Thursday, August 13, 2026

ਸਰੀ ਸਿਟੀ ਕੌਂਸਲ ਵੱਲੋਂ ਸੇਮੀਆਮੂ ਟਾਊਨ ਸੈਂਟਰ ਪਲਾਨ ਵਿੱਚ ਸੋਧਾਂ ਨੂੰ ਮਨਜ਼ੂਰੀ

ਸਰੀ, (ਦਿਵਰੂਪ ਕੌਰ): ਸਰੀ ਸਿਟੀ ਕੌਂਸਲ ਨੇ ਸੋਮਵਾਰ ਨੂੰ ਸੇਮੀਆਮੂ ਟਾਊਨ ਸੈਂਟਰ ਪਲਾਨ ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸੋਧਾਂ ਦਾ ਮੁੱਖ ਉਦੇਸ਼ ਇਸ ਪਲਾਨ ਨੂੰ ਕਿੰਗ ਜਾਰਜ ਬੁਲੇਵਾਰਡ ਬੱਸ ਰੈਪਿਡ ਟਰਾਂਜ਼ਿਟ ਭਾਵ ਬੀ.ਆਰ.ਟੀ. ਦੇ ਡਿਜ਼ਾਈਨ ਅਤੇ ਓਫੀਸ਼ੀਅਲ ਕਮਿਊਨਿਟੀ ਪਲਾਨ ਦੇ ਅਨੁਕੂਲ ਬਣਾਉਣਾ ਹੈ। ਸਿਟੀ ਕਾਰਪੋਰੇਟ ਦੀ ਰਿਪੋਰਟ ਅਨੁਸਾਰ ਇਨ੍ਹਾਂ ਸੋਧਾਂ ਵਿੱਚ ਜ਼ਮੀਨ ਦੀ ਵਰਤੋਂ ਅਤੇ ਸੜਕ ਨੈੱਟਵਰਕ ਦੇ ਨਕਸ਼ੇ ਨੂੰ ਅਪਡੇਟ ਕਰਨਾ ਸ਼ਾਮਲ ਹੈ। ਕਿੰਗ ਜਾਰਜ ਬੁਲੇਵਾਰਡ ਬੀ.ਆਰ.ਟੀ. ਦਾ ਟਰਮੀਨਸ ਹੁਣ 152 ਸਟਰੀਟ ਅਤੇ 16 ਐਵੇਨਿਊ ਵਿਖੇ ਬਣਾਇਆ ਜਾਵੇਗਾ। ਪਹਿਲਾਂ ਇਹ ਟਰਮੀਨਸ 16 ਐਵੇਨਿਊ ਅਤੇ 156 ਸਟਰੀਟ ਦੇ ਨੇੜੇ ਬਣਾਉਣ ਦੀ ਯੋਜਨਾ ਸੀ।
ਮਈ 2026 ਵਿੱਚ ਕੌਂਸਲ ਨੇ ਬੀ.ਆਰ.ਟੀ. ਦੇ ਸੰਕਲਪ ਡਿਜ਼ਾਈਨ ਲਈ ਇੱਕ ਰਿਪੋਰਟ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਤਹਿਤ ਇਸ ਟਰਮੀਨਸ ਨੂੰ 16 ਐਵੇਨਿਊ ਦੇ ਉੱਤਰੀ ਪਾਸੇ ਅਤੇ 152 ਸਟਰੀਟ ਦੇ ਪੱਛਮ ਵੱਲ ਅੰਤਿਮ ਰੂਪ ਦਿੱਤਾ ਗਿਆ ਸੀ। ਰਿਪੋਰਟ ਅਨੁਸਾਰ ਬੀ.ਆਰ.ਟੀ. ਸਟੇਸ਼ਨ ਅਤੇ 3 ਬੱਸਾਂ ਦੇ ਰੁਕਣ ਲਈ 16 ਐਵੇਨਿਊ ਉੱਤੇ ਇੱਕ ਵਾਧੂ ਬੱਸ ਪੁੱਲਆਊਟ ਦਿੱਤਾ ਜਾਵੇਗਾ ਤਾਂ ਜੋ 16 ਐਵੇਨਿਊ ਦੀਆਂ ਪੱਛਮ ਵੱਲ ਜਾਣ ਵਾਲੀਆਂ 2 ਲੇਨਾਂ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਤੋਂ ਇਲਾਵਾ ਫਰਵਰੀ ਵਿੱਚ ਅਪਡੇਟ ਕੀਤੇ ਗਏ ਓ.ਸੀ.ਪੀ. ਦੇ ਲਾਗੂ ਹੋਣ ਨਾਲ ਸੇਮੀਆਮੂ ਟਾਊਨ ਸੈਂਟਰ ਪਲਾਨ ਦੇ ਜ਼ਮੀਨੀ ਉਪਯੋਗ ਵਿੱਚ ਵੀ ਬਦਲਾਅ ਕੀਤੇ ਗਏ ਹਨ ਜੋ ਕਿ ਅਸਲ 2022 ਪਲਾਨ ਦੀ ਥਾਂ ਲੈਣਗੇ।
ਬੀ.ਆਰ.ਟੀ. ਟਰਮੀਨਸ ਦੀ ਥਾਂ ਬਦਲਣ ਕਾਰਨ ਸੜਕ ਨੈੱਟਵਰਕ ਪਲਾਨ ਵਿੱਚ ਵੀ ਤਬਦੀਲੀਆਂ ਹੋਈਆਂ ਹਨ। ਹੁਣ 156 ਸਟਰੀਟ ਅਤੇ 157 ਸਟਰੀਟ ਦੇ ਵਿਚਕਾਰ 16 ਏ ਐਵੇਨਿਊ ਨੂੰ ਹਟਾ ਦਿੱਤਾ ਗਿਆ ਹੈ ਕਿਉਂਕਿ ਬੀ.ਆਰ.ਟੀ. ਸੰਚਾਲਨ ਲਈ ਇਸ ਸੜਕ ਦੀ ਲੋੜ ਨਹੀਂ ਹੈ। ਆਂਢ-ਗੁਆਂਢ ਤੱਕ ਪਹੁੰਚ ਨੂੰ ਆਸਾਨ ਬਣਾਉਣ ਲਈ 1646 ਤੋਂ 156 ਏ ਸਟਰੀਟ ਅਤੇ 1643 ਤੋਂ 157 ਸਟਰੀਟ ਦੇ ਵਿਚਕਾਰ ਇੱਕ ਨਵੀਂ ਲੇਨ ਜੋੜੀ ਗਈ ਹੈ। ਇਸੇ ਤਰ੍ਹਾਂ 152 ਸਟਰੀਟ ਅਤੇ 154 ਸਟਰੀਟ ਵਿਚਕਾਰ 23 ਏ ਐਵੇਨਿਊ ਨੂੰ ਖਤਮ ਕਰਕੇ 22 ਐਵੇਨਿਊ ਨੂੰ 152 ਏ ਸਟਰੀਟ ਤੋਂ 154 ਸਟਰੀਟ ਤੱਕ ਵਧਾ ਦਿੱਤਾ ਗਿਆ ਹੈ। ਇਸ ਨਾਲ ਸੇਮੀਆਮੂ ਟਾਊਨ ਸੈਂਟਰ ਰਾਹੀਂ ਪੂਰਬ ਤੋਂ ਪੱਛਮ ਵੱਲ ਜਾਣ ਵਾਲਾ ਇੱਕ ਨਿਰੰਤਰ ਲਾਂਘਾ ਮਿਲੇਗਾ ਜੋ 156 ਸਟਰੀਟ ਨਾਲ ਜੁੜੇਗਾ। This report was written by Divroop Kaur as part of the Local Journalism Initiative.

Popular