰਵਾ ਦਿੱਤੀ। ਫਿਲਹਾਲ ਇਸ ਨਵੇਂ ਨਿਯਮ ਅਧੀਨ ਕਿਸੇ ਵੀ ਨਵੀਂ ਅਰਜ਼ੀ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾ ਰਿਹਾ ਅਤੇ ਸਾਰੀਆਂ ਪੁਰਾਣੀਆਂ ਅਰਜ਼ੀਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਦੇ ਦਸਤਾਵੇਜ਼ ਸਹੀ ਪਾਏ ਜਾ ਰਹੇ ਹਨ, ਉਨ੍ਹਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਕਿਉਂਕਿ ਕੈਨੇਡੀਅਨਾਂ ਲਈ ਇਹ ਜਾਣਨਾ ਬੇਹੱਦ ਅਹਿਮ ਹੈ ਕਿ ਨਾਗਰਿਕਤਾ ਕਿਸ ਨੂੰ ਮਿਲ ਰਹੀ ਹੈ।
ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਹ ਈਮੇਲ ਉਨ੍ਹਾਂ ਕੁਝ ਦਰਜਨ ਲੋਕਾਂ ਨੂੰ ਗਏ ਸਨ, ਜਿਨ੍ਹਾਂ ਨੇ ਇੱਕ ਨਵੇਂ ਕਾਨੂੰਨ ਦੇ ਤਹਿਤ ਨਾਗਰਿਕਤਾ ਹਾਸਲ ਕੀਤੀ ਸੀ। ਇਸ ਕਾਨੂੰਨ ਮੁਤਾਬਕ 15 ਦਸੰਬਰ 2025 ਤੋਂ ਪਹਿਲਾਂ ਪੈਦਾ ਹੋਏ ਲੋਕ ਕੈਨੇਡੀਅਨ ਨਾਗਰਿਕਤਾ ਦਾ ਦਾਅਵਾ ਕਰ ਸਕਦੇ ਹਨ, ਜੇਕਰ ਉਨ੍ਹਾਂ ਦਾ ਕੋਈ ਸਿੱਧਾ ਪੂਰਵਜ (ਐਨਸੈਸਟਰ) ਕੈਨੇਡੀਅਨ ਰਿਹਾ ਹੋਵੇ। ਪ੍ਰਭਾਵਿਤ ਲੋਕਾਂ ਵਿੱਚੋਂ ਕੁਝ, ਜਿਨ੍ਹਾਂ ਨੇ ਪਾਸਪੋਰਟ ਵੀ ਹਾਸਲ ਕਰ ਲਏ ਸਨ, ਨੂੰ ਹੁਣ ਉਹ ਪਾਸਪੋਰਟ ਅਵੈਧ ਹੋਣ ਕਾਰਨ ਵਾਪਸ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ।
ਨਵੇਂ ਕਾਨੂੰਨ ਦੇ ਤਹਿਤ ਹੁਣ ਤੱਕ ਸਫਲ ਰਹੀਆਂ ਸਾਰੀਆਂ 4,100 ਨਾਗਰਿਕਤਾ ਅਰਜ਼ੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਕੁਝ ਲੋਕਾਂ ਨੂੰ ਵੀਕੈਂਡ ਦੌਰਾਨ ਦੁਬਾਰਾ ਈਮੇਲ ਮਿਲੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਮੰਤਰੀ ਨੇ ਭਰੋਸਾ ਦਿੱਤਾ ਕਿ ਜਿਹੜੇ ਲੋਕ ਨਾਗਰਿਕਤਾ ਦਾ ਸਬੂਤ ਮਿਲਣ ਤੋਂ ਬਾਅਦ ਕੈਨੇਡਾ ਆ ਚੁੱਕੇ ਹਨ, ਉਨ੍ਹਾਂ ਦਾ ਸਟੇਟਸ ਜਾਂਚ ਦੌਰਾਨ ਬਰਕਰਾਰ ਰਹੇਗਾ ਅਤੇ ਉਹ ਆਪਣਾ ਕੰਮ ਜਾਰੀ ਰੱਖ ਸਕਣਗੇ। ਵਿਭਾਗ ਇਸ ਜਾਂਚ ਲਈ ਪੂਰਾ ਸਮਾਂ ਲਵੇਗਾ ਤਾਂ ਜੋ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਸਕੇ। This report was written by Divroop Kaur as part of the Local Journalism Initiative.

Popular