ਸਰੀ, (ਦਿਵਰੂਪ ਕੌਰ): ਐਡਮੰਟਨ ਦੇ ਡਾਊਨਟਾਊਨ ਵਿੱਚ ਕਾਰੋਬਾਰਾਂ ਨੂੰ ਬਚਾਉਣ ਲਈ ਡਾਊਨਟਾਊਨ ਰੀਵਾਈਟਲਾਈਜ਼ੇਸ਼ਨ ਕੋਲੀਸ਼ਨ (ਡੀਆਰਸੀ) ਵੱਲੋਂ ਤਬਦੀਲੀਆਂ ਕਰਨ ਦੀ ਤੁਰੰਤ ਮੰਗ ਕੀਤੀ ਗਈ ਹੈ। ਇਹ ਮੰਗ ਸਿਟੀ ਕੌਂਸਲ ਨੂੰ ਐਮਰਜੈਂਸੀ ਉਪਾਅ ਲਾਗੂ ਕਰਨ ਲਈ ਕੀਤੀ ਗਈ ਹੈ, ਕਿਉਂਕਿ ਇਸ ਗਰਮੀ ਦੇ ਮੌਸਮ ਵਿੱਚ ਅੱਧਾ ਦਰਜਨ ਤੋਂ ਵੱਧ ਡਾਊਨਟਾਊਨ ਰੈਸਟੋਰੈਂਟਾਂ ਦੇ ਬੰਦ ਹੋਣ ਦਾ ਐਲਾਨ ਹੋਇਆ ਹੈ। ਡੀਆਰਸੀ ਦੀ ਚੇਅਰਪਰਸਨ ਚੈਰਿਲ ਵਾਟਸਨ ਦਾ ਕਹਿਣਾ ਹੈ ਕਿ ਕਾਰੋਬਾਰਾਂ ਨੂੰ ਬੰਦ ਹੁੰਦੇ ਦੇਖਣਾ ਬਹੁਤ ਚਿੰਤਾਜਨਕ ਹੈ, ਇਸ ਲਈ ਡੀਆਰਸੀ ਕੁਝ ਅਜਿਹੇ ਸੁਝਾਅ ਦੇ ਰਹੀ ਹੈ ਜੋ ਐਡਮੰਟਨ ਸਿਟੀ ਕੌਂਸਲ ਲਈ ਲਾਗੂ ਕਰਨੇ ਵਿਵਹਾਰਕ ਹਨ।
ਵਾਟਸਨ ਅਨੁਸਾਰ ਨਿਰਮਾਣ ਕਾਰਜ ਜ਼ਰੂਰੀ ਹਨ ਪਰ ਜਿਸ ਤਰੀਕੇ ਨਾਲ ਇਸ ਸਮੇਂ ਇਨ੍ਹਾਂ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ, ਉਹ ਉਨ੍ਹਾਂ ਕਾਰੋਬਾਰਾਂ ਉੱਤੇ ਅਸਹਿਣਯੋਗ ਬੋਝ ਪਾ ਰਿਹਾ ਹੈ ਜੋ ਪਹਿਲਾਂ ਹੀ ਜਨਤਕ ਸੁਰੱਖਿਆ ਚਿੰਤਾਵਾਂ, ਗਾਹਕਾਂ ਦੀ ਘੱਟ ਆਮਦ ਅਤੇ ਵੱਧ ਰਹੀ ਸੰਚਾਲਨ ਲਾਗਤ ਦਾ ਸਾਹਮਣਾ ਕਰ ਰਹੇ ਹਨ। ਗਠਜੋੜ ਨੇ ਇੱਕ ਡਾਊਨਟਾਊਨ ਆਰਥਿਕ ਸਥਿਰਤਾ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਵਿੱਚ ਡਾਊਨਟਾਊਨ ਦੇ ਨਿਰਮਾਣ ਕਾਰਜਾਂ ਦੇ ਤਾਲਮੇਲ ਵਿੱਚ ਤੁਰੰਤ ਬਦਲਾਅ ਕਰਨ ਦੀ ਗੱਲ ਕਹੀ ਗਈ ਹੈ, ਜਿਸ ਵਿੱਚ ਕਾਰੋਬਾਰੀ ਪਹੁੰਚ ਅਤੇ ਗਾਹਕਾਂ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ਨੂੰ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ।
ਇਸ ਯੋਜਨਾ ਵਿੱਚ ਨਿਰਮਾਣ ਵਾਲੀਆਂ ਥਾਵਾਂ ਉੱਤੇ ਸਫਾਈ, ਪੈਦਲ ਯਾਤਰੀਆਂ ਲਈ ਰਸਤੇ, ਵਾੜ ਅਤੇ ਸਾਈਨੇਜ ਲਈ ਠੇਕੇਦਾਰਾਂ ਵਾਸਤੇ ਉੱਚੇ ਮਾਪਦੰਡ ਤੈਅ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਹ ਥਾਵਾਂ ਲੋਕਾਂ ਨੂੰ ਆਉਣ ਤੋਂ ਨਾ ਰੋਕਣ। ਇਸ ਦੇ ਨਾਲ ਹੀ 2026 ਦੇ ਬਾਕੀ ਨਿਰਮਾਣ ਸੀਜ਼ਨ ਲਈ ਮੁਫਤ ਆਨ-ਸਟ੍ਰੀਟ ਪਾਰਕਿੰਗ ਅਤੇ ਡਾਊਨਟਾਊਨ ਕਾਰੋਬਾਰਾਂ ਲਈ ਪੈਟੀਓ ਪਰਮਿਟ ਫੀਸ ਮੁਆਫ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ। ਸ਼ਹਿਰ ਦੇ ਡਾਊਨਟਾਊਨ ਕਾਰੋਬਾਰੀ ਤਾਲਮੇਲ ਲਈ ਇੱਕ ਸੀਨੀਅਰ ਪ੍ਰਸ਼ਾਸਨਿਕ ਮੁਖੀ ਨਿਯੁਕਤ ਕਰਨ ਅਤੇ ਚੁੱਕੇ ਗਏ ਕਦਮਾਂ ਬਾਰੇ ਨਿਯਮਤ ਜਨਤਕ ਰਿਪੋਰਟਿੰਗ ਦੀ ਮੰਗ ਵੀ ਕੀਤੀ ਗਈ ਹੈ। This report was written by Divroop Kaur as part of the Local Journalism Initiative.

