Thursday, August 13, 2026

ਜੰਗਲੀ ਅੱਗ 88 ਹੈਕਟੇਅਰ ਵਿੱਚ ਫੈਲੀ: ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

ਸਰੀ, (ਦਿਵਰੂਪ ਕੌਰ): ਲੋਗਨ ਲੇਕ ਨੇੜੇ ਲੱਗੀ ਜੰਗਲੀ ਅੱਗ 88 ਹੈਕਟੇਅਰ ਤੱਕ ਫੈਲ ਗਈ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਦੇ ਅਧਿਕਾਰੀਆਂ ਅਨੁਸਾਰ ਇਹ ਅੱਗ ਇਨਸਾਨੀ ਗਲਤੀ ਕਾਰਨ ਲੱਗੀ ਹੈ ਅਤੇ ਫਿਲਹਾਲ ਬੇਕਾਬੂ ਹੈ। ਮੌਕੇ ‘ਤੇ 24 ਫਾਇਰਫਾਈਟਰਜ਼ ਜ਼ਮੀਨੀ ਪੱਧਰ ‘ਤੇ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ ਅਤੇ ਏਰੀਅਲ ਬਕੇਟਿੰਗ ਰਾਹੀਂ ਵੀ ਪਾਣੀ ਪਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਰੈਂਕ 3 ਅਤੇ 4 ਦੇ ਪੱਧਰ ‘ਤੇ ਪਹੁੰਚ ਚੁੱਕੀ ਹੈ ਜਿਸ ਦਾ ਮਤਲਬ ਹੈ ਕਿ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ। ਇਸ ਕਾਰਜ ਵਿੱਚ ਲੋਗਨ ਲੇਕ ਫਾਇਰ ਵਿਭਾਗ ਵੀ ਪੂਰੀ ਮਦਦ ਕਰ ਰਿਹਾ ਹੈ ਅਤੇ ਟੀਮਾਂ ਮੌਕੇ ‘ਤੇ ਤਾਇਨਾਤ ਹਨ।
ਅੱਗ ਦੇ ਖਤਰੇ ਨੂੰ ਦੇਖਦਿਆਂ 29 ਜੁਲਾਈ ਸ਼ਾਮ 5:30 ਵਜੇ ਲੋਗਨ ਲੇਕ ਨੇੜਲੇ ਇਲਾਕਿਆਂ ਲਈ ਨਿਕਾਸੀ ਅਲਰਟ ਜਾਰੀ ਕੀਤਾ ਗਿਆ ਹੈ। ਥੌਮਸਨ ਨਿਕੋਲਾ ਰੀਜਨਲ ਡਿਸਟ੍ਰਿਕਟ ਵੱਲੋਂ ਗੁਈਚੋਨ ਕਰੀਕ ਅੱਗ ਕਾਰਨ ਇਲੈਕਟੋਰਲ ਏਰੀਆ ਜੇ ਵਿੱਚ ਟੁੰਕਵਾ ਲੇਕ ਰੋਡ ਦੀਆਂ 7 ਸੰਪਤੀਆਂ ਲਈ ਇਹ ਅਲਰਟ ਲਾਗੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡਿਸਟ੍ਰਿਕਟ ਆਫ ਲੋਗਨ ਲੇਕ ਨੇ ਆਰਡ ਰੀਘ ਰੋਡ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਲਈ ਵੀ ਅਲਰਟ ਜਾਰੀ ਕੀਤਾ ਹੈ। ਸ਼ੁਰੂਆਤੀ ਦੌਰ ਵਿੱਚ ਇਹ ਅੱਗ 10 ਹੈਕਟੇਅਰ ਵਿੱਚ ਸੀ ਜੋ ਹਾਈਵੇਅ 97 ਸੀ ਅਤੇ ਗੁਈਚੋਨ ਕਰੀਕ ਦੇ ਨੇੜੇ ਮੈਰਿਟ ਤੋਂ ਲਗਭਗ 45 ਤੋਂ 50 ਕਿਲੋਮੀਟਰ ਉੱਤਰ ਵਿੱਚ ਲੱਗੀ ਸੀ।
ਪ੍ਰਸ਼ਾਸਨ ਨੇ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਨਿਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਜ਼ਰੂਰੀ ਦਸਤਾਵੇਜ਼, ਦਵਾਈਆਂ ਅਤੇ ਹੋਰ ਸਮਾਨ ਪੈਕ ਕਰਕੇ ਰੱਖਣ। ਜੇਕਰ ਨਿਕਾਸੀ ਦਾ ਹੁਕਮ ਜਾਰੀ ਹੁੰਦਾ ਹੈ ਤਾਂ ਪਰਿਵਾਰਕ ਮੈਂਬਰਾਂ ਲਈ ਇੱਕ ਮਿਲਣ ਦੀ ਜਗ੍ਹਾ ਤੈਅ ਕੀਤੀ ਜਾਣੀ ਚਾਹੀਦੀ ਹੈ। ਪਾਲਤੂ ਜਾਨਵਰਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਣ ਦੇ ਪ੍ਰਬੰਧ ਵੀ ਪਹਿਲਾਂ ਹੀ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਲੋਕਾਂ ਨੂੰ ਆਪਣੇ ਵਾਹਨਾਂ ਦੇ ਤੇਲ ਵਾਲੇ ਟੈਂਕ ਭਰ ਕੇ ਰੱਖਣ ਲਈ ਕਿਹਾ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਆਵਾਜਾਈ ਜਾਂ ਰਹਿਣ ਲਈ ਮਦਦ ਦੀ ਲੋੜ ਹੈ ਉਹ ਐਮਰਜੈਂਸੀ ਸਪੋਰਟ ਸਰਵਿਸਿਜ਼ ਦੀ ਵੈੱਬਸਾਈਟ ‘ਤੇ ਆਪਣੀ ਪ੍ਰੋਫਾਈਲ ਬਣਾ ਸਕਦੇ ਹਨ ਅਤੇ ਤਾਜ਼ਾ ਜਾਣਕਾਰੀ ਲਈ ਵੋਇੰਟ ਅਲਰਟ ਐਪ ‘ਤੇ ਰਜਿਸਟਰ ਕਰ ਸਕਦੇ ਹਨ। This report was written by Divroop Kaur as part of the Local Journalism Initiative.

Popular