ਚਲੇ ਗਏ ਸੀ ਤੂਸੀਂ, ਕਿਉਂ ਦਿਲ ਲੈ ਗਏ ਮੇਰਾ,
ਭਾਲ ਵਿਚ ਇਸਦੀ, ਪਿਆਰ ਕਰਦਾ ਰਹਾਂਗਾ ਮੈਂ।
ਲੁੱਟ ਗਏ ਇਸ ਮੁਰੀਦ ਕੋਲ, ਕੀ ਹੋਰ ਜੋ ਦੇ ਸਕਾਂ,
ਸੰਗ ਨਗਮੇ, ਸੇ਼ਅਰ, ਇਜ਼ਹਾਰ ਕਰਦਾ ਰਹਾਂਗਾ ਮੈਂ।
ਭਾਲਦਾ, ਭੁੱਲ ਭੁਲਾਂਦਾ, ਪੁੱਜਾਂਗਾ ਦਰ ਤੇਰੇ ਇਕ ਦਿਨ,
ਲੰਘ ਜੰਗਲ ਬੇਲੇ ਪਰਬਤ, ਝਨਾ ਤਰਦਾ ਰਹਾਂਗਾ ਮੈਂ।
ਪਿਆਸਾ ਹਾਂ, ਪਪੀਹੇ ਤਰਾਂ, ਲੱਭਦਾ ਰਹਾਂਗਾ ‘ਬੂੰਦ’,
ਸਬਰ ਨੂੰ ਜਾਣ ਅਮ੍ਰਿਤ , ਘੁੱਟ ਭਰਦਾ ਰਹਾਂਗਾ ਮੈਂ।
ਲੋਕ ਸਮਝਣਗੇ ਹੈ ਪਾਗਲ, ’ਤੇ ਪੱਥਰ ‘ਮੋਤੀ’ ਨਹੀਂ,
ਰੱਖਕੇ ਦਿਲ ‘ਤੇ ਪੱਥਰ, ਸਭ ਜਰਦਾ ਰਹਾਂਗਾ ਮੈਂ।
ਕਿਵੇਂ ਮੁੱਕ ਸਕਦੀ ਹੈ ਯਾਦ, ਪੀਕੇ ਸਬਰ ਦਾ ਘੁੱਟ,
ਸੌ ਵਾਰ ਮਰਕੇ ਵੀ ਜੀਵਾਂਗਾ, ਮਰਦਾ ਰਹਾਂਗਾ ਮੈਂ।
ਸੁਣੋਗੇ ਕਬ਼ਰ ਵਿਚੋਂ ਵੀ, ਪਿਆਰ ਦੀ ਇਹ ਆਵਾਜ਼,
‘ਤੂੰ ਪਿਆਰਾ ਸੀ, ਪਿਆਰਾ ਹੈਂ, ਕਰਦਾ ਰਹਾਂਗਾ ਮੈਂ।
ਜੇ ਮਿੱਟੇ ਦੁਨੀਆਂ ਪਰਲੋ ਦੇ ਦਿਨ, ਨਾਂ ਮਿਟਾਂਗਾ ਮੈ,
ਨਾ ਆ ਮਿਲੋਗੇ ਜਦ ਤਕ, ਯਾਦ ਕਰਦਾ ਰਹਾਂਗਾ ਮੈਂ॥
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

