Thursday, August 13, 2026

ਵਿਆਹ ਵਾਲੇ ਟੈਂਟ

ਬਰਾੜ-ਭਗਤਾ ਭਾਈ ਕਾ
+1-604-751-1113
ਕਈਆਂ ਦਿਨਾਂ ਪਿੱਛੋਂ ਜਿਉਂ ਹੀ ਬਾਬਾ ਤਾਰਾ ਸਿਉਂ ਸੱਥ `ਚ ਆਇਆ ਤਾਂ ਆਉਂਦਾ ਹੀ ਥੜ੍ਹੇ `ਤੇ ਬਹਿੰਦਾ ਬਹਿੰਦਾ ਨਾਥੇ ਅਮਲੀ ਨੂੰ ਪਹਿਲਾਂ ਹੀ ਟਿੱਚਰ `ਚ ਕਹਿੰਦਾ, “ਕਿਉਂ ਬਈ ਨਾਥਾ ਸਿਆਂ! ਬਲ਼ਾ ਬਾਹਲ਼ੇ ਦਿਨਾਂ ਪਿੱਛੋਂ ਸੱਥ `ਚ ਆਇਐਂ। ਲਾਮ੍ਹ ਲੂਮ੍ਹ ਨੂੰ ਗਿਆ ਵਿਆ ਸੀ ਕੁ ਮਖਤਿਆਰੋ ਨੇ ਕੁੱਕੜਾਂ ਦੀ ਰਾਖੀ ਬਹਾ ਛੱਡਿਆ ਸੀ?”
ਮੁਖਤਿਆਰੋ ਅਮਲੀ ਦੇ ਘਰ ਵਾਲੀ ਦਾ ਨਾਂ ਸੀ ਜਿਸ ਕਰਕੇ ਬਾਬੇ ਨੇ ਮੁਖਤਿਆਰੋ ਦਾ ਨਾਂਅ ਲੈ ਕੇ ਅਮਲੀ ਪਹਿਲਾਂ ਹੀ ਦੱਬ ਲਿਆ। ਆਇਆ ਤਾਂ ਸੱਥ `ਚ ਬਾਬਾ ਤਾਰਾ ਸਿਉਂ ਸੀ ਕਈਆਂ ਦਿਨਾਂ ਪਿੱਛੋਂ, ਕਿਉਂਕਿ ਬਾਬਾ ਨਾਨਕ ਛੱਕ ਲੈ ਕੇ ਦੋਹਤੇ ਦੇ ਵਿਆਹ ਗਿਆ ਹੋਇਆ ਸੀ, ਪਰ ਬਾਬੇ ਨੇ ਅਮਲੀ ਨੂੰ ਪਹਿਲਾਂ ਹੀ ਇਸ ਕਰਕੇ ਟਿੱਚਰ ਕੀਤੀ ਸੀ ਕਿ ਕਿਤੇ ਅਮਲੀ ਪਹਿਲਾਂ ਹੀ ਟਿੱਚਰ ਨਾ ਕਰ ਜਾਵੇ।
ਬਾਬੇ ਤਾਰਾ ਸਿਉਂ ਦੇ ਮੂੰਹੋਂ ਟਿੱਚਰ ਸੁਣ ਕੇ ਨਾਥਾ ਅਮਲੀ ਬਾਬੇ ਵੱਲ ਇਉਂ ਝਾਕਿਆ ਜਿਵੇਂ ਬਾਬੇ ਨੇ ਅਮਲੀ ਦੀ ਫੀਮ ਵਾਲੀ ਡੱਬੀ ਲਕੋ ਲਈ ਹੋਵੇ ਤੇ ਅਮਲੀ ਨੂੰ ਪਤਾ ਲੱਗ ਗਿਆ ਹੋਵੇ ਬਈ ਬਾਬੇ ਨੇ ਉਹਦਾ ਕੁਝ ਚੁੱਕ ਕੇ ਲਕੋ ਲਿਆ ਹੈ। ਬਾਬੇ ਦੇ ਮੂੰਹੋਂ ਟਿੱਚਰ ਸੁਣ ਕੇ ਪ੍ਰਤਾਪਾ ਭਾਊ ਬਾਬੇ ਨੂੰ ਕਹਿੰਦਾ,
“ਅੱਜ ਤਾਂ ਬਾਬਾ ਨਾਥੇ ਅਮਲੀ ਦੇ ਟਿੱਚਰ ਕਰਨ ਤੋਂ ਪਹਿਲਾਂ ਈਂ ਤੋਪ ਦਾ ਗੋਲ਼ਾ ਸਿੱਟ ਗਿਐਂ ਅਮਲੀ `ਤੇ। ਊਂ ਤਾਂ ਇੱਕ ਗੱਲੋਂ ਚੰਗਾ ਵੀ ਹੋ ਗਿਆ ਬਈ ਤੂੰ ਆਉਂਦੇ ਨੇ ਪਹਿਲਾਂ ਈਂ ਅਮਲੀ ਨੂੰ ਮਧੋਲ ਲਿਆ, ਨਹੀਂ ਤਾਂ ਇਹਨੇ ਤੇਰੀਆਂ ਆਲੀਆਂ ਐਹੋ ਜੀਆਂ ਗੁੱਡੀ ਘਮਾਉਣੀਆਂ ਸੀ, ਢਹੇ ਗੀਰ੍ਹੇ ਅਰਗਾ ਕਰ ਦੇਣਾ ਸੀ ਤੈਨੂੰ।”
ਮਾਹਲਾ ਨੰਬਰਦਾਰ ਪ੍ਰਤਾਪੇ ਭਾਊ ਨੂੰ ਕਹਿੰਦਾ, “ਕਿਉਂ ਭਾਊ! ਹੁਣ ਤਾਂ ਫਿਰ ਅਮਲੀ ਮੀਂਹ `ਚ ਭਿੱਜ ਕੇ ਫਿੱਸੇ ਹੋਏ ਗਿੱਲੇ ਤੰਦੂਰ ਅਰਗਾ ਹੋ ਗਿਆ। ਦੋਨਾਂ `ਚੋਂ ਇੱਕ ਦੇ ਤਾਂ ਛਿੱਕਲੀ ਪੈਣੀਉਂ ਈਂ ਪੈਣੀ ਸੀ। ਤਾਰਾ ਸਿਉਂ ਨ੍ਹੀ ਤਾਂ ਹੁਣ ਅਮਲੀ ਸਹੀ।” ਸੀਤਾ ਮਰਾਸੀ ਅਮਲੀ ਨੂੰ ਟਿੱਚਰਾਂ ਹੁੰਦੀਆਂ ਸੁਣ ਕੇ ਅਮਲੀ ਵਿੱਚਦੀ ਗੱਲ ਕੱਢ ਕੇ ਬਾਬੇ ਤਾਰਾ ਸਿਉਂ ਨੂੰ ਕਹਿੰਦਾ, “ਤੇਰੀ ਟਿੱਚਰ ਸੁਣ ਕੇ ਤਾਂ ਅਮਲੀ ਭਿੱਜੀ ਬਿੱਲੀ ਬਣ ਗਿਆ ਬਾਬਾ। ਅੱਜ ਤਾਂ ਤੈਂ ਬਰਫ ਚੀ ਲਾ `ਤਾ।”
ਗੱਲਾਂ ਸੁਣੀ ਜਾਂਦਾ ਬੁੱਘਰ ਦਖਾਣ ਵੀ ਬੋਲਿਆ, “ਅੱਬਲ ਤਾਂ ਅਮਲੀ ਹੁਣ ਦੋ ਤਿੰਨ ਦਿਨ ਸੱਥ `ਚ ਨ੍ਹੀ ਆਉਂਦਾ, ਜੇ ਕਿਤੇ ਆ ਵੀ ਗਿਆ ਤਾਂ ਅੱਜ ਆਂਗੂੰ ਗੂੰਗਾ ਚਿੜਾ ਬਣ ਕੇ ਬਹਿਣਾ ਪਊ।”
ਮੁਖਤਿਆਰਾ ਮੈਂਬਰ ਬਾਬੇ ਤਾਰਾ ਸਿਉਂ ਨੂੰ ਕਹਿੰਦਾ, “ਚੱਲ ਛੱਡ ਯਾਰ ਤਾਇਆ ਤੂੰ ਗੱਲ। ਹੁਣ ਤੂੰ ਵੀ ਦੱਸ ਦੇ ਬਈ ਤੂੰ ਕਿਉਂ ਨ੍ਹੀ ਆਇਆ ਐਨੇ ਦਿਨ ਸੱਥ `ਚ?”
ਮੁਖਤਿਆਰੇ ਮੈਂਬਰ ਦੀ ਹਾਂਅ `ਚ ਹਾਂਅ ਰਲਾਉਂਦਾ ਨਾਥਾ ਅਮਲੀ ਵੀ ਕੰਡੇ `ਚ ਹੋ ਕੇ ਬਾਬੇ ਨੂੰ ਕਹਿੰਦਾ, “ਕਿਉਂ ਬਾਬਾ! ਆਇਐਂ ਤੂੰ ਐਂ ਪੰਜਾਂ ਦਿਨਾਂ ਮਗਰੋਂ, ਕਹਿ `ਤਾ ਮੈਨੂੰ। ਤੂੰ ਦੱਸ ਕਿੱਥੋਂ ਆਇਐਂ ਐਨੇ ਦਿਨਾਂ ਪਿੱਛੋਂ?”
ਬਾਬਾ ਤਾਰਾ ਸਿਉਂ ਕਹਿੰਦਾ, “ਤੈਨੂੰ ਦੱਸਿਆ ਤਾਂ ਹੈ ਬਈ ਮੇਰੇ ਦੋਹਤੇ ਦਾ ਵਿਆਹ ਸੀ। ਨਾਨਕ ਛੱਕ ਭਰ ਕੇ ਆਏ ਆਂ।”
ਨਾਥਾ ਅਮਲੀ ਕਹਿੰਦਾ, “ਨਾਨਕ ਛੱਕ ਭਰ ਕੇ ਆਇਐਂ ਕੁ ਜੇਬ੍ਹ ਖੀਸਾ ਪੜਵਾ ਕੇ ਆਏ ਐਂ। ਤੁਰ੍ਹਲੇ ਆਲੀ ਪੱਗ ਵੀ ਤੂੰ ਈਂ ਬੰਨ੍ਹ ਕੇ ਤੂੰ ਬੈਠਾ ਹੋਏਂਗਾ ਸਾਰਿਆਂ ਤੋਂ ਮੂਹਰੇ, ਪੈਂਸੇ ਕੋਈ ਹੋਰ ਵਾਰੇ, ਮੂਹਰੇ ਤੂੰ ਬੈਠੈਂ,ਹੈਂਅ। ਚੱਲ ਤੂੰ ਹੁਣ ਇਉਂ ਦੱਸ ਬਈ ਜਿੱਥੇ ਗਾਹਾਂ ਜੰਨ ਗਏ ਸੀ, ਚੰਗੀ ਸੇਵਾ ਸੂਵਾ ਹੋਈ ਕੁ ਧੱਲੇ ਕਿਆਂ ਆਲੇ ਨੰਬਰਦਾਰਾਂ ਆਲੀ ਕੀਤੀ ਅਗਲਿਆਂ ਨੇ। ਧੱਲੇ ਕੇ ਵੀ ਆਪਾਂ ਵਿਆਹ ਗਏ ਸੀ, ਯਾਦ ਐ ਤੈਨੂੰ। ਪਤੰਦਰਾਂ ਨੇ ਖਾਣ ਪੀਣ ਆਲਾ ਨਮਾਂ ਈਂ ਢੌਂਗ ਰਚਾਇਆ ਵਿਆ ਸੀ।”
ਜੰਗੀਰੇ ਕਾ ਭੱਬੂ ਕਹਿੰਦਾ, “ਧੱਲੇ ਕੇ ਕਿਹੜੇ ਅਮਲੀਆ। ਜਿਹੜਾ ਮੋਗੇ ਕੋਲੇ ਐ। ਓੱਥੇ ਤਾਂ ਮੇਰੇ ਨਾਨਕੇ ਐ।”
ਅਮਲੀ ਕਹਿੰਦਾ, “ਐਧਰ ਗੰਗਾਨਗਰ ਕੋਲੇ ਐ ਰਾਜਸਥਾਨ `ਚ।”
ਧੱਲੇ ਕਿਆਂ ਵਾਲੇ ਨੰਬਰਦਾਰਾਂ ਦਾ ਨਾਂਅ ਸੁਣ ਕੇ ਬਾਬਾ ਤਾਰਾ ਸਿਉਂ ਨਾਥੇ ਅਮਲੀ ਨੂੰ ਕਹਿੰਦਾ, “ਕਿਉਂ ਖਰੀਂਢ ਚੇੜਦੈਂ ਅਮਲੀਆ। ਢਕੀ ਢਕਾਈ ਰਹਿਣ ਦੇ ਗੱਲ। ਇਹ ਆਪਣੀ ਸੱਥ ਆਲਿਆਂ ਨੂੰ ਕੋਈ ਗੱਲ ਥਿਅ੍ਹਾ ਜੇ ਸਹੀ, ਵੱਸ ਫੇਰ ਐਹੋ ਜਾ ਪੂੰਝਾ ਬੰਨ੍ਹਣਗੇ ਪਤੰਗੀ ਨੂੰ, ਛੱਤਣੀ ਚਾੜ੍ਹ ਕੇ ਹਟਦੇ ਐ ਫਿਰ ਗੱਲ।”
ਬਾਬੇ ਤੇ ਅਮਲੀ ਦੇ ਮੂੰਹੋਂ ਧੱਲੇ ਕਿਆਂ ਆਲੇ ਨੰਬਰਦਾਰਾਂ ਦੀ ਗੱਲ ਦਾ ਜਿਕਰ ਸੁਣ ਕੇ ਸਾਰੀ ਸੱਥ ਨੇ ਇਉਂ ਕੰਨ ਚੁੱਕ ਲਏ ਜਿਮੇਂ ਅੱਧੀ ਰਾਤ ਨੂੰ ਪਿੰਡ `ਚ ਚਾਰ ਪੰਜ ਫਾਇਰ ਹੋਣ ਪਿੱਛੋਂ ਗੁਰਦੁਆਰੇ ਦੇ ਸਪੀਕਰ `ਚੋਂ ਹੋਕੇ ਦੀ ਉਡੀਕ ਸੁਣਨ ਨੂੰ ਸਾਰੇ ਪਿੰਡ ਨੇ ਕੰਨ ਚੁੱਕੇ ਲਏ ਹੋਣ ਬਈ ਗੁਰਦੁਆਰੇ ਵਾਲਾ ਭਾਈ ਜੀ ਕੀ ਕਹੂ ਕਿ ਫਾਇਰ ਕਿੱਥੇ ਹੋਏ ਐ।
ਮਾਹਲਾ ਨੰਬਰਦਾਰ ਨਾਥੇ ਅਮਲੀ ਨੂੰ ਕਹਿੰਦਾ, “ਅਮਲੀਆ! ਇਹ ਕੀ ਗੱਲ ਐ ਬਈ ਧੱਲੇ ਕਿਆਂ ਆਲੇ ਨੰਬਰਦਾਰਾਂ ਦੇ ਵਿਆਹ ਆਲੀ।”
ਸੀਤਾ ਮਰਾਸੀ ਟਿੱਚਰ `ਚ ਹੱਸ ਕੇ ਕਹਿੰਦਾ, “ਕੁੱਟ ਕੱਟ ਪਈ ਹੋਣੀ ਐਂ ਬਾਬੇ ਤੇ ਅਮਲੀ ਦੇ ਧੱਲੇ ਕੀਂ, ਹੋਰ ਕਿਤੇ ਕੌਡੀ ਖੇਡਣ `ਚ ਗੁਰਜ ਤਾਂ ਨ੍ਹੀ ਜਿੱਤ ਲਿਆਏ। ਖਾ ਪੀ ਲੀ ਹੋਣੀ ਐ ਬਹੁਤੀ, ਮਾੜੀ ਮੋਟੀ ਕੋਈ ਸ਼ਰਾਰਤ ਸ਼ਰੂਰਤ ਹੋ ਗੀ ਹੋਣੀ ਐਂ ਕਿਸੇ ਹੋਰ ਤੋਂ, ਤਲੈਬਰ ਇਨ੍ਹਾਂ ਦੇ ਮੌਰਾਂ `ਚ ਧਰ `ਤੇ ਹੋਣੇ ਐਂ ਅਗਲਿਆਂ ਨੇ। ਕਿਉਂ ਅਮਲੀਆ ਓਏ! ਇਉਂ ਈਂ ਹੋਈ ਸੀ ਕੁ ਕੋਈ ਹੋਰ ਗੱਲ ਐ?”
ਅਮਲੀ ਕਹਿੰਦਾ, “ਕਾਹਨੂੰ ਕੁੱਟ ਪਈ ਸੀ। ਇਹ ਤਾਂ ਬਾਬਾ ਤਾਰਾ ਸਿਉਂ ਕਿਤੇ ਮੈਨੂੰ ਵੀ ਧੱਲੇ ਕੀਂ ਵਿਆਹ ਲੈ ਗਿਆ।”
ਬੁੱਘਰ ਦਖਾਣ ਨੇ ਅਮਲੀ ਨੂੰ ਗੱਲ ਕਰਦੇ ਨੂੰ ਟੋਕ ਕੇ ਪੁੱਛਿਆ, “ਧੱਲੇ ਕੀਂ ਕੀਅ੍ਹੈ ਬਾਬੇ ਦਾ ਜਾਂ ਤੇਰਾ ਓਏ?”
ਮਾਹਲਾ ਨੰਬਰਦਾਰ ਬੁੱਘਰ ਦਖਾਣ ਦੀ ਗੱਲ ਸੁਣ ਕੇ ਬੁੱਘਰ ਨੂੰ ਚੁੱਪ ਕਰਾਉਂਦਾ ਬੋਲਿਆ, “ਚੁੱਪ ਕਰ ਖਾਂ ਮਿਸਤਰੀਆ। ਗੱਲ ਸੁਣਨ ਦੇ ਯਾਰ। ਤਾਰਾ ਸਿਉਂ ਕੇ ਬਜੁਰਗਾਂ ਦੀ ਪੁਰਾਣੀ ਲਿਹਾਜ ਐ ਧੱਲੇ ਕਿਆਂ ਆਲੇ ਨੰਬਰਦਾਰਾਂ ਨਾਲ। ਸਕੀਰੀ ਨਾਲੋਂ ਵੱਧ ਵਰਤਦੇ ਆਪਸ ਵਿੱਚ।”
ਜੰਗਾ ਰਾਹੀ ਕਹਿੰਦਾ, “ਤੇ ਅਮਲੀ ਦੇ ਕੀ ਨੰਬਰਦਾਰਾਂ ਨਾਲ ਲੇਲ਼ੇ ਸਾਂਝੇ ਐ। ਇਹ ਕਿਮੇਂ ਗਿਆ ਸੀ ਵਿਆਹ?”
ਮਾਹਲਾ ਨੰਬਰਦਾਰ ਜੰਗੇ ਰਾਹੀ ਨੂੰ ਵੀ ਹਰਖ ਕੇ ਬੋਲਿਆ, “ਓਏ ਚੁੱਪ ਤਾਂ ਕਰ ਬਾਪੂ! ਗੱਲ ਸੁਣ ਲੈਣ ਦੇ ਯਾਰ। ਤੂੰ ਵਾਧੂ ਈ ਲੋਗੜ ਵਕੀਲ ਬਣਿਐਂ ਬੈਠੈਂ ਵਿੱਚ। ਜਦੋਂ ਨੂੰ ਗੱਲ ਤੁਰਦੀ ਐ, ਉਦੋਂ ਨੂੰ ਸਾਗ `ਚ ਡੋਈ ਫੇਰਨ ਆਲੀ ਗੱਲ ਕਰ ਦਿੰਨੇ ਐ। ਚੁੱਪ ਕਰ ਜਾ ਹੁਣ ਨਾ ਬੋਲੀਂ।”
ਜੰਗੇ ਰਾਹੀ ਤੇ ਬੁੱਘਰ ਦਖਾਣ ਨੂੰ ਚੁੱਪ ਹੋਇਆ ਵੇਖ ਕੇ ਸੀਤਾ ਮਰਾਸੀ ਨਾਥੇ ਅਮਲੀ ਨੂੰ ਕਹਿੰਦਾ, “ਹਾਂਅ ਬਈ ਨਾਥਾ ਸਿਆਂ! ਦੱਸ ਫਿਰ ਧੱਲੇ ਕਿਆਂ ਆਲੇ ਨੰਬਰਦਾਰਾਂ ਦੇ ਵਿਆਹ ਦੀ ਗੱਲ।”
ਨਾਥਾ ਅਮਲੀ ਗੱਲ ਸੁਣਾਉਣ ਨੂੰ ਪੈਰਾਂ ਭਾਰ ਹੋ ਕੇ ਬਾਬੇ ਤਾਰਾ ਸਿਉਂ ਦੇ ਨੇੜੇ ਹੋ ਕੇ ਕਹਿੰਦਾ, “ਬਾਬਾ ਤਾਰਾ ਸਿਉਂ ਧੱਲੇ ਕਿਆਂ ਆਲੇ ਨੰਬਰਦਾਰਾਂ ਦੇ ਮੁੰਡੇ ਦੇ ਵਿਆਹ `ਚ ਮੈਨੂੰ ਵੀ ਲੈ ਗਿਆ। ਨੰਬਰਦਾਰਾਂ ਨੂੰ ਸਾਰਾ ਪਿੰਡ ਕੰਜੂਸਾਂ ਦਾ ਲਾਣਾ ਕਹਿੰਦਾ। ਪਰ ਅਸੀਂ ਸਕੀਮੀਆਂ ਦਾ ਲਾਣਾ ਨਾਉਂ ਧਰ ਆਏ ਆਂ। ਨੰਬਰਦਾਰਾਂ ਨੇ ਜੰਨ ਚੜ੍ਹਣ ਤੋਂ ਇੱਕ ਦਿਨ ਪਹਿਲਾਂ ਮੁੰਡੇ ਦਾ ਮੰਗਣਾ ਕੀਤਾ ਸੀ ਤੇ ਅਗਲੇ ਦਿਨ ਜੰਨ ਗਈ ਸੀ। ਮੰਗਣੇ ਆਲੇ ਦਿਨ ਨੰਬਰਦਾਰਾਂ ਦੇ ਬਹੁਤ ਵੱਡੀ ਪਾਰਟੀ ਕੀਤੀ ਸੀ। ਅੱਡ ਅੱਡ ਪੰਜ ਟੈਂਟ ਲਾਏ ਵੇ ਸੀ। ਉਨ੍ਹਾਂ ਟੈਂਟਾਂ ਤੋਂ ਮੂਹਰੇ ਇੱਕ ਛੋਟਾ ਜਾ ਹੋਰ ਟੈਂਟ ਲਾਇਆ ਵਿਆ ਸੀ ਜੀਹਦੇ `ਚ ਬਹਿ ਕੇ ਨੰਬਰਦਾਰ ਲੋਕਾਂ ਤੋਂ ਤੇ ਸਕੀਰੀ ਆਲਿਆਂ ਤੋਂ ਨਿਉਂਦਾ ਲੈ ਕੇ ਬਹੀ `ਤੇ ਲਿਖਦੇ ਸੀ। ਓੱਦੂੰ ਪਿੱਛੋਂ ਜਿਹੜੇ ਪੰਜ ਟੈਂਟ ਲੱਗੇ ਵੇ ਸੀ, ਨਿਉਂਦਾ ਲੈ ਕੇ ਉਨ੍ਹਾਂ `ਚ ਅੱਡ ਅੱਡ ਕਰਕੇ ਭੇਜ ਦਿੰਦੇ ਸੀ। ਜਿਹੜਾ ਤਾਂ ਨਿਉਂਦੇ ਦੇ ਦਸ ਰਪੀਏ ਸ਼ਗਨ ਦਿੰਦਾ ਸੀ, ਉਨ੍ਹਾਂ ਨੂੰ ਤਾਂ `ਕੱਲੀ ਚਾਹ ਤੇ ਠੰਢੇ ਜੇ ਪਤੌੜਾਂ ਆਲੇ ਟੈਂਟ `ਚ ਵਾੜ ਦਿਆ ਕਰਨ ਨੰਬਰਦਾਰ, ਜਿਹੜੇ ਵੀਹ ਕੁ ਰਪੀਏ ਸ਼ਗਨ ਪਾਉਂਦੇ ਸੀ ਉਨ੍ਹਾਂ ਨੂੰ ਚਾਹ ਪਤੌੜਾਂ ਨਾਲ ਜਲੇਬੀਆਂ ਆਲੇ ਟੈਂਟ `ਚ ਵਾੜ ਦਿੰਦੇ ਸੀ। ਪੰਜਾਹਾਂ ਰਪੀਆਂ ਆਲਿਆਂ ਨੂੰ ਬਰਫੀ ਬੁਰਫੀ ਤੇ ਰਸ ਗੁੱਲੇ ਮਿਲਦੇ ਸੀ। ਜਿਹੜੇ ਸੌ ਰਪੀਆਂ ਆਲੇ ਸੀ, ਉਹ ਝਟਕੇ ਨਾਲ ਰੋਟੀ ਵੀ ਖਾ ਕੇ ਗਏ। ਜਿਹੜੇ ਸੌ ਤੋਂ ਵੱਧ ਆਲੇ ਸੀ, ਉਨ੍ਹਾਂ ਨੂੰ ਦਾਰੂ ਛਿੱਕਾ ਵੀ ਮਿਲਿਆ, ਆਂਡਿਆਂ ਦੀ ਭੁਰਜੀ ਵੀ ਮਿਲੀ। ਬੱਕਰੇ ਦਾ ਝੱਟਕਾ ਵੀ ਦਿੱਤਾ। ਹੋਰ ਵੀ ਬਹੁਤ ਨਿੱਕ ਸੁੱਕ ਸੀ।”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਗਮਦੂਰੇ ਬੁੜ੍ਹੇ ਨੇ ਅਮਲੀ ਨੂੰ ਪੁੱਛਿਆ, “ਤੂੰ ਤੇ ਤਾਰਾ ਸਿਉਂ ਫਿਰ ਕਿੰਨੇ ਰਪੀਆਂ ਆਲੇ ਟੈਂਟ `ਚ ਵੜ੍ਹੇ, ਆਵਦੀ ਦੀ ਦੱਸ ਦੇ?”
ਸੀਤਾ ਮਰਾਸੀ ਟਿੱਚਰ `ਚ ਕਹਿੰਦਾ, “ਬਾਬਾ ਤਾਰਾ ਸਿਉਂ ਤਾਂ ਸੌ ਰਪੀਏ ਆਲੇ ਟੈਂਟ ਚੀ ਗਿਆ ਹੋਊ। ਇਹਦੇ ਅਮਲੀ ਕੋਲੇ ਪੰਜ ਰਪੀਏ ਹੋਣੇ ਐਂ ਅਗਲਿਆਂ ਨੇ ਇਹਨੂੰ ਨਿਉਂਦੇ ਆਲੇ ਟੈਂਟ ਦੇ ਬਾਹਰ ਈ ਬਠਾ ਕੇ ਲੱਡੂ ਜਲੇਬੀਆਂ ਤੇ ਪਤੌੜਾਂ ਪਤੂੜਾਂ ਦਾ ਗਤਾਵਾ ਜਾ ਕਰਕੇ ਮੋਢੇ ਆਲੇ ਡਵੱਟੇ `ਚ ਪਾ ਕੇ ਕਹਿ `ਤਾ ਹੋਣਾ ‘ਹੋਥੇ ਪਰ੍ਹਾਂ ਹੋ ਕੇ ਖਾ ਲਾ’।”
ਗਮਦੂਰਾ ਬੁੜ੍ਹਾਂ ਕਹਿੰਦਾ, “ਨਹੀਂ ਯਾਰ ਇਉਂ ਤਾਂ ਨ੍ਹੀ ਹੋਈ ਹੋਣੀ। ਫਿਰ ਵੀ ਤਾਰਾ ਸਿਉਂ ਦਾ ਬਾਡੀਗਾਡ ਬਣ ਕੇ ਗਿਆ ਸੀ, ਦਸਾਂ ਆਲੇ ਟੈਂਟ `ਚ ਤਾਂ ਵੜਿਆ ਈ ਹੋਊ ਜੇ ਤਾਰਾ ਸਿਉਂ ਨਾਲ ਨਹੀਂ ਗਿਆ ਤਾਂ।”
ਮਰਾਸੀ ਕਹਿੰਦਾ, “ਰਪੀਏ ਤਾਂ ਇਹਦੇ ਕੋਲੇ ਪੰਜ ਸੀ। ਦਸਾਂ ਤੋਂ ਘੱਟ ਆਲਾ ਟੈਂਟ ਤਾਂ ਹੈ ਈ ਨ੍ਹੀ ਸੀ ਓੱਥੇ। ਜੇ ਕਿਤੇ ਭੁੱਲ ਭਲੇਖੇ ਨਾਲ ਜਾਂ ਬਾਬੇ ਤਾਰਾ ਸਿਉਂ ਨਾਲ ਸੌ ਆਲੇ ਟੈਂਟ `ਚ ਵੜ ਵੀ ਗਿਆ ਹੋਇਆ ਤਾਂ ਅਗਲਿਆਂ ਨੇ ਇਉਂ ਘੜੀਸ ਕੇ ਬਾਹਰ ਕੱਢਿਆ ਹੋਣੈ ਜਿਮੇਂ ਨਿਹਾਲੂ ਦੀ ਆਟਾ ਚੱਕੀ ਤੋਂ ਕੁੱਤੇ ਆਟੇ ਦੀ ਬੋਰੀ ਘੜੀਸ ਕੇ ਲੈ ਗੇ ਸੀ।”
ਅਮਲੀ ਸੀਤੇ ਮਰਾਸੀ ਤੋਂ ਟਿੱਚਰ ਸੁਣ ਕੇ ਅਮਲੀ ਨੂੰ ਹਰਖ ਕੇ ਪੈ ਗਿਆ, “ਟੈਂਟ ਤੂੰ ਲਾ ਕੇ ਆਇਆ ਸੀ ਓੱਥੇ ਬਈ ਤੈਨੂੰ ਬਾਹਲ਼ਾ ਪਤੈ। ਪਿੰਡ ਦੀ ਕਦੇ ਜੂਹ ਨ੍ਹੀ ਟੱਪਿਆ, ਗੱਲਾਂ ਕਰੂ ਵਲੈਤ ਦੀਆਂ। ਬੈਠਾ ਰਹਿ ਓਏ ਅੰਨ ਖਾਣਿਆਂ। ਸਾਲਾ ਤੁਰਲ ਮੁਰਲ ਜਾ ਨਾ ਹੋਵੇ ਤਾਂ।”
ਨਾਥੇ ਅਮਲੀ ਨੂੰ ਹਰਖਿਆ ਵੇਖ ਕੇ ਬਾਬੇ ਤਾਰਾ ਸਿਉਂ ਨੇ ਮਾਰਿਆ ਫਿਰ ਦਬਕਾ, “ਬਹਿੰਦੇ ਨ੍ਹੀ ਓਏ ਚੁੱਪ ਕਰਕੇ। ਗੱਲ ਕੀ ਚੱਲਦੀ ਸੀ ਕਰਦੇ ਕੀ ਐ। ਆਂਈਂ ਤੁਸੀਂ ਲੜ ਪੈਣਾ। ਸੋਨੂੰ ਤਾਂ ਕਿਸੇ ਨੇ ਕਹਿਣਾ ਕੁਸ ਨ੍ਹੀ, ਸਾਡਾ ਧੌਲ਼ਾ ਝਾਟਾ ਪਟਾਉਂਗੇ ਪਿੰਡ ਆਲਿਆਂ ਤੋਂ। ਪਿੰਡ ਆਲੇ ਤਾਂ ਸਾਨੂੰ ਈਂ ਕਹਿਣਗੇ ਬਈ ਤੁਸੀ ਤਾਂ ਸਿਆਣੇ ਸੀ, ਤੁਸੀ ਤਾਂ ਇਨ੍ਹਾਂ ਨੂੰ ਵਰਜਦੇ। ਚੱਲੋ ਉੱਠੋ ਘਰਾਂ ਨੂੰ ਚੱਲੋ, ਐਮੇ ਖਾਹ ਮਖਾਹ ਲੜ ਪੋਂ ਗੇ, ਉੱਠੋ। ਤੂੰ ਉੱਠ ਓਏ ਮੀਰ ਪਹਿਲਾਂ। ਚੱਲ, ਚੱਲੋ ਸਾਰੇ ਚੱਲੋ ਘਰਾਂ ਨੂੰ। ਚੱਲ ਓ ਨਾਥਾ ਸਿਆਂ ਤੁੰ ਵੀ ਤੁਰ ਘਰ ਨੂੰ।” ਬਾਬੇ ਤਾਰਾ ਸਿਉਂ ਦਾ ਦਬਕਾ ਸੁਣ ਕੇ ਸਾਰੇ ਸੱਥ ਵਾਲੇ ਧੱਲੇ ਕਿਆਂ ਵਾਲੇ ਨੰਬਰਦਾਰਾਂ ਦੇ ਵਿਆਹ ਦੀਆਂ ਗੱਲਾਂ ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।

Popular