ਸਰੀ, (ਦਿਵਰੂਪ ਕੌਰ): ਪੀਲ ਰੀਜਨਲ ਪੁਲਿਸ ਵੱਲੋਂ ਕਈ ਮਹੀਨਿਆਂ ਤੱਕ ਚਲਾਈ ਗਈ ਇੱਕ ਵਿਆਪਕ ਜਾਂਚ ਤੋਂ ਬਾਅਦ ਐਮਐਸ-13 ਸਟ੍ਰੀਟ ਗੈਂਗ ਦੇ ਦੋ ਕਥਿਤ ਮੈਂਬਰਾਂ ਉੱਤੇ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਵੱਲੋਂ ਜਾਰੀ ਨਿਊਜ਼ ਰਿਲੀਜ਼ ਅਨੁਸਾਰ ‘ਪ੍ਰੋਜੈਕਟ ਮਰਮੇਡ’ ਨਾਮ ਦੀ ਇਹ ਜਾਂਚ ਨਵੰਬਰ 2025 ਵਿੱਚ ਸ਼ੁਰੂ ਹੋਈ ਸੀ। ਇਹ ਕਾਰਵਾਈ ਉਸ ਸਮੇਂ ਆਰੰਭੀ ਗਈ ਜਦੋਂ ਪੁਲਿਸ ਨੂੰ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਇੱਕ ਔਰਤ ਦੀ ਤਸਕਰੀ ਅਤੇ ਉਸਦਾ ਜਿਨਸੀ ਸ਼ੋਸ਼ਣ ਕੀਤੇ ਜਾਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਜਾਂਚ ਕਰਤਾਵਾਂ ਦਾ ਦੋਸ਼ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ, ਜੋ ਕਿ ਪਹਿਲਾਂ ਹੀ ਕੁਰੈਕਸ਼ਨਲ ਸਰਵਿਸ ਆਫ਼ ਕੈਨੇਡਾ ਦੀ ਜੇਲ੍ਹ ਵਿੱਚ ਲੰਬੀ ਸਜ਼ਾ ਕੱਟ ਰਿਹਾ ਹੈ, ਉੱਥੋਂ ਹੀ ਇਸ ਪੂਰੇ ਨੈਟਵਰਕ ਨੂੰ ਚਲਾ ਰਿਹਾ ਸੀ। ਉਹ ਇੱਕ ਗੈਰ-ਕਾਨੂੰਨੀ ਸੈੱਲਫੋਨ ਰਾਹੀਂ ਪੀੜਤਾ ਅਤੇ ਆਪਣੇ ਦੂਜੇ ਸਾਥੀ ਨਾਲ ਲਗਾਤਾਰ ਸੰਪਰਕ ਵਿੱਚ ਸੀ। ਪੁਲਿਸ ਅਨੁਸਾਰ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਪੀੜਤਾ ਨੂੰ ਡਰਾਉਣ, ਧਮਕਾਉਣ ਅਤੇ ਹਿੰਸਾ ਦਾ ਡਰ ਦਿਖਾ ਕੇ ਉਸ ਉੱਤੇ ਕੰਟਰੋਲ ਕੀਤਾ ਹੋਇਆ ਸੀ, ਅਤੇ ਉਹ ਉਸਦੇ ਜਿਨਸੀ ਸ਼ੋਸ਼ਣ ਤੋਂ ਮੋਟਾ ਆਰਥਿਕ ਫਾਇਦਾ ਉਠਾ ਰਹੇ ਸਨ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਮਿਸੀਸਾਗਾ ਅਤੇ ਕੌਲਿੰਗਵੁੱਡ ਵਿੱਚ ਚਾਰ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਮਿਸੀਸਾਗਾ ਦੇ ਰਹਿਣ ਵਾਲੇ 42 ਸਾਲਾ ਮਾਰਕੋਸ ਏਰੀਅਲ ਮਰੀਨੋਨੀ ਅਤੇ ਟੋਰਾਂਟੋ ਦੇ ਰਹਿਣ ਵਾਲੇ 30 ਸਾਲਾ ਕਾਰਲੋਸ ਗੁਟੀਰੇਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਉੱਤੇ ਮਨੁੱਖੀ ਤਸਕਰੀ, ਤਸਕਰੀ ਤੋਂ ਆਰਥਿਕ ਲਾਭ ਪ੍ਰਾਪਤ ਕਰਨ, ਜਿਨਸੀ ਸੇਵਾਵਾਂ ਦਾ ਇਸ਼ਤਿਹਾਰ ਦੇਣ ਅਤੇ ਹਥਿਆਰਾਂ ਨਾਲ ਹਮਲਾ ਕਰਨ ਸਮੇਤ ਕਈ ਹੋਰ ਗੰਭੀਰ ਦੋਸ਼ ਲਗਾਏ ਗਏ ਹਨ। ਦੋਵੇਂ ਮੁਲਜ਼ਮ ਇਸ ਸਮੇਂ ਪੁਲਿਸ ਦੀ ਹਿਰਾਸਤ ਵਿੱਚ ਹਨ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਪੀੜਤ ਹੋ ਸਕਦੇ ਹਨ ਜੋ ਅਜੇ ਸਾਹਮਣੇ ਨਹੀਂ ਆਏ ਹਨ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕਰਨ। This report was written by Divroop Kaur as part of the Local Journalism Initiative.

