Thursday, August 13, 2026

ਹਸਪਤਾਲਾਂ ਵਿੱਚ ਮਾਨਸਿਕ ਸਿਹਤ ਮਰੀਜ਼ਾਂ ਨੂੰ ਕਰਨਾ ਪੈ ਿਰਹਾ ਲੰਮਾ ਇੰਤਜ਼ਾਰ

ਸਰੀ, (ਦਿਵਰੂਪ ਕੌਰ): ਅਲਬਰਟਾ ਵਿੱਚ ਇੱਕ ਮਾਨਸਿਕ ਰੋਗ ਨਾਲ ਪੀੜਤ ਮਰੀਜ਼ ਨੂੰ ਪਿਛਲੇ ਸਾਲ ਸਾਈਕਿਆਟ੍ਰਿਕ ਹਸਪਤਾਲ ਵਿੱਚ ਭਰਤੀ ਹੋਣ ਲਈ ਐਮਰਜੈਂਸੀ ਵਿਭਾਗ ਵਿੱਚ 16 ਦਿਨ ਇੰਤਜ਼ਾਰ ਕਰਨਾ ਪਿਆ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਹੋਰ ਮਰੀਜ਼ ਨੇ 9 ਦਿਨਾਂ ਤੋਂ ਵੱਧ ਸਮਾਂ ਇੰਤਜ਼ਾਰ ਕੀਤਾ। ਹਾਲਾਂਕਿ ਇਹ ਮਾਮਲੇ ਬਹੁਤ ਗੰਭੀਰ ਹਨ, ਪਰ ਮਾਨਸਿਕ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਇਹ ਦੇਸ਼ ਭਰ ਦੇ ਐਮਰਜੈਂਸੀ ਦੇ ਅੰਦਰ ਵਿਗੜ ਰਹੇ ਸੰਕਟ ਨੂੰ ਸਾਫ਼ ਉਜਾਗਰ ਕਰਦੇ ਹਨ, ਜਿੱਥੇ ਮਾਨਸਿਕ ਸਿਹਤ ਦੇ ਮਰੀਜ਼ਾਂ ਨੂੰ ਹੋਰ ਮਰੀਜ਼ਾਂ ਦੀ ਤੁਲਨਾ ਵਿੱਚ ਇਨ-ਪੇਸ਼ੈਂਟ ਬੈੱਡ ਲਈ ਬਹੁਤ ਜ਼ਿਆਦਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਅਲਬਰਟਾ ਵਿੱਚ ਰਿਕਵਰੀ ਅਲਬਰਟਾ ਅਨੁਸਾਰ ਪਿਛਲੇ ਸਾਲ ਮਰੀਜ਼ਾਂ ਨੇ ਸਾਈਕਿਆਟ੍ਰਿਕ ਯੂਨਿਟ ਵਿੱਚ ਬੈੱਡ ਲਈ ਔਸਤਨ 33 ਘੰਟਿਆਂ ਤੋਂ ਵੱਧ ਸਮਾਂ ਇੰਤਜ਼ਾਰ ਕੀਤਾ, ਜੋ ਕਿ ਆਮ ਮਰੀਜ਼ਾਂ ਦੇ ਔਸਤਨ 9 ਘੰਟਿਆਂ ਦੇ ਇੰਤਜ਼ਾਰ ਨਾਲੋਂ 24 ਘੰਟੇ ਜ਼ਿਆਦਾ ਹੈ। ਕਿਊਬਿਕ ਦੇ ਮਾਨਸਿਕ ਸਿਹਤ ਮਰੀਜ਼ਾਂ ਨੇ ਵੀ ਐਮਰਜੈਂਸੀ ਵਿਭਾਗ ਵਿੱਚ ਬੈੱਡ ਦੀ ਉਡੀਕ ਵਿੱਚ ਔਸਤਨ 33 ਘੰਟੇ ਅਤੇ 39 ਮਿੰਟ ਬਿਤਾਏ, ਜੋ ਕਿ ਆਮ ਮਰੀਜ਼ਾਂ ਦੇ 24 ਘੰਟਿਆਂ ਦੇ ਔਸਤ ਇੰਤਜ਼ਾਰ ਤੋਂ ਲਗਭਗ 10 ਘੰਟੇ ਜ਼ਿਆਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇੰਤਜ਼ਾਰ ਦੇ ਸਮੇਂ ਵਿੱਚ ਇਹ ਅੰਤਰ ਦਸ਼ਕਾਂ ਤੋਂ ਮੌਜੂਦ ਹੈ ਅਤੇ ਮਾਨਸਿਕ ਸਿਹਤ ਸੰਭਾਲ ਵਿੱਚ ਫੰਡਿੰਗ ਦੀ ਘਾਟ ਕਾਰਨ ਸਥਿਤੀ ਹੋਰ ਖਰਾਬ ਹੋ ਰਹੀ ਹੈ। ਖੋਜ ਤੋਂ ਪਤਾ ਲੱਗਦਾ ਹੈ ਕਿ ਐਮਰਜੈਂਸੀ ਵਿਭਾਗ ਦਾ ਲਗਾਤਾਰ ਰੌਲਾ-ਰੱਪਾ, ਤੇਜ਼ ਰੋਸ਼ਨੀ ਅਤੇ ਹੰਗਾਮੇ ਵਾਲਾ ਮਾਹੌਲ ਮਾਨਸਿਕ ਸੰਕਟ ਵਿੱਚੋਂ ਲੰਘ ਰਹੇ ਵਿਅਕਤੀ ਲਈ ਨੁਕਸਾਨਦੇਹ ਹੋ ਸਕਦਾ ਹੈ। ਅਲਬਰਟਾ ਸਾਈਕਿਆਟ੍ਰਿਕ ਐਸੋਸੀਏਸ਼ਨ ਦੀ ਪ੍ਰਧਾਨ ਡਾ. ਕੇਰਨ ਡਨਕਾਲਫ ਨੇ ਕਿਹਾ ਕਿ ਇਹ ਮਾਹੌਲ ਇਲਾਜ ਲਈ ਢੁਕਵਾਂ ਨਹੀਂ ਹੈ। ਕਈ ਮਾਮਲਿਆਂ ਵਿੱਚ ਮਰੀਜ਼ਾਂ ਨੂੰ ਅਜਿਹੇ ਕਮਰਿਆਂ ਵਿੱਚ ਰੱਖਿਆ ਜਾਂਦਾ ਹੈ ਜੋ ਬਹੁਤ ਛੋਟੇ ਹੁੰਦੇ ਹਨ ਅਤੇ ਬਾਹਰੋਂ ਤਾਲਾ ਲੱਗਦਾ ਹੈ, ਜਿਸ ਨਾਲ ਮਰੀਜ਼ਾਂ ਦੀ ਮਾਨਸਿਕ ਸਥਿਤੀ ‘ਤੇ ਬੁਰਾ ਅਸਰ ਪੈਂਦਾ ਹੈ। ਸੀ.ਆਈ.ਐਚ.ਆਈ. ਦੀ ਇੱਕ ਹਾਲੀਆ ਰਿਪੋਰਟ ਵਿੱਚ ਵੀ ਐਮਰਜੈਂਸੀ ਵਿਭਾਗਾਂ ਵਿੱਚ ਭੀੜ, ਸਟਾਫ ਦੀ ਘਾਟ ਅਤੇ ਬੈੱਡਾਂ ਦੀ ਕਮੀ ਦੇ ਮੁੱਦਿਆਂ ‘ਤੇ ਚਾਨਣਾ ਪਾਇਆ ਗਿਆ ਹੈ।

Popular