ਸਰੀ, (ਦਿਵਰੂਪ ਕੌਰ): ਟੈਕਸਾਸ ਦੇ ਇੱਕ 44 ਸਾਲਾ ਵਿਅਕਤੀ ਮਾਈਕਲ ਡੇਵਿਡ ਬਟਲਰ ਉੱਤੇ ਉਸਦੀ ਟੈਸਲਾ ਕਾਰ ਦੁਆਰਾ ਇੱਕ ਘਰ ਵਿੱਚ ਟੱਕਰ ਮਾਰਨ ਅਤੇ 76 ਸਾਲਾ ਔਰਤ ਦੀ ਮੌਤ ਤੋਂ ਬਾਅਦ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਅਨੁਸਾਰ ਹੈਰਿਸ ਕਾਉਂਟੀ ਸ਼ੈਰਿਫ ਦਫਤਰ ਦੇ ਵਾਹਨ ਅਪਰਾਧ ਵਿਭਾਗ ਨੇ ਮਾਈਕਲ ਨੂੰ ਗ੍ਰਿਫਤਾਰ ਕਰ ਲਿਆ ਹੈ। ਜੇਲ੍ਹ ਰਿਕਾਰਡ ਮੁਤਾਬਕ ਉਸਦੀ ਜ਼ਮਾਨਤ 150000 ਡਾਲਰ ਤੈਅ ਕੀਤੀ ਗਈ ਹੈ।
ਪੁਲਿਸ ਨੇ ਦੱਸਿਆ ਕਿ 19 ਜੂਨ ਨੂੰ ਬਟਲਰ ਨੇ ਇੱਕ ਘਰ ਦੇ ਅਗਲੇ ਕਮਰੇ ਵਿੱਚ ਕਾਰ ਵਾੜ ਦਿੱਤੀ ਜਿਸ ਨਾਲ ਮਾਰਥਾ ਐਵਿਲਾ ਨਾਮਕ ਔਰਤ ਦੀ ਮੌਤ ਹੋ ਗਈ। ਬਟਲਰ ਨੇ ਪੁਲਿਸ ਨੂੰ ਦੱਸਿਆ ਕਿ ਹਾਦਸੇ ਸਮੇਂ ਕਾਰ ਆਟੋਪਾਇਲਟ ਮੋਡ ਉੱਤੇ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਬਟਲਰ ਟੈਸਲਾ ਮਾਡਲ 3 ਚਲਾ ਰਿਹਾ ਸੀ ਜਦੋਂ ਉਹ ਆਪਣੀ ਲੇਨ ਬਰਕਰਾਰ ਨਹੀਂ ਰੱਖ ਸਕਿਆ ਅਤੇ ਕਾਰ ਤੇਜ਼ ਰਫ਼ਤਾਰ ਨਾਲ ਇੱਟਾਂ ਵਾਲੇ ਘਰ ਵਿੱਚ ਜਾ ਵੱਜੀ। ਔਰਤ ਨੂੰ ਮੈਡੀਕਲ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸ਼ੈਰਿਫ ਦਫਤਰ ਨੇ ਕਿਹਾ ਕਿ ਬਟਲਰ ਨੇ ਨਸ਼ਾ ਨਹੀਂ ਕੀਤਾ ਸੀ ਅਤੇ ਜਾਂਚ ਦੌਰਾਨ ਉਸਨੇ ਪੂਰਾ ਸਹਿਯੋਗ ਦਿੱਤਾ। ਇਸ ਦੌਰਾਨ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਹਾਦਸੇ ਦੀ ਵਿਸ਼ੇਸ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਐਵਿਲਾ ਦੇ ਪਰਿਵਾਰ ਨੇ ਹਾਦਸੇ ਤੋਂ ਬਾਅਦ ਟੈਸਲਾ ਅਤੇ ਬਟਲਰ ਖਿਲਾਫ ਮੁਕੱਦਮਾ ਕਰਨ ਦਾ ਐਲਾਨ ਕੀਤਾ ਹੈ। ਪਰਿਵਾਰ ਵੱਲੋਂ ਹੈਰਿਸ ਕਾਉਂਟੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਮੁਕੱਦਮੇ ਵਿੱਚ ਟੈਸਲਾ ਉੱਤੇ ਡਿਜ਼ਾਈਨ ਵਿੱਚ ਨੁਕਸ ਅਤੇ ਚੇਤਾਵਨੀ ਦੇਣ ਵਿੱਚ ਅਸਫਲ ਰਹਿਣ ਦੇ ਦੋਸ਼ ਲਗਾਏ ਗਏ ਹਨ। ਇਸ ਮੁਕੱਦਮੇ ਵਿੱਚ 1 ਮਿਲੀਅਨ ਡਾਲਰ ਤੋਂ ਵੱਧ ਦੇ ਹਰਜਾਨੇ ਦੀ ਮੰਗ ਕੀਤੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਟੈਸਲਾ ਦਾ ਆਟੋਪਾਇਲਟ ਸਿਸਟਮ ਖਤਰਨਾਕ ਰਿਹਾ ਹੈ। ਸਾਲ 2023 ਵਿੱਚ ਵੀ ਟੈਸਲਾ ਨੇ ਸਾਫਟਵੇਅਰ ਅਪਡੇਟ ਕਰਨ ਅਤੇ ਨੁਕਸਦਾਰ ਸਿਸਟਮ ਨੂੰ ਠੀਕ ਕਰਨ ਲਈ ਅਮਰੀਕਾ ਵਿੱਚ ਵਿਕਣ ਵਾਲੇ ਲਗਭਗ ਸਾਰੇ ਵਾਹਨਾਂ ਨੂੰ ਵਾਪਸ ਮੰਗਵਾਇਆ ਸੀ। ਇਹ ਕਦਮ ਫੈਡਰਲ ਏਜੰਸੀ ਵੱਲੋਂ ਆਟੋਪਾਇਲਟ ਸਿਸਟਮ ਨਾਲ ਜੁੜੇ ਹਾਦਸਿਆਂ ਦੀ 2 ਸਾਲ ਦੀ ਜਾਂਚ ਤੋਂ ਬਾਅਦ ਚੁੱਕਿਆ ਗਿਆ ਸੀ। This report was written by Divroop Kaur as part of the Local Journalism Initiative.

