ਸਰੀ, (ਦਿਵਰੂਪ ਕੌਰ): ਸਰੀ ਅਤੇ ਇਸਦੇ ਆਸਪਾਸ ਦੇ ਭਾਈਚਾਰਿਆਂ ਦੇ ਲੋਕਾਂ ਲਈ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਖਬਰ ਸਾਹਮਣੇ ਆਈ ਹੈ। ਸਰੀ ਮੈਮੋਰੀਅਲ ਹਸਪਤਾਲ ਵਿਖੇ ਇੱਕ ਨਵੀਂ ਰੀਨਲ ਫੈਸਿਲਿਟੀ ਖੋਲ੍ਹੀ ਗਈ ਹੈ ਜਿਸ ਨਾਲ ਮਰੀਜ਼ਾਂ ਨੂੰ ਡਾਇਲਸਿਸ ਦੀ ਬਿਹਤਰ ਅਤੇ ਆਸਾਨ ਸਹੂਲਤ ਮਿਲ ਸਕੇਗੀ। ਸਿਹਤ ਮੰਤਰੀ ਜੋਸੀ ਓਸਬੋਰਨ ਨੇ ਕਿਹਾ ਕਿ ਜਿਹੜੇ ਲੋਕ ਜੀਵਨ ਰੱਖਿਅਕ ਕਿਡਨੀ ਦੇਖਭਾਲ ਉੱਤੇ ਨਿਰਭਰ ਕਰਦੇ ਹਨ ਉਨ੍ਹਾਂ ਨੂੰ ਇਸ ਨਵੀਂ ਸਹੂਲਤ ਦਾ ਬਹੁਤ ਲਾਭ ਹੋਵੇਗਾ। ਇਹ ਇੱਕ ਤੇਜ਼ੀ ਨਾਲ ਵੱਧ ਰਹੇ ਭਾਈਚਾਰੇ ਦਾ ਸਮਰਥਨ ਕਰਨ ਅਤੇ ਸੂਬੇ ਭਰ ਵਿੱਚ ਦੇਖਭਾਲ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਦੇ ਕੰਮ ਵਿੱਚ ਇੱਕ ਕਦਮ ਹੈ।
ਇਹ ਨਵੀਂ ਰੀਨਲ ਫੈਸਿਲਿਟੀ ਹਫਤੇ ਦੇ ਸੱਤੇ ਦਿਨ ਕੰਮ ਕਰੇਗੀ। ਸਰੀ ਮੈਮੋਰੀਅਲ ਹਸਪਤਾਲ ਕੈਂਪਸ ਦੇ ਉੱਤਰ ਪੱਛਮੀ ਕੋਨੇ ਉੱਤੇ ਸਥਿਤ ਇਸ ਕੇਂਦਰ ਵਿੱਚ 21 ਨਵੇਂ ਹੀਮੋਡਾਇਲਸਿਸ ਟ੍ਰੀਟਮੈਂਟ ਸਟੇਸ਼ਨ ਸ਼ਾਮਲ ਕੀਤੇ ਗਏ ਹਨ। ਇਸ ਨਾਲ ਹਸਪਤਾਲ ਵਿੱਚ ਇਨ੍ਹਾਂ ਸਟੇਸ਼ਨਾਂ ਦੀ ਕੁੱਲ ਗਿਣਤੀ 60 ਹੋ ਗਈ ਹੈ ਅਤੇ ਡਾਇਲਸਿਸ ਇਲਾਜ ਦੀ ਸਮਰੱਥਾ ਵਿੱਚ ਲਗਭਗ 55 ਫੀਸਦੀ ਦਾ ਵਾਧਾ ਹੋਇਆ ਹੈ। ਸਰੀ ਮੈਮੋਰੀਅਲ ਹਸਪਤਾਲ ਦੇ ਨੈਫਰੋਲੋਜੀ ਵਿਭਾਗ ਦੇ ਸਾਈਟ ਲੀਡ ਡਾਕਟਰ ਬ੍ਰੈਡਫੋਰਡ ਸਟ੍ਰੀਜੈਕ ਨੇ ਦੱਸਿਆ ਕਿ ਇਹ ਨਵੀਂ ਇਮਾਰਤ ਮਰੀਜ਼ਾਂ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ ਕਿਉਂਕਿ ਹੀਮੋਡਾਇਲਸਿਸ ਕੋਈ ਵਿਕਲਪਿਕ ਦੇਖਭਾਲ ਨਹੀਂ ਹੈ ਸਗੋਂ ਮਰੀਜ਼ਾਂ ਨੂੰ ਹਫਤੇ ਵਿੱਚ ਕਈ ਵਾਰ ਘੰਟਿਆਂ ਬੱਧੀ ਇਸਦੀ ਲੋੜ ਪੈਂਦੀ ਹੈ।ਸਰੀ ਮੈਮੋਰੀਅਲ ਹਸਪਤਾਲ ਹਰ ਸਾਲ ਲਗਭਗ 42,000 ਡਾਇਲਸਿਸ ਇਲਾਜ ਪ੍ਰਦਾਨ ਕਰਦਾ ਹੈ ਅਤੇ ਨਵੇਂ ਸੈਂਟਰ ਦੇ ਖੁੱਲ੍ਹਣ ਨਾਲ ਇਹ ਗਿਣਤੀ ਸਾਲਾਨਾ 65,000 ਤੱਕ ਪਹੁੰਚਣ ਦੀ ਉਮੀਦ ਹੈ। ਫਰੇਜ਼ਰ ਹੈਲਥ ਦੇ ਪ੍ਰਧਾਨ ਅਤੇ ਸੀਈਓ ਡਰਮੋਟ ਕੈਲੀ ਨੇ ਕਿਹਾ ਕਿ ਕਿਡਨੀ ਦੀ ਬਿਮਾਰੀ ਨਾਲ ਜਿਉਣਾ ਚੁਣੌਤੀਪੂਰਨ ਹੋ ਸਕਦਾ ਹੈ ਅਤੇ ਇਹ ਨਵਾਂ ਕੇਂਦਰ ਅਜਿਹਾ ਮਾਹੌਲ ਪ੍ਰਦਾਨ ਕਰਦਾ ਹੈ ਜਿੱਥੇ ਲੋਕ ਸਨਮਾਨ ਅਤੇ ਵਿਸ਼ਵਾਸ ਨਾਲ ਇਲਾਜ ਪ੍ਰਾਪਤ ਕਰ ਸਕਦੇ ਹਨ। ਸੂਬਾ ਸਰਕਾਰ ਨੇ ਸਰੀ ਹਸਪਤਾਲ ਫਾਊਂਡੇਸ਼ਨ ਦੇ ਯੋਗਦਾਨ ਨਾਲ ਇਸ ਨਵੀਂ ਸਹੂਲਤ ਵਿੱਚ 85 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ।
ਇਹ ਪ੍ਰੋਜੈਕਟ ਸਰੀ ਵਿੱਚ ਸਿਹਤ ਸੰਭਾਲ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਦੀ ਇੱਕ ਵਿਆਪਕ ਯੋਜਨਾ ਦਾ ਹਿੱਸਾ ਹੈ ਜਿਸ ਵਿੱਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ ਇੱਕ ਨਵਾਂ ਮੈਡੀਕਲ ਸਕੂਲ ਅਤੇ ਕਲੋਵਰਡੇਲ ਵਿੱਚ ਨਵਾਂ ਹਸਪਤਾਲ ਤੇ ਬੀਸੀ ਕੈਂਸਰ ਸੈਂਟਰ ਸ਼ਾਮਲ ਹੈ। ਇਸਤੋਂ ਇਲਾਵਾ ਸਰਜੀਕਲ ਸੇਵਾਵਾਂ ਦੇ ਵਿਸਤਾਰ ਦਾ ਕੰਮ ਵੀ ਜਾਰੀ ਹੈ ਜੋ 2026 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਵੱਖ ਵੱਖ ਵਿਧਾਇਕਾਂ ਅਤੇ ਅਧਿਕਾਰੀਆਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ। This report was written by Divroop Kaur as part of the Local Journalism Initiative.

