Thursday, August 13, 2026

ਸਰੀ ਵਿੱਚ 20 ਡਾਲਰ ਵਾਲੀ ਪੌਦਿਆਂ ਦੀ ਸੇਲ 18 ਅਗਸਤ ਤੋਂ

ਸਰੀ, (ਦਿਵਰੂਪ ਕੌਰ): ਸਰੀ ਸਿਟੀ ਦੀ ਬਹੁਤ ਹੀ ਮਸ਼ਹੂਰ 20 ਡਾਲਰ ਵਾਲੀ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ ਰੁੱਖ ਲਗਾਉਣ ਲਈ ਇੱਕ ਕਿਫ਼ਾਇਤੀ ਮੌਕਾ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਸਰੀ ਦੇ ਸ਼ਹਿਰੀ ਜੰਗਲ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਪਹਿਲੀ ਆਨਲਾਈਨ ਵਿਕਰੀ 18 ਅਗਸਤ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਬੂਟਿਆਂ ਦੀ ਪਿਕਅੱਪ 13 ਸਤੰਬਰ ਨੂੰ ਸਰੀ ਓਪਰੇਸ਼ਨ ਸੈਂਟਰ ਤੋਂ ਕੀਤੀ ਜਾ ਸਕੇਗੀ। ਇਸੇ ਤਰ੍ਹਾਂ ਦੂਜੀ ਵਿਕਰੀ 29 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ ਇਸ ਦੀ ਪਿਕਅੱਪ ਮਿਤੀ 25 ਅਕਤੂਬਰ ਰੱਖੀ ਗਈ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਅੱਜ ਲਗਾਏ ਗਏ ਦਰਖ਼ਤ ਆਉਣ ਵਾਲੇ ਕਈ ਦਹਾਕਿਆਂ ਤੱਕ ਸਰੀ ਨੂੰ ਲਾਭ ਪਹੁੰਚਾਉਣਗੇ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਇਸ ਪ੍ਰੋਗਰਾਮ ਵਿੱਚ ਭਾਰੀ ਪੱਧਰ ਉੱਤੇ ਨਿਵਾਸੀ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 25000 ਤੋਂ ਪਾਰ ਦਰਖ਼ਤ ਖ਼ਰੀਦੇ ਜਾ ਚੁੱਕੇ ਹਨ। ਇਹ ਕਿਫ਼ਾਇਤੀ ਵਿਕਰੀ ਲੋਕਾਂ ਲਈ ਆਪਣੇ ਘਰਾਂ ਦੀ ਸੁੰਦਰਤਾ ਵਧਾਉਣ ਦੇ ਨਾਲ ਨਾਲ ਇੱਕ ਹੋਰ ਹਰਿਆ ਭਰਿਆ, ਸਿਹਤਮੰਦ ਅਤੇ ਮਜ਼ਬੂਤ ਸ਼ਹਿਰ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਆਸਾਨ ਤਰੀਕਾ ਹੈ। ਹਰ ਵਿਕਰੀ ਦੌਰਾਨ 1000 ਰੁੱਖ ਉਪਲਬਧ ਹੋਣਗੇ ਅਤੇ ਇਹ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ ਉੱਤੇ ਵੇਚੇ ਜਾਣਗੇ। ਵਧੇਰੇ ਸਰੀ ਪਰਿਵਾਰਾਂ ਨੂੰ ਇਸ ਮੌਕੇ ਦਾ ਲਾਭ ਮਿਲ ਸਕੇ, ਇਸ ਲਈ ਹਰ ਵਿਕਰੀ ਵਿੱਚ ਪ੍ਰਤੀ ਪਰਿਵਾਰ 2 ਰੁੱਖ ਖ਼ਰੀਦਣ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ।
ਸਰੀ ਦੇ ਸ਼ਹਿਰੀ ਜੰਗਲਾਤ ਪ੍ਰਬੰਧਕ ਰੌਬ ਲੈਂਡੂਚੀ ਨੇ ਕਿਹਾ ਕਿ ਪਤਝੜ ਦਾ ਮੌਸਮ ਦਰਖ਼ਤ ਲਗਾਉਣ ਲਈ ਸਭ ਤੋਂ ਵਧੀਆ ਸਮਿਆਂ ਵਿੱਚੋਂ ਇੱਕ ਹੈ। ਸਿਟੀ ਦਾ ਇਹ ਰੁੱਖ ਵਿਕਰੀ ਪ੍ਰੋਗਰਾਮ ਨਿਵਾਸੀਆਂ ਲਈ ਸਰੀ ਦੇ ਸ਼ਹਿਰੀ ਜੰਗਲ ਦੀ ਰੱਖਿਆ ਅਤੇ ਇਸ ਨੂੰ ਵਧਾਉਣ ਦਾ ਇੱਕ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਤਰੀਕਾ ਹੈ। ਸਰੀ ਦੇ ਦਰਖਤਾਂ ਦੀ ਛਾਂ ਦਾ ਅੱਧ ਤੋਂ ਪਾਰ ਹਿੱਸਾ ਨਿੱਜੀ ਜਾਇਦਾਦਾਂ ਉੱਤੇ ਸਥਿਤ ਹੈ, ਇਸ ਲਈ ਘਰ ਮਾਲਕਾਂ ਦੀ ਭਾਗੀਦਾਰੀ ਸ਼ਹਿਰੀ ਜੰਗਲ ਨੂੰ ਵਧਾਉਣ ਅਤੇ ਸੁਰੱਖਿਅਤ ਰੱਖਣ ਵਿੱਚ ਭੂਮਿਕਾ ਨਿਭਾਉਂਦੀ ਹੈ। ਵਸਨੀਕ ਕਈ ਤਰ੍ਹਾਂ ਦੇ ਫਲਾਂ ਅਤੇ ਸਜਾਵਟੀ ਰੁੱਖਾਂ ਵਿੱਚੋਂ ਚੋਣ ਕਰ ਸਕਦੇ ਹਨ ਜਿਨ੍ਹਾਂ ਵਿੱਚ ਸੇਬ, ਚੈਰੀ, ਪਲੱਮ, ਡੌਗਵੁੱਡ, ਮੈਪਲ ਅਤੇ ਮੈਗਨੋਲੀਆ ਦੇ ਪੌਦੇ ਸ਼ਾਮਲ ਹਨ। ਉਪਲਬਧ ਦਰਖਤਾਂ ਦੀ ਚੋਣ ਨਿਵਾਸੀਆਂ ਦੀ ਪਸੰਦ, ਸਰੀ ਦੇ ਮੌਸਮ ਨਾਲ ਅਨੁਕੂਲਤਾ ਅਤੇ ਸਥਾਨਕ ਜੈਵਿਕ ਵਿਭਿੰਨਤਾ ਨੂੰ ਸਮਰਥਨ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ।

Popular