ਕੈਲੋਨਾ, (ਦਿਵਰੂਪ ਕੌਰ): ਸੈਂਟਰਲ ਓਕਾਨਾਗਨ ਫੂਡ ਬੈਂਕ (ਸੀ.ਓ.ਐਫ.ਬੀ.) ਨੂੰ ਦੇਸ਼ ਦੀ ਨਵੀਂ ਨੈਸ਼ਨਲ ਫੂਡ ਸਿਕਿਉਰਿਟੀ ਰਣਨੀਤੀ ਦੇ ਹਿੱਸੇ ਵਜੋਂ ਫੈਡਰਲ ਸਰਕਾਰ ਵੱਲੋਂ 100,000 ਡਾਲਰ ਦੀ ਫੰਡਿੰਗ ਪ੍ਰਾਪਤ ਹੋਈ ਹੈ। ਇਸ ਰਾਸ਼ੀ ਦਾ ਇੱਕ ਵੱਡਾ ਹਿੱਸਾ ਫੂਡ ਬੈਂਕ ਦੇ ਨਵੇਂ ਫੂਡ ਰੈਸਕਿਊ ਟਰਾਂਸਫਾਰਮੇਸ਼ਨ ਸੈਂਟਰ ‘ਤੇ ਖ਼ਰਚ ਕੀਤਾ ਜਾਵੇਗਾ। ਕੈਲੋਨਾ ਵਿੱਚ ਸਥਿਤ ਇਹ 11,000 ਵਰਗ ਫੁੱਟ ਦਾ ਵੇਅਰਹਾਊਸ ਅਤੇ ਪ੍ਰੋਸੈਸਿੰਗ ਸੈਂਟਰ ਭੋਜਨ ਦੀ ਬਰਬਾਦੀ ਨੂੰ ਘਟਾਉਣ ਅਤੇ ਖ਼ੁਰਾਕੀ ਅਸੁਰੱਖਿਆ ਨਾਲ ਨਜਿੱਠਣ ਲਈ ਤਿਆਰ ਕੀਤਾ ਜਾ ਰਿਹਾ ਹੈ। ਕੈਲੋਨਾ ਦੇ ਮੈਂਬਰ ਪਾਰਲੀਮੈਂਟ ਸਟੀਫਨ ਫੁਰ ਨੇ 30 ਜੂਨ ਨੂੰ ਵੇਅਰਹਾਊਸ ਸਹੂਲਤ ਵਿਖੇ ਇਸ ਵਿੱਤੀ ਮਦਦ ਦਾ ਐਲਾਨ ਕੀਤਾ, ਜੋ ਕੈਨੇਡਾ ਦੇ ਲੋਕਲ ਫੂਡ ਇਨਫਰਾਸਟਰੱਕਚਰ ਫੰਡ ਵਿੱਚੋਂ ਦਿੱਤੀ ਗਈ ਹੈ।
ਐਮ.ਪੀ. ਸਟੀਫਨ ਫੁਰ ਨੇ ਕਿਹਾ ਕਿ ਕੈਨੇਡਾ ਦੀ ਇਸ ਪਹਿਲੀ ਨੈਸ਼ਨਲ ਫੂਡ ਸਿਕਿਉਰਿਟੀ ਰਣਨੀਤੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਕੈਨੇਡੀਅਨ ਦੀ ਕਿਫ਼ਾਇਤੀ ਅਤੇ ਪੌਸ਼ਟਿਕ ਭੋਜਨ ਤੱਕ ਪਹੁੰਚ ਹੋਵੇ। ਸਰਕਾਰ ਵੱਲੋਂ ਨਵੀਨਤਾ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਉਤਪਾਦਕਾਂ ਨੂੰ ਬਾਜ਼ਾਰਾਂ ਨਾਲ ਜੋੜਿਆ ਜਾ ਸਕੇ। ਇਸ ਦੇ ਨਾਲ ਹੀ ਸਪਲਾਈ ਚੇਨ ਅਤੇ ਮੁਕਾਬਲੇਬਾਜ਼ੀ ਵਿੱਚ ਸੁਧਾਰ ਕਰਕੇ ਖਪਤਕਾਰਾਂ ਨੂੰ ਵਧੇਰੇ ਵਿਕਲਪ, ਸਥਾਨਕ ਉਤਪਾਦ ਅਤੇ ਘੱਟ ਲਾਗਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਸਾਰਿਆਂ ਲਈ ਇੱਕ ਮਜ਼ਬੂਤ ਭੋਜਨ ਪ੍ਰਣਾਲੀ ਦਾ ਨਿਰਮਾਣ ਹੋਵੇਗਾ। ਸੈਂਟਰਲ ਓਕਾਨਾਗਨ ਫੂਡ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਟ੍ਰੈਵਰ ਮੌਸ ਅਨੁਸਾਰ ਇਸ ਫੰਡਿੰਗ ਵਿੱਚੋਂ ਲਗਭਗ 30,000 ਡਾਲਰ ਸਥਾਨਕ ਫਸਲਾਂ ਦੀ ਕਟਾਈ ਲਈ ਇੱਕ ਹਾਰਵੈਸਟਰ ਖ਼ਰੀਦਣ ਲਈ ਵਰਤੇ ਜਾਣਗੇ, ਜਦੋਂ ਕਿ ਬਾਕੀ 70,000 ਡਾਲਰ ਨਵੀਂ ਸਹੂਲਤ ਲਈ ਰੈਫ੍ਰਿਜਰੇਟਰ ਅਤੇ ਫ੍ਰੀਜ਼ਰ ਖ਼ਰੀਦਣ ਵੱਲ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਕੋਲਡ ਸਟੋਰੇਜ ਸਪੇਸ ਆਲੂ, ਚੈਰੀ ਅਤੇ ਗਾਜਰ ਵਰਗੇ ਉਤਪਾਦਾਂ ਦੀ ਉਮਰ ਨੂੰ ਚਾਰ ਮਹੀਨਿਆਂ ਤੱਕ ਵਧਾ ਦੇਵੇਗੀ, ਜੋ ਬਿਨਾਂ ਫਰਿੱਜ ਦੇ ਸਿਰਫ਼ ਦੋ ਜਾਂ ਤਿੰਨ ਹਫ਼ਤੇ ਹੀ ਚੱਲ ਸਕਦੇ ਹਨ।
ਇਸ ਪ੍ਰੋਜੈਕਟ ਦਾ ਪਹਿਲਾ ਪੜਾਅ ਸਤੰਬਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ, ਜੋ ਪੂਰੇ ਓਕਾਨਾਗਨ ਖੇਤਰ ਦੇ ਫੂਡ ਬੈਂਕਾਂ ਲਈ ਇੱਕ ਖੇਤਰੀ ਸਟੋਰੇਜ ਯੂਨਿਟ ਵਜੋਂ ਕੰਮ ਕਰੇਗਾ। ਇਸ ਤੋਂ ਬਾਅਦ ਦੂਜੇ ਪੜਾਅ ਵਿੱਚ ਉਸ ਹਿੱਸੇ ਨੂੰ ਵਿਕਸਿਤ ਕਰਨ ‘ਤੇ ਧਿਆਨ ਦਿੱਤਾ ਜਾਵੇਗਾ ਜਿੱਥੇ ਬਰਬਾਦ ਹੋਣ ਵਾਲੇ ਭੋਜਨ ਨੂੰ ਬਚਾ ਕੇ ਪ੍ਰੋਸੈਸ ਕੀਤਾ ਜਾਵੇਗਾ। ਫੂਡ ਬੈਂਕ ਨੂੰ ਉਮੀਦ ਹੈ ਕਿ ਲੋੜੀਂਦੇ ਫੰਡ ਇਕੱਠੇ ਹੋਣ ਤੋਂ ਬਾਅਦ 2027 ਦੀ ਬਸੰਤ ਤੱਕ ਇਸ ਦੂਜੇ ਪੜਾਅ ਨੂੰ ਵੀ ਪੂਰਾ ਕਰ ਲਿਆ ਜਾਵੇਗਾ। ਇਸ 5.5 ਮਿਲੀਅਨ ਡਾਲਰ ਦੇ ਕੁੱਲ ਪ੍ਰੋਜੈਕਟ ਨੂੰ ਹਕੀਕਤ ਵਿੱਚ ਬਦਲਣ ਲਈ ਹੁਣ ਤੱਕ ਲਗਭਗ 1 ਮਿਲੀਅਨ ਡਾਲਰ ਦੀ ਰਾਸ਼ੀ ਜੁਟਾਈ ਜਾ ਚੁੱਕੀ ਹੈ। This report was written by Divroop Kaur as part of the Local Journalism Initiative.

