ਸਰੀ, (ਦਿਵਰੂਪ ਕੌਰ): ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਯਾਨੀ ਸੀਬੀਐਸਏ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਦੱਖਣੀ ਅਲਬਰਟਾ ਵਿੱਚ ਕੂਟਸ ਪੋਰਟ ਆਫ ਐਂਟਰੀ ਵਿਖੇ ਇੱਕ ਕਮਰਸ਼ੀਅਲ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਹੈ। ਇਹ ਕਾਰਵਾਈ 2 ਜੁਲਾਈ ਨੂੰ ਕੀਤੀ ਗਈ ਸੀ ਜਿਸ ਦੌਰਾਨ 300 ਕਿਲੋਗ੍ਰਾਮ ਸ਼ੱਕੀ ਮੈਥਾਮਫੇਟਾਮਾਈਨ ਅਤੇ 80 ਕਿਲੋਗ੍ਰਾਮ ਸ਼ੱਕੀ ਕੋਕੀਨ ਜ਼ਬਤ ਕੀਤੀ ਗਈ ਹੈ। ਇਹ ਟਰੱਕ ਕੈਲੀਫੋਰਨੀਆ ਤੋਂ ਆ ਰਿਹਾ ਸੀ ਅਤੇ ਇਸਨੇ ਅਲਬਰਟਾ ਦੇ ਵਿਲਨਾ ਸ਼ਹਿਰ ਵੱਲ ਜਾਣਾ ਸੀ। ਇਸ ਟਰੱਕ ਵਿੱਚ ਲੱਦੇ ਹੋਏ ਸਮਾਨ ਨੂੰ ਕਾਗਜ਼ਾਂ ਵਿੱਚ ਬਾਥ ਟਿਸ਼ੂ ਵਜੋਂ ਘੋਸ਼ਿਤ ਕੀਤਾ ਗਿਆ ਸੀ।
ਜਦੋਂ ਬਾਰਡਰ ਉੱਤੇ ਤਾਇਨਾਤ ਸੀਬੀਐਸਏ ਅਧਿਕਾਰੀਆਂ ਨੇ ਟਰੱਕ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਨੂੰ ਸਮਾਨ ਵਿੱਚ ਕੁਝ ਗੜਬੜੀ ਨਜ਼ਰ ਆਈ। ਸ਼ੱਕ ਪੈਣ ਉੱਤੇ ਜਦੋਂ ਹੋਰ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਨੇ 12 ਦਰਮਿਆਨੇ ਆਕਾਰ ਦੇ ਮੂਵਿੰਗ ਬਕਸਿਆਂ ਦੇ ਨਾਲ ਨਾਲ ਇੱਕ ਹੋਰ ਛੋਟੇ ਬਕਸੇ ਅਤੇ ਇੱਕ ਡਫਲ ਬੈਗ ਵਿੱਚ ਲੁਕਾ ਕੇ ਰੱਖੇ ਗਏ ਸ਼ੱਕੀ ਨਸ਼ੀਲੇ ਪਦਾਰਥਾਂ ਦਾ ਪਤਾ ਲਗਾਇਆ। ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਤੁਰੰਤ ਜ਼ਬਤ ਕਰ ਲਿਆ ਗਿਆ ਅਤੇ ਟਰੱਕ ਦੇ ਡਰਾਈਵਰ ਨੂੰ ਸੀਬੀਐਸਏ ਅਧਿਕਾਰੀਆਂ ਵੱਲੋਂ ਮੌਕੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ।
ਗ੍ਰਿਫਤਾਰ ਕੀਤੇ ਗਏ ਡਰਾਈਵਰ ਅਤੇ ਜ਼ਬਤ ਕੀਤੇ ਗਏ ਸ਼ੱਕੀ ਨਸ਼ੀਲੇ ਪਦਾਰਥਾਂ ਨੂੰ ਅਗਲੇਰੀ ਕਾਰਵਾਈ ਲਈ ਫੈਡਰਲ ਪੁਲਿਸਿੰਗ ਨੌਰਥਵੈਸਟ ਰੀਜਨ ਦੀ ਆਰਸੀਐਮਪੀ ਦੀ ਹਿਰਾਸਤ ਵਿੱਚ ਸੌਂਪ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਲਬਰਟਾ ਵਿੱਚ ਸੀਬੀਐਸਏ ਅਧਿਕਾਰੀਆਂ ਨੇ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ 1,292 ਮਾਮਲੇ ਦਰਜ ਕੀਤੇ ਸਨ। ਇਨ੍ਹਾਂ ਕਾਰਵਾਈਆਂ ਦੌਰਾਨ ਕੁੱਲ ਮਿਲਾ ਕੇ 1,054 ਕਿਲੋਗ੍ਰਾਮ ਕੋਕੀਨ ਅਤੇ 279 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤੀ ਗਈ ਸੀ ਜੋ ਕਿ ਸਰਹੱਦ ਪਾਰ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਇੱਕ ਪ੍ਰਾਪਤੀ ਹੈ। This report was written by Divroop Kaur as part of the Local Journalism Initiative.

