ਸਰੀ, (ਦਿਵਰੂਪ ਕੌਰ): ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਦੀ ਇੱਕ ਖੁਫੀਆ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 2016 ਤੋਂ 2024 ਦਰਮਿਆਨ ਭਾਰਤੀ ਸਟੂਡੈਂਟ ਪਰਮਿਟ ਧਾਰਕਾਂ ਵੱਲੋਂ ਕੀਤੇ ਜਾਣ ਵਾਲੇ ਅਪਰਾਧਾਂ ਵਿੱਚ 8800 ਫੀਸਦੀ ਦਾ ਬੇਮਿਸਾਲ ਵਾਧਾ ਹੋਇਆ ਹੈ। ਇਸ ਰਿਪੋਰਟ ਵਿੱਚ ਭਾਰਤ ਨੂੰ ਅਜਿਹੇ ਵਿਦੇਸ਼ੀ ਵਿਦਿਆਰਥੀਆਂ ਦਾ ਪ੍ਰਮੁੱਖ ਸਰੋਤ ਮੰਨਿਆ ਗਿਆ ਹੈ ਜਿਨ੍ਹਾਂ ਉੱਤੇ ਅਪਰਾਧਕ ਮਾਮਲੇ ਦਰਜ ਕੀਤੇ ਗਏ ਹਨ।
ਦਸੰਬਰ 2025 ਵਿੱਚ ਜਾਰੀ ਕੀਤੀ ਗਈ ਸੀਬੀਐਸਏ ਦੀ ਡਾਇਰੈਕਟੋਰੇਟ ਟੈਕਟੀਕਲ ਗਾਈਡ ਵਿੱਚ ਦੱਸਿਆ ਗਿਆ ਹੈ ਕਿ ਇਹ ਰਿਪੋਰਟ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਫੈਲ ਰਹੇ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਮਦਦ ਵਾਸਤੇ ਤਿਆਰ ਕੀਤੀ ਗਈ ਸੀ। ਅੰਕੜਿਆਂ ਮੁਤਾਬਕ 2019 ਤੋਂ 2023 ਦਰਮਿਆਨ ਕੈਨੇਡਾ ਵਿੱਚ ਸਟੱਡੀ ਪਰਮਿਟ ਉੱਤੇ ਆਏ 4000 ਭਾਰਤੀ ਨਾਗਰਿਕਾਂ ਖਿਲਾਫ 17929 ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਤਿਹਾਈ ਮਾਮਲੇ ਗੰਭੀਰ ਜਾਂ ਸੰਗਠਿਤ ਅਪਰਾਧਾਂ ਨਾਲ ਸਬੰਧਤ ਸਨ। ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ 97 ਫੀਸਦੀ ਅਪਰਾਧ ਹਿੰਸਕ ਪ੍ਰਵਿਰਤੀ ਦੇ ਸਨ। ਸਾਲ 2024 ਵਿੱਚ ਸਟੱਡੀ ਵੀਜ਼ੇ ਉੱਤੇ ਆਏ ਭਾਰਤੀ ਨਾਗਰਿਕਾਂ ਖਿਲਾਫ 13040 ਤੋਂ ਵੱਧ ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ ਜੋ ਕਿ ਇੱਕ ਬਹੁਤ ਹੀ ਉਛਾਲ ਹੈ। ਹਾਲਾਂਕਿ ਪੱਤਰਕਾਰ ਬੈੱਲ ਦਾ ਕਹਿਣਾ ਹੈ ਕਿ ਰਿਪੋਰਟ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਉੱਤੇ ਮਾਮਲੇ ਦਰਜ ਹੋਏ ਹਨ, ਉਹ ਉਸ ਸਾਲ ਦੇ ਕੁੱਲ 188125 ਭਾਰਤੀ ਵਿਦਿਆਰਥੀਆਂ ਦਾ ਸਿਰਫ ਇੱਕ ਫੀਸਦੀ ਤੋਂ ਥੋੜ੍ਹਾ ਜਿਹਾ ਵੱਧ ਹਨ। ਇਸ ਰਿਪੋਰਟ ਦਾ ਮੁੱਖ ਜ਼ੋਰ ਸਿਰਫ ਅਪਰਾਧਾਂ ਦੇ ਵਧਦੇ ਰੁਝਾਨ ਨੂੰ ਦਰਸਾਉਣਾ ਹੈ। This report was written by Divroop Kaur as part of the Local Journalism Initiative.

