ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਪਾਵੇਲ ਰਿਵਰ ਦੇ ਕੁਝ ਪਾਰਕਾਂ ਅਤੇ ਜਨਤਕ ਥਾਵਾਂ ਉੱਤੇ ਰਾਤ ਭਰ ਠਹਿਰਨ ਦੀ ਮਨਾਹੀ ਅਤੇ ਹੋਰਾਂ ਵਿੱਚ ਆਗਿਆ ਦੇਣ ਵਾਲਾ ਮਤਾ ਮੰਗਲਵਾਰ ਰਾਤ ਨੂੰ ਸਿਟੀ ਕੌਂਸਲ ਵਿੱਚ ਰੱਦ ਕਰ ਦਿੱਤਾ ਗਿਆ ਹੈ। ਕਾਰਜਕਾਰੀ ਮੇਅਰ ਜਾਰਜ ਡਾਊਟ ਨੇ ਦੱਸਿਆ ਕਿ ਮਈ 2025 ਵਿੱਚ ਪਿਛਲਾ ਸ਼ੈਲਟਰ ਬੰਦ ਹੋਣ ਤੋਂ ਬਾਅਦ ਪਾਰਕਾਂ ਅਤੇ ਜੰਗਲੀ ਖੇਤਰਾਂ ਵਿੱਚ ਪਨਾਹ ਲੈਣ ਵਾਲੇ ਬੇਘਰੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਨਵਾਂ ਡ੍ਰਿਫਟਵੁੱਡ ਸ਼ੈਲਟਰ 40 ਲੋਕਾਂ ਨੂੰ ਰੱਖ ਸਕਦਾ ਹੈ ਪਰ ਇਹ ਸਾਰਿਆਂ ਲਈ ਕਾਫੀ ਨਹੀਂ ਹੈ। ਮਈ 2025 ਤੋਂ ਲੈ ਕੇ ਨਵੇਂ ਸ਼ੈਲਟਰ ਦੇ ਖੁੱਲ੍ਹਣ ਤੱਕ ਸ਼ਹਿਰ ਵਿੱਚ ਬੇਘਰਿਆਂ ਲਈ ਕੋਈ ਢੁਕਵੀਂ ਥਾਂ ਨਹੀਂ ਸੀ। ਪੈਟ ਮਾਰਟਿਨ ਨਾਮ ਦੀ ਇੱਕ ਵਸਨੀਕ ਨੇ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਲੋਕਾਂ ਦਾ ਇਕੱਠ ਕਰਵਾਇਆ ਤਾਂ ਜੋ ਉਹ ਆਪਣੀ ਗੱਲ ਰੱਖ ਸਕਣ। ਮਾਰਟਿਨ ਨੇ ਕਿਹਾ ਕਿ ਉਹ ਇੱਕ ਸੁਰੱਖਿਅਤ ਭਾਈਚਾਰਾ ਚਾਹੁੰਦੇ ਹਨ ਅਤੇ ਮੌਜੂਦਾ ਸਥਿਤੀ ਠੀਕ ਨਹੀਂ ਹੈ। ਵੈਸਟਵਿਊ ਰੇਟਪੇਅਰਜ਼ ਐਸੋਸੀਏਸ਼ਨ ਦੇ ਮਾਰਕ ਸਕਾਟ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਸਲੇ ਦਾ ਬਿਹਤਰ ਹੱਲ ਕੱਢਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਨਿਕੋਲ ਸਟ੍ਰਿਕਲੈਂਡ ਨੇ ਕਿਹਾ ਕਿ ਇਹ ਹਮਦਰਦੀ ਦੀ ਘਾਟ ਨਹੀਂ ਹੈ ਬਲਕਿ ਲੋਕ ਅਸਲ ਹੱਲ ਚਾਹੁੰਦੇ ਹਨ ਨਾ ਕਿ ਸਿਰਫ ਸਮੱਸਿਆ ਨੂੰ ਪਾਰਕਾਂ ਵਿੱਚ ਤਬਦੀਲ ਕਰਨਾ। ਇੱਕ ਬੇਘਰੇ ਵਿਅਕਤੀ ਰੌਬਰਟ ਨੇ ਕਿਹਾ ਕਿ ਉਹ ਸਿਰਫ ਇੱਕ ਬਿਹਤਰ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਅੰਤ ਵਿੱਚ ਕਿਸੇ ਨੇ ਵੀ ਉਪਨਿਯਮ ਨੂੰ ਬਦਲਣ ਦਾ ਸਮਰਥਨ ਨਹੀਂ ਕੀਤਾ। ਡਾਊਟ ਨੇ ਕਿਹਾ ਕਿ ਉਹਨਾਂ ਨੂੰ ਇਸ ਯੋਜਨਾ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੈ। ਕੌਂਸਲਰ ਜਿਮ ਪਾਮ ਨੇ ਕਿਹਾ ਕਿ ਉਹਨਾਂ ਨੇ ਖੁਦ ਕੈਂਪਾਂ ਦਾ ਦੌਰਾ ਕੀਤਾ ਅਤੇ ਉੱਥੋਂ ਦੀ ਹਾਲਤ ਬਹੁਤ ਗੈਰ ਸਿਹਤਮੰਦ ਅਤੇ ਅਸੁਰੱਖਿਅਤ ਸੀ। ਕੌਂਸਲਰ ਟ੍ਰੀਨਾ ਇਸਾਕਸਨ ਨੇ ਵੀ ਸਹਿਮਤੀ ਪ੍ਰਗਟਾਈ ਕਿ ਇਹ ਇੱਕ ਬਹੁਤ ਹੀ ਗੁੰਝਲਦਾਰ ਮੁੱਦਾ ਹੈ ਜਿਸਨੂੰ ਧਿਆਨ ਨਾਲ ਨਜਿੱਠਣ ਦੀ ਲੋੜ ਹੈ। This report was written by Divroop Kaur as part of the Local Journalism Initiative.

