Thursday, August 13, 2026

ਗਰਭ ਨਿਰੋਧਕ ਦਵਾਈਆਂ ਦੀ ਵਰਤੋਂ ਨਾਲ ਬ੍ਰੇਨ ਟਿਊਮਰ ਦਾ ਖਤਰਾ

ਸਰੀ, (ਦਿਵਰੂਪ ਕੌਰ): ਡੈਨਮਾਰਕ ਦੇ ਇੱਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਿਹੜੀਆਂ ਔਰਤਾਂ ਖਾਸ ਕਿਸਮ ਦੇ ਗਰਭ ਨਿਰੋਧਕ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ, ਉਨ੍ਹਾਂ ਵਿੱਚ ਬ੍ਰੇਨ ਟਿਊਮਰ ਹੋਣ ਦਾ ਖਤਰਾ ਹੋ ਸਕਦਾ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਸਮੁੱਚਾ ਖਤਰਾ ਅਜੇ ਵੀ ਬਹੁਤ ਘੱਟ ਹੈ ਅਤੇ ਦਵਾਈ ਬੰਦ ਕਰਨ ਦੇ 5 ਸਾਲਾਂ ਦੇ ਅੰਦਰ ਇਹ ਖਤਰਾ ਆਮ ਤੌਰ ‘ਤੇ ਖਤਮ ਹੋ ਜਾਂਦਾ ਹੈ। ਜਰਨਲ ਆਫ਼ ਦਿ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਪ੍ਰੋਜੇਸਟੋਜਨ ਵਾਲੀਆਂ ਦਵਾਈਆਂ ਅਤੇ ਟੀਕਿਆਂ ਦੀ ਵਰਤੋਂ ਮੇਨਿਨਜਿਓਮਾ ਦੇ ਵੱਧਦੇ ਖਤਰੇ ਨਾਲ ਜੁੜੀ ਹੋਈ ਹੈ।
ਇਹ ਅਧਿਐਨ 1 ਜਨਵਰੀ 2000 ਤੋਂ 31 ਦਸੰਬਰ 2024 ਦਰਮਿਆਨ ਕੀਤਾ ਗਿਆ ਸੀ ਅਤੇ ਇਸ ਵਿੱਚ 15 ਤੋਂ 59 ਸਾਲ ਦੀ ਉਮਰ ਦੀਆਂ ਲਗਭਗ 3 ਮਿਲੀਅਨ ਔਰਤਾਂ ਦੇ ਰਾਸ਼ਟਰੀ ਅੰਕੜਿਆਂ ਦੀ ਵਰਤੋਂ ਕੀਤੀ ਗਈ। ਪ੍ਰੋਜੇਸਟੋਜਨ ਉਹ ਹਾਰਮੋਨ ਹੁੰਦੇ ਹਨ ਜੋ ਮਨੁੱਖੀ ਸਰੀਰ ਵਿੱਚ ਕੁਦਰਤੀ ਤੌਰ ‘ਤੇ ਪੈਦਾ ਹੁੰਦੇ ਹਨ ਅਤੇ ਮਾਹਵਾਰੀ ਅਤੇ ਗਰਭ ਅਵਸਥਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਖੋਜ ਮੁਤਾਬਕ ਮੈਡਰੋਕਸਾਈਪ੍ਰੋਜੇਸਟ੍ਰੋਨ ਟੀਕੇ ਲੈਣ ਵਾਲੀਆਂ ਔਰਤਾਂ ਵਿੱਚ ਮੇਨਿਨਜਿਓਮਾ ਹੋਣ ਦੀ ਸੰਭਾਵਨਾ 4 ਗੁਣਾ ਵਧੇਰੇ ਸੀ।
ਪ੍ਰਿੰਸੈਸ ਮਾਰਗਰੇਟ ਕੈਂਸਰ ਸੈਂਟਰ ਦੇ ਓਨਕੋਲੋਜਿਸਟ ਡਾ. ਡੇਰੇਕ ਸਾਂਗ ਨੇ ਦੱਸਿਆ ਕਿ ਪ੍ਰੋਜੇਸਟੋਜਨ ਦੇ ਸੰਪਰਕ ਵਿੱਚ ਆਉਣ ਨਾਲ ਪਹਿਲਾਂ ਤੋਂ ਮੌਜੂਦ ਮੇਨਿਨਜਿਓਮਾ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੇ ਸਰੀਰ ਵਿੱਚ ਇਹ ਹਾਰਮੋਨ ਕੁਦਰਤੀ ਤੌਰ ‘ਤੇ ਪੈਦਾ ਹੁੰਦਾ ਹੈ ਜਿਸ ਕਾਰਨ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਇਸ ਟਿਊਮਰ ਦਾ ਖਤਰਾ ਵਧੇਰੇ ਹੁੰਦਾ ਹੈ। ਦੂਜੇ ਪਾਸੇ ਮਾਹਰਾਂ ਨੇ ਸਪੱਸ਼ਟ ਕੀਤਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਮੇਨਿਨਜਿਓਮਾ ਇੱਕ ਦੁਰਲੱਭ ਸਥਿਤੀ ਹੈ ਜੋ 10000 ਵਿੱਚੋਂ ਸਿਰਫ 1 ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ। ਸੋਸਾਇਟੀ ਆਫ ਓਬਸਟੈਟ੍ਰੀਸ਼ੀਅਨ ਐਂਡ ਗਾਇਨੀਕੋਲੋਜਿਸਟ ਆਫ ਕੈਨੇਡਾ ਦੇ ਪ੍ਰਧਾਨ ਡਾ. ਨਿਕੋਲਸ ਲੇਲੈਂਡ ਨੇ ਕਿਹਾ ਕਿ ਜੇਕਰ ਜੋਖਮਾਂ ਬਾਰੇ ਸਹੀ ਢੰਗ ਨਾਲ ਜਾਣਕਾਰੀ ਨਾ ਦਿੱਤੀ ਗਈ ਤਾਂ ਬਹੁਤ ਸਾਰੀਆਂ ਔਰਤਾਂ ਇਨ੍ਹਾਂ ਪ੍ਰਭਾਵਸ਼ਾਲੀ ਦਵਾਈਆਂ ਦੀ ਵਰਤੋਂ ਬੰਦ ਕਰ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਸ ਟਿਊਮਰ ਨਾਲ ਮਰਨ ਦੀ ਸੰਭਾਵਨਾ 500000 ਵਿੱਚੋਂ 1 ਤੋਂ ਵੀ ਘੱਟ ਹੈ। ਇਹ ਦਵਾਈਆਂ ਗਰਭ ਅਵਸਥਾ ਨੂੰ ਰੋਕਣ ਅਤੇ ਕੈਂਸਰ ਦੇ ਖਤਰੇ ਨੂੰ ਘਟਾਉਣ ਲਈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਾਧਨ ਹਨ। This report was written by Divroop Kaur as part of the Local Journalism Initiative.

Popular