Thursday, August 13, 2026

ਸਰੀ ਵਿੱਚ ਵੈਸਟ ਕੋਸਟ ਕਿੰਗਜ਼ ਕੈਨੇਡਾ ਕੱਪ ਦਾ ਸ਼ਾਨਦਾਰ ਆਯੋਜਨ, 45 ਟੀਮਾਂ ਨੇ ਲਿਆ ਹਿੱਸਾ

ਵਿਧਾਇਕ ਜੈਸੀ ਸੁੰਨੜ ਅਤੇ ਜਗਰੂਪ ਬਰਾੜ ਵੱਲੋਂ ਫੀਲਡ ਹਾਕੀ ਟੂਰਨਾਮੈਂਟ ਵਿੱਚ ਸ਼ਿਰਕਤ

ਵੈਨਕੂਵਰ (ਏਕਜੋਤ ਸਿੰਘ): ਵਿਧਾਇਕ ਜੈਸੀ ਸੁੰਨੜ ਅਤੇ ਜਗਰੂਪ ਬਰਾੜ ਨੇ 10 ਜੁਲਾਈ ਨੂੰ ਸਰੀ ਦੇ ਤਾਮਾਨਾਵਿਸ ਟਰਫ ਫੀਲਡਸ ਵਿਖੇ ਆਯੋਜਿਤ ਸਾਲਾਨਾ ਵੈਸਟ ਕੋਸਟ ਕਿੰਗਜ਼ ਕੈਨੇਡਾ ਕੱਪ ਵਿੱਚ ਉਚੇਚੇ ਤੌਰ ਉੱਤੇ ਸ਼ਿਰਕਤ ਕੀਤੀ। ਸਰੀ ਦੀ ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਦੁਆਰਾ ਆਯੋਜਿਤ ਇਹ ਟੂਰਨਾਮੈਂਟ ਉੱਤਰੀ ਅਮਰੀਕਾ ਦੇ ਪ੍ਰਮੁੱਖ ਫੀਲਡ ਹਾਕੀ ਮੁਕਾਬਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਤੋਂ 45 ਤੋਂ ਵੱਧ ਟੀਮਾਂ ਨੂੰ ਇਕੱਠਾ ਕਰਕੇ ਇਸ ਟੂਰਨਾਮੈਂਟ ਨੇ ਸਰੀ ਨੂੰ ਉੱਚ ਪੱਧਰੀ ਮੁਕਾਬਲੇ ਦੇ ਕੇਂਦਰ ਵਿੱਚ ਬਦਲ ਦਿੱਤਾ। ਖੇਡਾਂ ਦੇ ਨਾਲ ਨਾਲ ਦਰਸ਼ਕਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਵੀ ਆਨੰਦ ਮਾਣਿਆ ਅਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵੱਲੋਂ ਲੰਗਰ ਦੀ ਸੇਵਾ ਵੀ ਨਿਭਾਈ ਗਈ। ਦਹਾਕਿਆਂ ਦੇ ਤਜਰਬੇ ਵਾਲੇ ਬੋਰਡ ਦੁਆਰਾ ਸਥਾਪਿਤ ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਲੋਅਰ ਮੇਨਲੈਂਡ ਵਿੱਚ ਫੀਲਡ ਹਾਕੀ ਦੇ ਵਿਕਾਸ ਪਿੱਛੇ ਇੱਕ ਅਹਿਮ ਤਾਕਤ ਬਣ ਗਈ ਹੈ।

ਇਸ ਸੰਸਥਾ ਦੀ ਵਚਨਬੱਧਤਾ ਕੈਨੇਡਾ ਕੱਪ ਦੀ ਮੇਜ਼ਬਾਨੀ ਕਰਨ ਤੋਂ ਕਿਤੇ ਵੱਧ ਹੈ। ਉਹ ਨੌਜਵਾਨ ਲੀਗਾਂ, ਸੈਕੰਡਰੀ ਸਕੂਲ ਪੱਧਰ ਤੋਂ ਸ਼ੁਰੂ ਹੋਣ ਵਾਲੇ ਖਿਡਾਰੀਆਂ ਦੇ ਵਿਕਾਸ ਪ੍ਰੋਗਰਾਮਾਂ ਅਤੇ ਸਕਾਲਰਸ਼ਿਪ ਪਹਿਲਕਦਮੀਆਂ ਰਾਹੀਂ ਅਥਲੀਟਾਂ ਦੀ ਅਗਲੀ ਪੀੜ੍ਹੀ ਨੂੰ ਲਗਾਤਾਰ ਪ੍ਰੇਰਿਤ ਕਰਦੇ ਹਨ। ਉਹਨਾਂ ਦਾ ਕੰਮ ਸਿਰਫ ਖੇਡਣ ਦੀ ਯੋਗਤਾ ਬਣਾਉਣ ਉੱਤੇ ਕੇਂਦਰਿਤ ਨਹੀਂ ਹੈ ਸਗੋਂ 8 ਤੋਂ 18 ਸਾਲ ਦੇ ਨੌਜਵਾਨਾਂ ਵਿੱਚ ਆਤਮ ਵਿਸ਼ਵਾਸ, ਟੀਮ ਵਰਕ ਅਤੇ ਲੀਡਰਸ਼ਿਪ ਵਰਗੇ ਗੁਣ ਵੀ ਪੈਦਾ ਕੀਤੇ ਜਾਂਦੇ ਹਨ। ਵਿਧਾਇਕ ਸੁੰਨੜ ਅਤੇ ਬਰਾੜ ਨੇ ਪ੍ਰਬੰਧਕਾਂ, ਵਲੰਟੀਅਰਾਂ ਅਤੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਲਗਨ ਨੂੰ ਮਾਨਤਾ ਦਿੱਤੀ। ਵਿਧਾਇਕ ਜੈਸੀ ਸੁੰਨੜ ਨੇ ਕਿਹਾ ਕਿ ਵੈਸਟ ਕੋਸਟ ਕਿੰਗਜ਼ ਨੇ ਸਰੀ ਭਾਈਚਾਰੇ ਲਈ ਕੁਝ ਬਹੁਤ ਹੀ ਖਾਸ ਬਣਾਇਆ ਹੈ। ਉਹਨਾਂ ਦੱਸਿਆ ਕਿ ਇੱਕ ਸਾਬਕਾ ਹਾਕੀ ਖਿਡਾਰੀ ਵਜੋਂ ਉਹਨਾਂ ਨੇ ਖੁਦ ਸਾਲਾਂ ਪਹਿਲਾਂ ਇਹਨਾਂ ਮੈਦਾਨਾਂ ਉੱਤੇ ਅਭਿਆਸ ਕੀਤਾ ਸੀ ਅਤੇ ਹੁਣ ਇੱਥੇ ਟੂਰਨਾਮੈਂਟ ਹੁੰਦਾ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।

ਵਿਧਾਇਕ ਜਗਰੂਪ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਨੇਡਾ ਕੱਪ ਵਰਗੇ ਸਮਾਗਮ ਲੋਕਾਂ ਨੂੰ ਇਕੱਠੇ ਕਰਨ ਲਈ ਕਮਿਊਨਿਟੀ ਖੇਡਾਂ ਦੀ ਤਾਕਤ ਨੂੰ ਦਰਸਾਉਂਦੇ ਹਨ। ਉਹਨਾਂ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਨੇ ਇੱਕ ਅਜਿਹਾ ਮਾਹੌਲ ਸਿਰਜਿਆ ਹੈ ਜਿੱਥੇ ਅਥਲੀਟ ਉੱਚ ਪੱਧਰ ਉੱਤੇ ਮੁਕਾਬਲਾ ਕਰ ਸਕਦੇ ਹਨ ਅਤੇ ਨੌਜਵਾਨਾਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ। ਉੱਤਰੀ ਅਮਰੀਕਾ ਦੇ ਪ੍ਰਮੁੱਖ ਫੀਲਡ ਹਾਕੀ ਕਲੱਬਾਂ ਵਿੱਚੋਂ ਇੱਕ ਹੋਣ ਦੇ ਨਾਤੇ ਵੈਸਟ ਕੋਸਟ ਕਿੰਗਜ਼ ਨੇ ਮਹਾਂਦੀਪ ਭਰ ਦੇ ਮੁਕਾਬਲਿਆਂ ਵਿੱਚ ਆਪਣੀ ਸਫਲਤਾ ਰਾਹੀਂ ਇੱਕ ਵੱਖਰੀ ਪਛਾਣ ਬਣਾਈ ਹੈ। ਕੈਨੇਡਾ ਕੱਪ ਨੇ ਇੱਕ ਵਾਰ ਫਿਰ ਇਹ ਸਾਬਤ ਕੀਤਾ ਹੈ ਕਿ ਕਿਵੇਂ ਭਾਈਚਾਰਕ ਸੰਸਥਾਵਾਂ ਖਿਡਾਰੀਆਂ ਅਤੇ ਪਰਿਵਾਰਾਂ ਨੂੰ ਇਕੱਠਾ ਕਰਕੇ ਖੇਡਾਂ ਦਾ ਜਸ਼ਨ ਮਨਾ ਸਕਦੀਆਂ ਹਨ ਅਤੇ ਸਰੀ ਨੂੰ ਇੱਕ ਜੀਵੰਤ ਭਾਈਚਾਰਾ ਬਣਾਉਣ ਵਿੱਚ ਯੋਗਦਾਨ ਪਾ ਸਕਦੀਆਂ ਹਨ। This report was written by Ekjot Singh as part of the Local Journalism Initiative.

Popular