Thursday, August 13, 2026

ਮੈਟਰੋ ਵੈਨਕੂਵਰ ਵੱਲੋਂ ਮਿਨੇਖਾਡਾ ਰੀਜਨਲ ਪਾਰਕ ਦੇ ਰਕਬੇ ਵਿੱਚ 25 ਫੀਸਦੀ ਦਾ ਵਾਧਾ

ਕੁਦਰਤੀ ਸੁੰਦਰਤਾ ਨੂੰ ਬਚਾਉਣ ਲਈ ਮੈਟਰੋ ਵੈਨਕੂਵਰ ਨੇ ਖਰੀਦੀ 14.5 ਮਿਲੀਅਨ ਡਾਲਰ ਦੀ ਜ਼ਮੀਨ

ਸਰੀ, (ਦਿਵਰੂਪ ਕੌਰ): ਮੈਟਰੋ ਵੈਨਕੂਵਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਸਨੇ ਮਿਨੇਖਾਡਾ ਰੀਜਨਲ ਪਾਰਕ ਵਿੱਚ 62.5 ਹੈਕਟੇਅਰ ਜ਼ਮੀਨ ਸ਼ਾਮਲ ਕੀਤੀ ਹੈ। ਇਸ ਕਦਮ ਨਾਲ ਕੋਕੁਇਟਲਮ ਦੇ ਇਸ ਪ੍ਰਸਿੱਧ ਪਾਰਕ ਦਾ ਆਕਾਰ 25 ਫੀਸਦੀ ਤੋਂ ਵਧੇਰੇ ਹੋ ਗਿਆ ਹੈ। ਮੈਟਰੋ ਵੈਨਕੂਵਰ ਬੋਰਡਜ਼ ਦੇ ਚੇਅਰਮੈਨ ਮਾਈਕ ਹਰਲੀ ਨੇ ਦੱਸਿਆ ਕਿ ਉਹਨਾਂ ਦਾ ਮੁੱਖ ਟੀਚਾ ਪਾਰਕਾਂ ਅਤੇ ਗ੍ਰੀਨਵੇਜ਼ ਦਾ ਇੱਕ ਅਜਿਹਾ ਨੈੱਟਵਰਕ ਬਣਾਉਣਾ ਹੈ ਜੋ ਖੇਤਰ ਦੇ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਵਾਤਾਵਰਣ ਪ੍ਰਣਾਲੀਆਂ ਦੀ ਰੱਖਿਆ ਕਰੇ ਅਤੇ ਲੋਕਾਂ ਨੂੰ ਕੁਦਰਤ ਨਾਲ ਜੋੜੇ। ਉਹਨਾਂ ਕਿਹਾ ਕਿ ਇਹ ਨਵੀਂ ਪ੍ਰਾਪਤੀ ਉਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ ਅਤੇ ਉਹ ਖੇਤਰੀ ਪਾਰਕਾਂ ਵਿੱਚ ਪਿਛਲੇ ਲਗਭਗ 60 ਸਾਲਾਂ ਤੋਂ ਕੀਤੇ ਜਾ ਰਹੇ ਚੰਗੇ ਕੰਮਾਂ ਨੂੰ ਜਾਰੀ ਰੱਖਣ ਲਈ ਬਹੁਤ ਉਤਸ਼ਾਹਿਤ ਹਨ। ਪਾਰਕ ਵਿੱਚ ਸ਼ਾਮਲ ਕੀਤਾ ਗਿਆ ਨਵਾਂ ਹਿੱਸਾ ਚਾਰ ਨਿੱਜੀ ਜਾਇਦਾਦਾਂ ਉੱਤੇ ਅਧਾਰਤ ਹੈ ਜੋ ਮਿਨੇਖਾਡਾ ਰੀਜਨਲ ਪਾਰਕ ਦੇ ਬਿਲਕੁਲ ਉੱਤਰ ਵਿੱਚ ਸਥਿਤ ਹਨ। ਇਹ ਖੇਤਰ ਪਾਈਨਕੋਨ ਬਰਕ ਪ੍ਰੋਵਿੰਸ਼ੀਅਲ ਪਾਰਕ ਦੇ ਪੂਰਬ, ਪਿਟ ਐਡਿੰਗਟਨ ਵਾਈਲਡਲਾਈਫ ਮੈਨੇਜਮੈਂਟ ਏਰੀਆ ਦੇ ਪੱਛਮ ਅਤੇ ਵਿਜਿਅਨ ਮਾਰਸ਼ ਰੀਜਨਲ ਪਾਰਕ ਦੇ ਦੱਖਣ ਵਿੱਚ ਪੈਂਦਾ ਹੈ।

ਇਹ ਜਾਇਦਾਦਾਂ ਕੁਆਰੀ ਰੋਡ ਦੁਆਰਾ ਦੋ ਹਿੱਸਿਆਂ ਵਿੱਚ ਵੰਡੀਆਂ ਗਈਆਂ ਹਨ। ਇੱਕ ਪਾਸੇ ਜੰਗਲੀ ਢਲਾਣਾਂ ਅਤੇ ਮੱਛੀਆਂ ਵਾਲੀਆਂ ਕਈ ਨਦੀਆਂ ਹਨ ਜਦਕਿ ਦੂਜੇ ਪਾਸੇ ਗਿੱਲੀ ਜ਼ਮੀਨ ਹੈ ਜਿਸ ਵਿੱਚ ਸਿਟਕਾ ਸਪ੍ਰੂਸ, ਪੱਛਮੀ ਲਾਲ ਦੇਵਦਾਰ ਅਤੇ ਪੌਦਿਆਂ ਦੀਆਂ ਹੋਰ ਕਈ ਕਿਸਮਾਂ ਮੌਜੂਦ ਹਨ। ਇਹ ਖਰੀਦਦਾਰੀ ਕਈ ਸੰਵੇਦਨਸ਼ੀਲ ਵਾਤਾਵਰਣਕ ਖੇਤਰਾਂ ਦੀ ਰੱਖਿਆ ਕਰਦੀ ਹੈ ਜਿਹਨਾਂ ਵਿੱਚ ਪੱਛਮੀ ਪੇਂਟਡ ਟਰਟਲ ਅਤੇ ਓਰੇਗਨ ਫੋਰੈਸਟ ਸਨੇਲ ਵਰਗੀਆਂ ਖਤਰੇ ਵਿੱਚ ਪਈਆਂ ਪ੍ਰਜਾਤੀਆਂ ਦੇ ਰਹਿਣ ਦੀਆਂ ਥਾਵਾਂ ਸ਼ਾਮਲ ਹਨ। ਇਸ ਇਲਾਕੇ ਵਿੱਚ ਪੈਸੀਫਿਕ ਵਾਟਰ ਸ਼ਰਿਊਜ਼ ਵੀ ਦੇਖੇ ਗਏ ਹਨ। ਮੈਟਰੋ ਵੈਨਕੂਵਰ ਬੋਰਡਜ਼ ਦੇ ਉਪ ਚੇਅਰਮੈਨ ਅਤੇ ਰੀਜਨਲ ਪਾਰਕਸ ਕਮੇਟੀ ਦੇ ਚੇਅਰਮੈਨ ਜੌਨ ਮੈਕਈਵਨ ਨੇ ਕਿਹਾ ਕਿ ਇਹ ਖੇਤਰ ਵਾਤਾਵਰਣ ਸੁਰੱਖਿਆ ਲਈ ਬਹੁਤ ਅਹਿਮ ਹੈ। ਉਹਨਾਂ ਖੁਸ਼ੀ ਜ਼ਾਹਰ ਕੀਤੀ ਕਿ ਜਦੋਂ ਇਹ ਜਾਇਦਾਦਾਂ ਉਪਲਬਧ ਹੋਈਆਂ ਤਾਂ ਉਹ ਇਹਨਾਂ ਨੂੰ ਖਰੀਦਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰਨ ਦੀ ਸਥਿਤੀ ਵਿੱਚ ਸਨ।

ਨਵਾਂ ਖੇਤਰ ਫਿਲਹਾਲ ਜਨਤਾ ਲਈ ਬੰਦ ਹੈ ਪਰ ਮੈਟਰੋ ਵੈਨਕੂਵਰ ਦੀ ਲੰਬੇ ਸਮੇਂ ਦੀ ਯੋਜਨਾ ਮਿਨੇਖਾਡਾ ਅਤੇ ਵਿਜਿਅਨ ਮਾਰਸ਼ ਖੇਤਰੀ ਪਾਰਕਾਂ ਨੂੰ ਆਪਸ ਵਿੱਚ ਜੋੜਨ ਦੀ ਹੈ। ਇਸ ਨਾਲ ਅਤਿ ਸੰਵੇਦਨਸ਼ੀਲ ਵਾਤਾਵਰਣ ਪ੍ਰਣਾਲੀਆਂ ਰਾਹੀਂ ਜੀਵ ਜੰਤੂਆਂ ਦੇ ਰਹਿਣ ਦੀਆਂ ਥਾਵਾਂ ਨੂੰ ਸੁਰੱਖਿਅਤ ਕੀਤਾ ਜਾ ਸਕੇਗਾ ਅਤੇ ਪੈਦਲ ਯਾਤਰੀਆਂ ਤੇ ਸਾਈਕਲ ਸਵਾਰਾਂ ਨੂੰ ਇੱਕ ਪਾਰਕ ਤੋਂ ਦੂਜੇ ਪਾਰਕ ਤੱਕ ਆਸਾਨੀ ਨਾਲ ਜਾਣ ਦੀ ਸਹੂਲਤ ਮਿਲੇਗੀ। ਜ਼ਮੀਨ ਦੀਆਂ ਵਧਦੀਆਂ ਕੀਮਤਾਂ ਅਤੇ ਵਿਕਾਸ ਦੇ ਦਬਾਅ ਦੇ ਬਾਵਜੂਦ ਕੁਦਰਤੀ ਖੇਤਰਾਂ ਦੀ ਰੱਖਿਆ ਕਰਨ ਦੇ ਉਦੇਸ਼ ਨਾਲ ਇਹ 14.5 ਮਿਲੀਅਨ ਡਾਲਰ ਦੀ ਖਰੀਦਦਾਰੀ ਮੈਟਰੋ ਵੈਨਕੂਵਰ ਰੀਜਨਲ ਪਾਰਕਸ ਲੈਂਡ ਐਕਵਾਇਰ ਫੰਡ ਰਾਹੀਂ ਕੀਤੀ ਗਈ ਹੈ। ਸਾਲ 2025 ਵਿੱਚ ਲਗਭਗ 200,000 ਸੈਲਾਨੀਆਂ ਨੇ ਮਿਨੇਖਾਡਾ ਰੀਜਨਲ ਪਾਰਕ ਦਾ ਦੌਰਾ ਕੀਤਾ ਸੀ। ਇਹ ਪਾਰਕ ਕਈ ਜੰਗਲੀ ਟ੍ਰੇਲਜ਼, ਵਿਸ਼ਾਲ ਦਲਦਲੀ ਖੇਤਰ ਅਤੇ ਮਿਨੇਖਾਡਾ ਲੌਜ ਦਾ ਘਰ ਹੈ। ਮੈਟਰੋ ਵੈਨਕੂਵਰ ਦਾ ਖੇਤਰੀ ਪਾਰਕ ਸਿਸਟਮ 24 ਪਾਰਕਾਂ, ਪੰਜ ਗ੍ਰੀਨਵੇਜ਼ ਅਤੇ ਹੋਰ ਸੁਰੱਖਿਅਤ ਖੇਤਰਾਂ ਨਾਲ ਮਿਲ ਕੇ ਬਣਿਆ ਹੈ ਜੋ ਲਗਭਗ 14,000 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਸਾਲ 1967 ਤੋਂ ਮੈਟਰੋ ਵੈਨਕੂਵਰ ਆਬਾਦੀ ਲਈ ਕੁਦਰਤ ਤੱਕ ਪਹੁੰਚ ਪ੍ਰਦਾਨ ਕਰਦੇ ਹੋਏ ਇਸ ਪ੍ਰਣਾਲੀ ਦਾ ਲਗਾਤਾਰ ਵਿਸਥਾਰ ਕਰ ਰਿਹਾ ਹੈ। This report was written by Divroop Kaur as part of the Local Journalism Initiative.

Popular