Thursday, August 13, 2026

ਨਾਟੋ ਸੰਮੇਲਨ ਦੌਰਾਨ ਗ੍ਰੀਨਲੈਂਡ ਦੇ ਮੁੱਦੇ ਉੱਤੇ ਅਮਰੀਕਾ ਅਤੇ ਡੈਨਮਾਰਕ ਵਿਚਾਲੇ ਵਧਿਆ ਤਣਾਅ

ਸਰੀ, (ਦਿਵਰੂਪ ਕੌਰ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰਕੀ ਦੇ ਅੰਕਾਰਾ ਵਿੱਚ ਨਾਟੋ ਸੰਮੇਲਨ ਦੌਰਾਨ ਕਿਹਾ ਕਿ ਗ੍ਰੀਨਲੈਂਡ ਦਾ ਕੰਟਰੋਲ ਡੈਨਮਾਰਕ ਦੀ ਬਜਾਏ ਅਮਰੀਕਾ ਕੋਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਯੂਰਪ ਵਿੱਚੋਂ ਅਮਰੀਕੀ ਫੌਜਾਂ ਨੂੰ ਹਟਾਉਣ ਦੀ ਧਮਕੀ ਵੀ ਦਿੱਤੀ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਐਰਦੋਗਨ ਨਾਲ ਦੁਵੱਲੀ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਗ੍ਰੀਨਲੈਂਡ ਡੈਨਮਾਰਕ ਦੀ ਮਦਦ ਨਹੀਂ ਕਰਦਾ ਅਤੇ ਡੈਨਮਾਰਕ ਵੀ ਗ੍ਰੀਨਲੈਂਡ ਦੀ ਮਦਦ ਲਈ ਪੈਸਾ ਖਰਚ ਨਹੀਂ ਕਰਦਾ।
ਟਰੰਪ ਨੇ ਕਿਹਾ ਕਿ ਇਹ ਟਾਪੂ ਚੀਨ ਅਤੇ ਰੂਸ ਦੇ ਸਮੁੰਦਰੀ ਜਹਾਜ਼ਾਂ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਅਮਰੀਕਾ ਲਈ ਬਹੁਤ ਅਹਿਮ ਹਿੱਸਾ ਹੈ ਅਤੇ ਇਸ ਨੂੰ ਅਮਰੀਕਾ ਦੁਆਰਾ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਅਸੀਂ ਯੂਰਪ ਵਿੱਚੋਂ ਆਪਣੇ ਸਾਰੇ ਸੈਨਿਕਾਂ ਨੂੰ ਵਾਪਸ ਬੁਲਾ ਸਕਦੇ ਹਾਂ। ਟਰੰਪ ਦੇ ਇਨ੍ਹਾਂ ਦਾਅਵਿਆਂ ਨੇ ਵਾਸ਼ਿੰਗਟਨ ਅਤੇ ਕੋਪਨਹੇਗਨ ਵਿਚਕਾਰ ਸਬੰਧਾਂ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ।
ਇਹ ਕੂਟਨੀਤਕ ਤਣਾਅ ਦਸੰਬਰ ਵਿੱਚ ਉਦੋਂ ਹੋਰ ਵੱਧ ਗਿਆ ਸੀ ਜਦੋਂ ਟਰੰਪ ਨੇ ਕਿਹਾ ਸੀ ਕਿ ਰਾਸ਼ਟਰੀ ਸੁਰੱਖਿਆ ਲਈ ਅਮਰੀਕਾ ਕੋਲ ਗ੍ਰੀਨਲੈਂਡ ਹੋਣਾ ਲਾਜ਼ਮੀ ਹੈ। ਜਨਵਰੀ ਵਿੱਚ ਦਾਵੋਸ ਵਿਖੇ ਵਿਸ਼ਵ ਆਰਥਿਕ ਸੰਮੇਲਨ ਦੌਰਾਨ ਕੈਨੇਡਾ ਸਮੇਤ ਨਾਟੋ ਦੇ ਭਾਈਵਾਲਾਂ ਨੇ ਗ੍ਰੀਨਲੈਂਡ ਅਤੇ ਡੈਨਮਾਰਕ ਨਾਲ ਇਕਜੁੱਟਤਾ ਪ੍ਰਗਟਾਈ ਸੀ। ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਸਪੱਸ਼ਟ ਕੀਤਾ ਕਿ ਗ੍ਰੀਨਲੈਂਡ ਵਿਕਾਊ ਨਹੀਂ ਹੈ।
ਫਰੈਡਰਿਕਸਨ ਨੇ ਕਿਹਾ ਕਿ ਅਮਰੀਕਾ ਦੀ ਗ੍ਰੀਨਲੈਂਡ ਉੱਤੇ ਕਬਜ਼ਾ ਕਰਨ ਦੀ ਇੱਛਾ ਬਾਰੇ ਸਭ ਜਾਣਦੇ ਹਨ ਪਰ ਅਜਿਹਾ ਕੁਝ ਨਹੀਂ ਹੋਣ ਵਾਲਾ। ਗ੍ਰੀਨਲੈਂਡ ਦੇ ਵਿਦੇਸ਼ ਮੰਤਰੀ ਮਿਊਟ ਏਗੇਡੇ ਨੇ ਵੀ ਸੋਸ਼ਲ ਮੀਡੀਆ ਤੋਂ ਵੱਖਰੇ ਬਿਆਨ ਰਾਹੀਂ ਸਪੱਸ਼ਟ ਕੀਤਾ ਕਿ ਗ੍ਰੀਨਲੈਂਡ ਦਾ ਭਵਿੱਖ ਇਸਦੇ ਲੋਕਾਂ ਦੁਆਰਾ ਤੈਅ ਕੀਤਾ ਜਾਣਾ ਚਾਹੀਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦੱਸਿਆ ਕਿ ਡੈਨਮਾਰਕ ਅਤੇ ਗ੍ਰੀਨਲੈਂਡ ਨਾਲ ਇਸ ਮੁੱਦੇ ਉੱਤੇ ਹਰ ਮਹੀਨੇ ਗੱਲਬਾਤ ਜਾਰੀ ਹੈ। This report was written by Divroop Kaur as part of the Local Journalism Initiative.

Popular