Thursday, August 13, 2026

ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਨੂੰ ਰੱਖਿਆ ਸਥਿਰ

ਸਰੀ, (ਦਿਵਰੂਪ ਕੌਰ): ਅਮਰੀਕੀ ਫੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਆਪਣੀ ਮੁੱਖ ਵਿਆਜ ਦਰ ਨੂੰ ਬਦਲਾਅ ਤੋਂ ਬਿਨਾਂ ਸਥਿਰ ਰੱਖਿਆ, ਹਾਲਾਂਕਿ ਕੇਂਦਰੀ ਬੈਂਕ ਵੱਲੋਂ ਲਗਾਤਾਰ ਉੱਚੀ ਮਹਿੰਗਾਈ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਚਰਚਾ ਦੌਰਾਨ ਤਿੰਨ ਅਧਿਕਾਰੀਆਂ ਨੇ ਉੱਚੀਆਂ ਵਿਆਜ ਦਰਾਂ ਦੇ ਹੱਕ ਵਿੱਚ ਆਪਣੀ ਹਿਮਤੀ ਪ੍ਰਗਟਾਈ। ਦੋ ਦਿਨਾਂ ਦੀ ਲੰਬੀ ਵਿਚਾਰ-ਚਰਚਾ ਤੋਂ ਬਾਅਦ ਫੈਡ ਦੀ ਰੇਟ-ਸੈਟਿੰਗ ਕਮੇਟੀ ਨੇ ਆਪਣਾ ਇਹ ਫੈਸਲਾ ਲਿਆ, ਜੋ ਕਿ ਲਗਾਤਾਰ ਪੰਜਵੀਂ ਮੀਟਿੰਗ ਹੈ ਜਿਸ ਵਿੱਚ ਬੈਂਚਮਾਰਕ ਦਰ ਨੂੰ ਲਗਭਗ 3.6 ਫੀਸਦੀ ਉੱਤੇ ਬਰਕਰਾਰ ਰੱਖਿਆ ਗਿਆ ਹੈ। ਕੁਝ ਅਰਥ ਸ਼ਾਸਤਰੀਆਂ ਅਤੇ ਵਾਲ ਸਟਰੀਟ ਦੇ ਵਿਸ਼ਲੇਸ਼ਕਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਫੈਡ ਆਪਣੀ ਦਰ ਵਿੱਚ ਇੱਕ ਚੌਥਾਈ ਪੁਆਇੰਟ ਦਾ ਵਾਧਾ ਕਰੇਗਾ।
ਹਾਲਾਂਕਿ ਵਿਆਜ ਦਰਾਂ ਨੂੰ ਉਸੇ ਪੱਧਰ ਉੱਤੇ ਰੱਖਣ ਦਾ ਫੈਸਲਾ ਖਪਤਕਾਰਾਂ ਲਈ ਚੰਗੀ ਖਬਰ ਜਾਪਦਾ ਹੈ, ਪਰ ਕ੍ਰੈਡਿਟ ਕਾਰਡ ਦੀ ਔਸਤ ਦਰ ਅਜੇ ਵੀ 20 ਫੀਸਦੀ ਦੇ ਨੇੜੇ ਹੋਣ ਅਤੇ ਮੋਰਗੇਜ ਦਰਾਂ ਪਿਛਲੇ ਅਗਸਤ ਤੋਂ ਬਾਅਦ ਸਭ ਤੋਂ ਉੱਚੇ ਪੱਧਰ ਉੱਤੇ ਹੋਣ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲਣ ਦੀ ਉਮੀਦ ਨਹੀਂ ਹੈ।
ਮਹਿੰਗਾਈ ਪਿਛਲੇ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਕੇਂਦਰੀ ਬੈਂਕ ਦੇ 2 ਫੀਸਦੀ ਦੇ ਟੀਚੇ ਤੋਂ ਉੱਪਰ ਬਣੀ ਹੋਈ ਹੈ। ਈਰਾਨ ਨਾਲ ਜੰਗ ਨੇ ਆਰਥਿਕ ਦ੍ਰਿਸ਼ਟੀਕੋਣ ਬਾਰੇ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ ਅਤੇ ਊਰਜਾ ਦੀਆਂ ਕੀਮਤਾਂ ਨੂੰ ਉੱਪਰ ਵੱਲ ਵਧਾ ਦਿੱਤਾ ਹੈ, ਜਿਸ ਨਾਲ ਮਹਿੰਗਾਈ ਦਾ ਦਬਾਅ ਹੋਰ ਵਧ ਗਿਆ ਹੈ ਅਤੇ ਫੈਡਰਲ ਨੀਤੀ ਘੜਨ ਵਾਲਿਆਂ ਲਈ ਇੱਕ ਮੁਸ਼ਕਲ ਸਥਿਤੀ ਪੈਦਾ ਹੋ ਗਈ ਹੈ।
ਇਸ ਤੋਂ ਇਲਾਵਾ, ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤੇ ਤਕਨਾਲੋਜੀ ਕੰਪਨੀਆਂ ਦੁਆਰਾ ਖਰਚ ਕੀਤੇ ਜਾ ਰਹੇ ਵਿਸ਼ਾਲ ਧਨ ਨੇ ਨਿਰਮਾਣ ਨੂੰ ਚਲਾਇਆ ਹੈ ਅਤੇ ਕੰਪਿਊਟਰ ਚਿਪਸ ਅਤੇ ਬਿਜਲੀ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਦੇਸ਼ੀ ਵਸਤੂਆਂ ਉੱਤੇ ਟੈਰਿਫ ਵੀ ਮਹਿੰਗਾਈ ਦੇ ਦਬਾਅ ਵਿੱਚ ਵਾਧਾ ਕਰ ਰਹੇ ਹਨ। ਅਸਹਿਮਤੀ ਪ੍ਰਗਟ ਕਰਨ ਵਾਲੇ ਤਿੰਨ ਅਧਿਕਾਰੀਆਂ ਦੇ ਫੈਡਰਲ ਰਿਜ਼ਰਵ ਬੈਂਕ ਦੀ ਪ੍ਰਧਾਨ ਬੇਥ ਹੈਮੈਕ, ਮਿਨੀਆਪੋਲਿਸ ਫੈਡ ਦੇ ਪ੍ਰਧਾਨ ਨੀਲ ਕਾਸ਼ਕਾਰੀ, ਅਤੇ ਡਾਲਰਸ ਫੈਡ ਦੀ ਪ੍ਰਧਾਨ ਲੋਰੀ ਲੋਗਨ – ਨੇ ਪਹਿਲਾਂ ਵੀ ਉੱਚੀਆਂ ਕੀਮਤਾਂ ਦਾ ਮੁਕਾਬਲਾ ਕਰਨ ਲਈ ਵਿਆਜ ਦਰਾਂ ਵਧਾਉਣ ਦਾ ਸੱਦਾ ਦਿੱਤਾ ਸੀ।
ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ, ਫੈਡ ਦੇ ਚੇਅਰਮੈਨ ਕੈਵਿਨ ਵਾਰਸ਼ ਨੇ ਮਹਿੰਗਾਈ ਵਿਰੁੱਧ ਲੜਾਈ ਲਈ ਫੈਡ ਦੀ ਵਚਨਬੱਧਤਾ ਨੂੰ ਦੁਹਰਾਇਆ। ਉਸੇ ਸਮੇਂ, ਵਾਰਸ਼ ਨੇ ਕਿਹਾ ਕਿ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਅਤੇ ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸਨੂੰ ਅਸੀਂ ਦਿਨਾਂ ਜਾਂ ਹਫ਼ਤਿਆਂ ਵਿੱਚ ਪੂਰਾ ਕਰਨ ਦੇ ਯੋਗ ਹੋਵਾਂਗੇ।
ਵਾਰਸ਼ ਨੇ ਕਿਹਾ ਕਿ ਉਨ੍ਹਾਂ ਨੇ ਕਮੇਟੀ ਦੀ ਮੀਟਿੰਗ ਵਿੱਚ ਜ਼ੋਰਦਾਰ ਬਹਿਸ ਦਾ ਸਵਾਗਤ ਕੀਤਾ। ਆਰਥਿਕਤਾ ਨੂੰ ਲੈ ਕੇ ਬਣੀ ਇਸ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਅਧਿਕਾਰੀ ਬੈਂਚਮਾਰਕ ਦਰ ਨੂੰ ਬਦਲਣ ਤੋਂ ਪਹਿਲਾਂ ਹੋਰ ਆਰਥਿਕ ਅੰਕੜਿਆਂ ਦੀ ਉਡੀਕ ਕਰਨਾ ਚਾਹੁੰਦੇ ਹਨ। This report was written by Divroop Kaur as part of the Local Journalism Initiative.

Popular