Thursday, September 10, 2026

ਟਮਨਾਵਿਸ ਪਾਰਕ ’ਚ ਤੀਜਾ ਵਾਟਰ ਬੇਸਡ ਟਰਫ ਫੀਲਡ ਤਿਆਰ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਟਮਨਾਵਿਸ ਪਾਰਕ ਵਿੱਚ ਤੀਜੇ ਵਾਟਰ ਬੇਸਡ ਸਿੰਥੈਟਿਕ ਟਰਫ ਫੀਲਡ ਦੇ ਨਿਰਮਾਣ ਦੇ ਮੁਕੰਮਲ ਹੋਣ ਨਾਲ ਇਹ ਕੈਨੇਡਾ ਦਾ ਇਕਲੌਤਾ ਅਜਿਹਾ ਫੀਲਡ ਹਾਕੀ ਕੰਪਲੈਕਸ ਬਣ ਗਿਆ ਹੈ, ਜਿੱਥੇ ਉੱਚ ਪੱਧਰੀ ਮੁਕਾਬਲਿਆਂ ਲਈ ਤਿੰਨ ਐਲੀਟ ਦਰਜੇ ਦੇ ਮੈਦਾਨ ਉਪਲਬਧ ਹਨ।
ਸਰੀ ਸਿਟੀ ਕੌਂਸਲ ਨੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਨਿਵੇਸ਼ ਸ਼ਹਿਰ ਨੂੰ ਫੀਲਡ ਹਾਕੀ ਦੇ ਪ੍ਰਮੁੱਖ ਕੇਂਦਰ ਵਜੋਂ ਹੋਰ ਮਜ਼ਬੂਤ ਕਰੇਗਾ। ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ ਸਰੀ ਪਹਿਲਾਂ ਹੀ ਦੇਸ਼ ਦੇ ਪ੍ਰਮੁੱਖ ਫੀਲਡ ਹਾਕੀ ਸਥਾਨਾਂ ਵਿੱਚ ਆਪਣੀ ਪਛਾਣ ਬਣਾ ਚੁੱਕਾ ਹੈ ਅਤੇ ਇੱਥੇ ਵੱਡੇ ਪੱਧਰ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਫੀਲਡ ਹਾਕੀ ਕੈਨੇਡਾ ਦੀ 2026 ਅੰਡਰ-18 ਨੈਸ਼ਨਲ ਚੈਂਪੀਅਨਸ਼ਿਪ ਵੀ ਸ਼ਾਮਲ ਹੈ।
ਨਵੇਂ ਮੈਦਾਨ ਲਈ ਲਗਭਗ 4.94 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਰਕਮ ਵਿੱਚ ਸਰੀ ਦੀ ਪਾਰਕਸ, ਰਿਕਰੀਏਸ਼ਨ ਅਤੇ ਕਲਚਰ ਵਿਭਾਗ ਦੀ ਪੂੰਜੀ ਯੋਜਨਾ, ਸੂਬਾਈ ਗੇਮਿੰਗ ਰਿਵੈਨਿਊ ਅਤੇ ਕੈਨੇਡਾ ਕਮਿਊਨਿਟੀ ਬਿਲਡਿੰਗ ਫੰਡ ਦਾ ਯੋਗਦਾਨ ਸ਼ਾਮਲ ਹੈ। ਵਾਟਰ ਬੇਸਡ ਟਰਫ ਉੱਚ ਪੱਧਰੀ ਮੁਕਾਬਲਿਆਂ ਲਈ ਲਾਜ਼ਮੀ ਮੰਨੀ ਜਾਂਦੀ ਹੈ। ਇਸ ਵਿੱਚ ਛੋਟੀ ਅਤੇ ਸੰਘਣੀ ਕ੍ਰਿਤ੍ਰਿਮ ਘਾਹ ਦੀ ਸਤ੍ਹਾ ਹੁੰਦੀ ਹੈ, ਜਿਸ ਨੂੰ ਸਮੇਂ ਸਮੇਂ ’ਤੇ ਪਾਣੀ ਨਾਲ ਗਿੱਲਾ ਕੀਤਾ ਜਾਂਦਾ ਹੈ ਤਾਂ ਜੋ ਖੇਡ ਤੇਜ਼ ਅਤੇ ਸੁਚੱਜੇ ਢੰਗ ਨਾਲ ਹੋ ਸਕੇ। ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁਖ ਧਾਲੀਵਾਲ ਨੇ ਕਿਹਾ ਕਿ ਅਜਿਹੀਆਂ ਖੇਡ ਸਹੂਲਤਾਂ ਵਿੱਚ ਨਿਵੇਸ਼ ਲੋਕਾਂ ਦੀ ਸਿਹਤ, ਤੰਦਰੁਸਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ। ਟਮਨਾਵਿਸ ਪਾਰਕ 19.5 ਏਕੜ ਵਿੱਚ ਫੈਲਿਆ ਹੋਇਆ ਹੈ, ਜਿੱਥੇ ਬੇਸਬਾਲ ਡਾਇਮੰਡ, ਸਪੋਰਟ ਕੋਰਟ, ਪਿਕਨਿਕ ਸ਼ੈਲਟਰ ਅਤੇ ਵਾਕਿੰਗ ਪਾਥ ਵੀ ਮੌਜੂਦ ਹਨ। ਇਸ ਤੋਂ ਇਲਾਵਾ 3.26 ਮਿਲੀਅਨ ਡਾਲਰ ਦੀ ਲਾਗਤ ਨਾਲ ਨਵਾਂ ਫੀਲਡਹਾਊਸ ਬਣਾਉਣ ਦੀ ਯੋਜਨਾ ਵੀ ਹੈ। ਇਸ ਨਾਲ ਪਾਰਕ ਵਿੱਚ ਕੁੱਲ ਨਿਵੇਸ਼ 8.2 ਮਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰਾਜੈਕਟ ਸਰੀ ਦੀ ਸਪੋਰਟ ਟੂਰਿਜ਼ਮ ਰਣਨੀਤੀ ਲਈ ਮਹੱਤਵਪੂਰਨ ਕਦਮ ਹੈ, ਜਿਸ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਆਕਰਸ਼ਿਤ ਹੋਣਗੇ ਅਤੇ ਸ਼ਹਿਰ ਦੀ ਖੇਡ ਪਛਾਣ ਹੋਰ ਮਜ਼ਬੂਤ ਹੋਵੇਗੀ। This report was written by Divroop Kaur as part of the Local Journalism Initiative.

Popular