Thursday, September 10, 2026

ਵੈਨਕੂਵਰ ਵਿੱਚ ਏ.ਆਈ. ਡੇਟਾ ਸੈਂਟਰਾਂ ਦੇ ਵਿਰੋਧ ਵਿੱਚ 27 ਜੂਨ ਨੂੰ ਹੋਵੇਗਾ ਰੋਸ ਪ੍ਰਦਰਸ਼ਨ

ਸਰੀ, (ਦਿਵਰੂਪ ਕੌਰ): ਵੈਨਕੂਵਰ ਵਿੱਚ ਪ੍ਰਸਤਾਵਿਤ ਏ.ਆਈ. ਡੇਟਾ ਸੈਂਟਰਾਂ ਦੇ ਨੈੱਟਵਰਕ ਖਿਲਾਫ ਸ਼ਨੀਵਾਰ 27 ਜੂਨ ਨੂੰ ਇੱਕ ਹੋਰ ਮੁਜ਼ਾਹਰਾ ਹੋਣ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਕਾਰਨ ਡਾਊਨਟਾਊਨ ਅਤੇ ਫੇਅਰਵਿਊ ਇਲਾਕਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਵੇਗੀ। ਇਹ ਮੁਜ਼ਾਹਰਾ ਨੋ ਏ.ਆਈ. ਵੈਨਕੂਵਰ ਨਾਮ ਸੰਸਥਾ ਵੱਲੋਂ ਉਲੀਕਿਆ ਗਿਆ ਹੈ। ਇਹ ਸੰਸਥਾ ਟੇਲਸ ਕੰਪਨੀ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਬੁਨਿਆਦੀ ਢਾਂਚਾ ਬਣਾਉਣ ਦੇ ਐਲਾਨ ਤੋਂ ਤੁਰੰਤ ਬਾਅਦ ਹੋਂਦ ਵਿੱਚ ਆਈ ਸੀ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਸ ਸਾਂਝੇ ਵਿਰੋਧ ਦਾ ਮੁੱਖ ਉਦੇਸ਼ ਕਈ ਅਹਿਮ ਚਿੰਤਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਸੰਸਥਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਏ.ਆਈ. ਦੀ ਬੇਲਗਾਮ ਵਰਤੋਂ ਅਣਗਿਣਤ ਕਾਪੀਰਾਈਟ ਕੰਮਾਂ ਦੀ ਚੋਰੀ ਦਾ ਨਤੀਜਾ ਹੈ। ਇਸ ਨੇ ਕੈਨੇਡਾ ਭਰ ਦੇ ਹਜ਼ਾਰਾਂ ਕਲਾਕਾਰਾਂ, ਲੇਖਕਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਵੈਨਕੂਵਰ ਵਿੱਚ ਇਸ ਤਕਨੀਕ ਦਾ ਵਿਕਾਸ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਕਿਉਂਕਿ ਇਹ ਸ਼ਹਿਰ ਕੈਨੇਡਾ ਦੇ ਸਭ ਤੋਂ ਵੱਧ ਰਚਨਾਤਮਕ ਉਦਯੋਗਾਂ ਦਾ ਘਰ ਹੈ। ਪ੍ਰਬੰਧਕਾਂ ਨੇ ਇਹਨਾਂ ਕੇਂਦਰਾਂ ਦੇ ਬਿਜਲੀ ਗਰਿੱਡ ਅਤੇ ਸਥਾਨਕ ਪਾਣੀ ਦੀ ਸਪਲਾਈ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਖੁੱਲ੍ਹੇ ਸਵਾਲ ਉਠਾਏ ਹਨ। ਇਹ ਚਿੰਤਾ ਹੋਰ ਵੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਵੈਨਕੂਵਰ ਇਸ ਸਮੇਂ ਪਾਣੀ ਦੀਆਂ ਪਾਬੰਦੀਆਂ ਦੇ ਸਟੇਜ 3 ਦਾ ਸਾਹਮਣਾ ਕਰ ਰਿਹਾ ਹੈ। ਸ਼ਨੀਵਾਰ 27 ਜੂਨ ਨੂੰ ਦੁਪਹਿਰ 1 ਵਜੇ ਵੈਨਕੂਵਰ ਆਰਟ ਗੈਲਰੀ ਤੋਂ ਇਹ ਪ੍ਰਦਰਸ਼ਨ ਸ਼ੁਰੂ ਹੋਵੇਗਾ। ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਡਾਊਨਟਾਊਨ ਤੋਂ ਕੈਂਬੀ ਸਟਰੀਟ ਅਤੇ ਵੈਸਟ 12 ਐਵੇਨਿਊ ਦੇ ਇੰਟਰਸੈਕਸ਼ਨ ਉੱਤੇ ਸਥਿਤ ਵੈਨਕੂਵਰ ਸਿਟੀ ਹਾਲ ਤੱਕ ਮਾਰਚ ਕਰਨ ਦੀ ਉਮੀਦ ਹੈ। ਨੋ ਏ.ਆਈ. ਵੈਨਕੂਵਰ ਦੇ ਸੰਸਥਾਪਕ ਟੋਰਿਨ ਲਾਰੋਕ ਨੇ ਕਿਹਾ ਕਿ ਇਹ ਸਿਰਫ਼ ਇੱਕ ਦਿਨ ਦਾ ਵਿਰੋਧ ਨਹੀਂ ਹੈ। ਉਹਨਾਂ ਲੋਕਾਂ ਨੂੰ ਆਨਲਾਈਨ ਅਤੇ ਨਿੱਜੀ ਤੌਰ ਉੱਤੇ ਪ੍ਰਦਰਸ਼ਨ ਜਾਰੀ ਰੱਖਣ ਦੀ ਅਪੀਲ ਕੀਤੀ।
ਸਿਟੀ ਹਾਲ ਵਿਖੇ ਹੋਣ ਵਾਲੇ ਇਕੱਠ ਵਿੱਚ ਕਈ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਇਹਨਾਂ ਵਿੱਚ ਬੀ.ਸੀ. ਗ੍ਰੀਨ ਪਾਰਟੀ ਦੀ ਆਗੂ ਐਮਿਲੀ ਲੋਵਨ, ਮਿਊਂਸੀਪਲ ਚੋਣ ਉਮੀਦਵਾਰ ਸੋਲੋਮਨ ਯੀ ਕੀਰਨ, ਸਟੈਫਨੀ ਐਲਨ ਅਤੇ ਯੂਨੀਅਨ ਨੁਮਾਇੰਦੇ ਐਡੀ ਪੇਡਰੇਰਾ ਸ਼ਾਮਲ ਹੋਣਗੇ। ਇਸ ਗਰੁੱਪ ਨੇ ਡੇਟਾ ਸੈਂਟਰ ਨੂੰ ਰੋਕਣ ਲਈ ਇੱਕ ਪਟੀਸ਼ਨ ਵੀ ਸਾਂਝੀ ਕੀਤੀ ਹੈ ਜਿਸ ਉੱਤੇ ਹੁਣ ਤੱਕ ਲਗਭਗ 14,000 ਲੋਕਾਂ ਨੇ ਦਸਤਖਤ ਕੀਤੇ ਹਨ। ਵੈਨਕੂਵਰ ਪੁਲਿਸ ਵਿਭਾਗ ਦੇ ਸਾਰਜੈਂਟ ਐਡਮ ਡੋਨਾਲਡਸਨ ਨੇ ਦੱਸਿਆ ਕਿ ਪੁਲਿਸ ਇਸ ਪ੍ਰਦਰਸ਼ਨ ਬਾਰੇ ਜਾਣੂ ਹੈ ਅਤੇ ਪ੍ਰਬੰਧਕਾਂ ਦੇ ਸੰਪਰਕ ਵਿੱਚ ਹੈ। ਸੁਰੱਖਿਆ ਯਕੀਨੀ ਬਣਾਉਣ ਲਈ ਅਧਿਕਾਰੀ ਮੌਜੂਦ ਰਹਿਣਗੇ ਅਤੇ ਸੁਰੱਖਿਅਤ ਮਾਰਚ ਲਈ ਸੜਕਾਂ ਨੂੰ ਆਰਜ਼ੀ ਤੌਰ ਉੱਤੇ ਬੰਦ ਕੀਤਾ ਜਾ ਸਕਦਾ ਹੈ।
ਟੇਲਸ ਨੇ 11 ਮਈ ਨੂੰ ਐਲਾਨ ਕੀਤਾ ਸੀ ਕਿ ਉਹ ਫੈਡਰਲ ਸਰਕਾਰ ਅਤੇ ਵੈਸਟਬੈਂਕ ਨਾਲ ਮਿਲ ਕੇ ਏ.ਆਈ. ਕੇਂਦਰਾਂ ਦੇ ਕਲੱਸਟਰ ਉੱਤੇ ਕੰਮ ਕਰ ਰਹੀ ਹੈ। ਕੰਪਨੀ ਦਾ ਟੀਚਾ 2032 ਤੱਕ 60,000 ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਅਤੇ 150 ਮੈਗਾਵਾਟ ਕੰਪਿਊਟਿੰਗ ਸਮਰੱਥਾ ਤੱਕ ਪਹੁੰਚਣਾ ਹੈ। ਟੇਲਸ ਦੇ ਨੁਮਾਇੰਦੇ ਨੇ ਇਸ ਪ੍ਰੋਜੈਕਟ ਨੂੰ ਰਾਸ਼ਟਰੀ ਸੰਪਤੀ ਦੱਸਦਿਆਂ ਕਿਹਾ ਕਿ ਇਸ ਨਾਲ ਕੈਨੇਡੀਅਨ ਅਰਥਵਿਵਸਥਾ ਵਿੱਚ 9 ਬਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ ਅਤੇ ਦੇਸ਼ ਦਾ ਸੰਵੇਦਨਸ਼ੀਲ ਡੇਟਾ ਸੁਰੱਖਿਅਤ ਰਹੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਸੈਂਟਰ ਰਵਾਇਤੀ ਡੇਟਾ ਸੈਂਟਰਾਂ ਨਾਲੋਂ 80 ਫੀਸਦੀ ਵੱਧ ਊਰਜਾ ਕੁਸ਼ਲ ਹੋਣਗੇ ਅਤੇ 90 ਫੀਸਦੀ ਘੱਟ ਪਾਣੀ ਦੀ ਖਪਤ ਕਰਨਗੇ। ਟੇਲਸ ਮੁਤਾਬਕ ਇਸ ਨਾਲ ਹਰ ਸਾਲ 300 ਮਿਲੀਅਨ ਲੀਟਰ ਪਾਣੀ ਬਚੇਗਾ। ਦੂਜੇ ਪਾਸੇ ਮਾਊਂਟ ਪਲੈਜ਼ੈਂਟ ਦੀ ਵਸਨੀਕ ਸਾਰਾਹ ਫੁੱਟ ਨੇ 5 ਐਵੇਨਿਊ ਉੱਤੇ ਪ੍ਰਸਤਾਵਿਤ ਕੇਂਦਰ ਦਾ ਸਖਤ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਇਸ ਨਾਲ ਸੰਘਣੀ ਆਬਾਦੀ ਵਾਲੇ ਭਾਈਚਾਰੇ ਵਿੱਚ ਰਸਾਇਣਕ ਅਤੇ ਆਵਾਜ਼ ਦਾ ਪ੍ਰਦੂਸ਼ਣ ਫੈਲੇਗਾ ਜੋ ਇਲਾਕੇ ਦੇ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਲਈ ਗੰਭੀਰ ਖਤਰਾ ਬਣ ਸਕਦਾ ਹੈ।

Popular