Thursday, August 13, 2026

ਅਮਰੀਕੀ ਕਾਰਵਾਈ ਅੱਗੇ ਨਹੀਂ ਝੁਕੇਗਾ ਓਨਟਾਰੀਓ : ਪ੍ਰੀਮੀਅਰ ਡੱਗ ਫੋਰਡ

ਸਰੀ, (ਦਿਵਰੂਪ ਕੌਰ): ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕੈਨੇਡਾ ਵੱਲੋਂ ਅਮਰੀਕੀ ਸ਼ਰਾਬ ਦੇ ਬਾਈਕਾਟ ਦੇ ਮਾਮਲੇ ਵਿੱਚ ਅਮਰੀਕਾ ਦੁਆਰਾ ਜਵਾਬੀ ਕਾਰਵਾਈ ਕਰਨ ਦੇ ਪ੍ਰਸਤਾਵ ‘ਤੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਮੁੱਖ ਮੰਤਰੀ ਫੋਰਡ ਨੇ ਬੇਬਾਕੀ ਨਾਲ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਣਗੇ। ਉਹਨਾਂ ਕਿਹਾ ਕਿ ਅਮਰੀਕਾ ਦੁਆਰਾ ਲਗਾਏ ਗਏ ਟੈਰਿਫ (ਟੈਕਸ) ਓਨਟਾਰੀਓ ਸਮੇਤ ਪੂਰੇ ਕੈਨੇਡਾ ਦੇ ਲੱਖਾਂ ਕਾਮਿਆਂ ਦੀ ਰੋਜ਼ੀ-ਰੋਟੀ ਲਈ ਵੱਡਾ ਖ਼ਤਰਾ ਬਣੇ ਹੋਏ ਹਨ।
ਪ੍ਰੀਮੀਅਰ ਨੇ ਕਿਹਾ ਕਿ ਓਨਟਾਰੀਓ ਦੇ ਸਟੋਰਾਂ ਦੀਆਂ ਸ਼ੈਲਫਾਂ ‘ਤੇ ਅਮਰੀਕੀ ਸ਼ਰਾਬ ਨੂੰ ਵਾਪਸ ਲਿਆਉਣ ਦਾ ਸਭ ਤੋਂ ਤੇਜ਼ ਅਤੇ ਇੱਕਮਾਤਰ ਤਰੀਕਾ ਇਹੋ ਹੈ ਕਿ ਅਮਰੀਕਾ ਪਹਿਲਾਂ ਕੈਨੇਡਾ ‘ਤੇ ਲਗਾਏ ਗਏ ਆਪਣੇ ਗ਼ੈਰ-ਕਾਨੂੰਨੀ ਟੈਰਿਫਾਂ ਨੂੰ ਵਾਪਸ ਲਵੇ। ਇਹ ਵਿਵਾਦ ਉਸ ਸਮੇਂ ਹੋਰ ਵਧ ਗਿਆ ਜਦੋਂ ਅਮਰੀਕੀ ਰਿਪਬਲੀਕਨ ਕਾਂਗਰਸ ਮੈਂਬਰ ਕਲਾਉਡੀਆ ਟੈਨੀ ਨੇ ਸੋਮਵਾਰ ਨੂੰ ਇੱਕ ਨਵਾਂ ਕਾਨੂੰਨ ਪ੍ਰਸਤਾਵਿਤ ਕੀਤਾ, ਜਿਸ ਨੂੰ ‘ਕੈਨੇਡਾ ਐਕਟ’ ਦਾ ਨਾਮ ਦਿੱਤਾ ਗਿਆ ਹੈ। ਇਸ ਕਾਨੂੰਨ ਤਹਿਤ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਨੂੰ 30 ਦਿਨਾਂ ਦੇ ਅੰਦਰ ਕੈਨੇਡੀਅਨ ਸੂਬਾਈ ਲਿਕਰ ਬੋਰਡਾਂ ਦੁਆਰਾ ਅਮਰੀਕੀ ਉਤਪਾਦਾਂ ਦੀ ਦਰਾਮਦ ‘ਤੇ ਲਗਾਈਆਂ ਗਈਆਂ ਪਾਬੰਦੀਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ।
ਅਮਰੀਕੀ ਪੱਖ ਦਾ ਕਹਿਣਾ ਹੈ ਕਿ ਕੈਨੇਡਾ ਦੇ ਲਗਭਗ ਸਾਰੇ ਸੂਬਾਈ ਲਿਕਰ ਬੋਰਡਾਂ ਨੇ ਅਮਰੀਕੀ ਅਲਕੋਹਲ ਵਾਲੇ ਪਦਾਰਥਾਂ ਦੀ ਦਰਾਮਦ ਨੂੰ ਸੀਮਤ ਕਰ ਦਿੱਤਾ ਹੈ, ਜਿਸ ਨਾਲ ਅਮਰੀਕੀ ਉਤਪਾਦਕਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਅਸਲ ਵਿੱਚ, ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਿਫਾਂ ਦੇ ਜਵਾਬ ਵਿੱਚ ਕੈਨੇਡਾ ਦੇ 8 ਸੂਬਿਆਂ ਨੇ ਅਮਰੀਕੀ ਸ਼ਰਾਬ ਦੀ ਆਮਦ ‘ਤੇ ਪਾਬੰਦੀਆਂ ਲਗਾਈਆਂ ਸਨ। ਇਸੇ ਤਹਿਤ 4 ਮਾਰਚ 2025 ਨੂੰ ਓਨਟਾਰੀਓ ਦੇ ਸਰਕਾਰੀ ਸ਼ਰਾਬ ਸਟੋਰਾਂ ਤੋਂ ਅਮਰੀਕੀ ਉਤਪਾਦਾਂ ਨੂੰ ਅਧਿਕਾਰਤ ਤੌਰ ‘ਤੇ ਹਟਾ ਦਿੱਤਾ ਗਿਆ ਸੀ।
ਇਸ ਪਾਬੰਦੀ ਤੋਂ ਪਹਿਲਾਂ ਓਨਟਾਰੀਓ ਹਰ ਸਾਲ ਅਮਰੀਕਾ ਤੋਂ ਲਗਭਗ 965 ਮਿਲੀਅਨ ਡਾਲਰ ਦੀ ਸ਼ਰਾਬ ਦੀ ਦਰਾਮਦ ਕਰਦਾ ਸੀ। ਪਾਬੰਦੀ ਲੱਗਣ ਕਾਰਨ ਲਗਭਗ 2 ਮਿਲੀਅਨ ਡਾਲਰ ਦੇ ਅਮਰੀਕੀ ਉਤਪਾਦ ਸਟੋਰਾਂ ਵਿੱਚ ਪਏ-ਪਏ ਖ਼ਰਾਬ ਹੋ ਚੁੱਕੇ ਹਨ ਜਾਂ ਅਗਲੇ ਕੁਝ ਮਹੀਨਿਆਂ ਵਿੱਚ ਖ਼ਰਾਬ ਹੋਣ ਵਾਲੇ ਹਨ। This report was written by Divroop Kaur as part of the Local Journalism Initiative.

Popular