ਸਰੀ, (ਦਿਵਰੂਪ ਕੌਰ): ਓਨਟਾਰੀਓ ਦੀ ਹੈਮਿਲਟਨ ਪੁਲਿਸ ਵੱਲੋਂ ਸੰਗਠਿਤ ਚੋਰੀ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਦੇ ਤਹਿਤ 32 ਵਿਅਕਤੀਆਂ ਉੱਤੇ 235 ਅਪਰਾਧਿਕ ਦੋਸ਼ ਲਗਾਏ ਗਏ ਹਨ। ਇਸ ਕਾਰਵਾਈ ਦੌਰਾਨ ਪੁਲਿਸ ਨੇ 300,000 ਡਾਲਰ ਦਾ ਚੋਰੀ ਕੀਤਾ ਹੋਇਆ ਸਾਮਾਨ ਅਤੇ 100,000 ਡਾਲਰ ਦੀ ਕੀਮਤ ਵਾਲੀ ਇੱਕ 2021 ਰੈਮ ਟੀਆਰਐਕਸ ਗੱਡੀ ਵੀ ਬਰਾਮਦ ਕੀਤੀ ਹੈ। ਹੈਮਿਲਟਨ ਦੇ ਹੋਮ ਡਿਪੋ ਸਟੋਰਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ 25 ਪ੍ਰਤੀਸ਼ਤ ਦਾ ਵਾਧਾ ਹੋਣ ਤੋਂ ਬਾਅਦ ਪੁਲਿਸ ਨੇ ਪ੍ਰੋਜੈਕਟ ਚੈੱਕਆਊਟ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਗਿਰੋਹ ਹੋਮ ਡਿਪੋ ਸਟੋਰਾਂ ਤੋਂ ਕੀਮਤੀ ਔਜ਼ਾਰ ਅਤੇ ਉਸਾਰੀ ਦਾ ਸਾਮਾਨ ਚੋਰੀ ਕਰਕੇ ਉਨ੍ਹਾਂ ਨੂੰ ਆਨਲਾਈਨ ਮਾਰਕੀਟ ਵਿੱਚ ਬਹੁਤ ਘੱਟ ਕੀਮਤਾਂ ਉੱਤੇ ਵੇਚਦਾ ਸੀ। ਕਈ ਮਾਮਲਿਆਂ ਵਿੱਚ ਇਨ੍ਹਾਂ ਦੋਸ਼ੀਆਂ ਨੇ ਸਟੋਰ ਦੇ ਕਰਮਚਾਰੀਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ। ਚਾਰ ਮਹੀਨੇ ਚੱਲੀ ਇਸ ਜਾਂਚ ਦੌਰਾਨ ਪੁਲਿਸ ਨੇ ਦੋ ਥਾਵਾਂ ਉੱਤੇ ਛਾਪੇਮਾਰੀ ਕਰਕੇ ਸੈਂਕੜੇ ਔਜ਼ਾਰ ਬਰਾਮਦ ਕੀਤੇ। ਪੁਲਿਸ ਦਾ ਕਹਿਣਾ ਹੈ ਕਿ ਚੋਰੀ ਦਾ ਸਾਮਾਨ ਆਨਲਾਈਨ ਵੇਚਣ ਨਾਲ ਅਪਰਾਧਿਕ ਗਤੀਵਿਧੀਆਂ ਨੂੰ ਹੁਲਾਰਾ ਮਿਲਦਾ ਹੈ ਅਤੇ ਕਾਰੋਬਾਰੀਆਂ ਦਾ ਭਾਰੀ ਨੁਕਸਾਨ ਹੁੰਦਾ ਹੈ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 32 ਵਿਅਕਤੀਆਂ ਵਿੱਚੋਂ 13 ਵਿਅਕਤੀ ਦੱਖਣੀ ਏਸ਼ੀਆਈ ਮੂਲ ਦੇ ਹਨ ਜਿਨ੍ਹਾਂ ਦੀ ਉਮਰ 23 ਤੋਂ 46 ਸਾਲ ਦਰਮਿਆਨ ਹੈ। ਇਨ੍ਹਾਂ ਵਿੱਚ ਰਾਜਵਿੰਦਰ ਸਿੰਘ, ਕਰਨਬੀਰ ਸਿੰਘ, ਸਰਤਾਜ ਸਿੰਘ, ਲਖਵੀਰ ਸਿੰਘ, ਆਸ਼ੀਸ਼ ਸ਼ਰਮਾ, ਵਿਸ਼ਕਵਜੀਤ ਸਿੰਘ, ਵਿਸ਼ਵਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ, ਦਲਜਿੰਦਰ ਸਿੰਘ, ਗੁਰਜੀਤ ਸਿੰਘ, ਮਲਕੀਤ ਸਿੰਘ ਅਤੇ ਕਮਲਜੀਤ ਸੰਧੂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਉੱਤੇ ਚੋਰੀ ਕਰਨ, ਚੋਰੀ ਦਾ ਸਾਮਾਨ ਆਪਣੇ ਕੋਲ ਰੱਖਣ, ਪ੍ਰੋਬੇਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਅਦਾਲਤੀ ਹੁਕਮਾਂ ਦੀ ਅਣਦੇਖੀ ਕਰਨ ਵਰਗੇ ਕਈ ਗੰਭੀਰ ਦੋਸ਼ ਦਰਜ ਕੀਤੇ ਗਏ ਹਨ। This report was written by Divroop Kaur as part of the Local Journalism Initiative.

