ਸਰੀ, (ਦਿਵਰੂਪ ਕੌਰ): ਜਿਵੇਂ ਜਿਵੇਂ ਕੈਨੇਡਾ ਦੀ ਅਰਥਵਿਵਸਥਾ ਅਮਰੀਕੀ ਟੈਰਿਫਾਂ ਦਾ ਸਾਹਮਣਾ ਕਰ ਰਹੀ ਹੈ, ਇੱਕ ਤਾਜ਼ਾ ਸਰਵੇਖਣ ਨੇ ਖੁਲਾਸਾ ਕੀਤਾ ਹੈ ਕਿ ਜ਼ਿਆਦਾਤਰ ਕੈਨੇਡੀਅਨ ਕਾਰੋਬਾਰਾਂ ਨੇ ਇਨ੍ਹਾਂ ਵਾਧੂ ਖਰਚਿਆਂ ਕਾਰਨ ਆਪਣੀਆਂ ਕੀਮਤਾਂ ਵਿੱਚ ਬਦਲਾਅ ਕੀਤੇ ਹਨ। ਸਰਵੇਖਣ ਕਰਨ ਵਾਲੀ ਵਿਸ਼ਵ ਪ੍ਰਸਿੱਧ ਕੰਪਨੀ ਕਲਿਨਵੇਲਡ ਪੀਟ ਮਾਰਵਿਕ ਗੋਰਡਲਰ (ਕੇਪੀਐਮਜੀ) ਦਾ ਨੈਸ਼ਨਲ ਬਿਜ਼ਨਸ ਐਂਡ ਟ੍ਰੇਡ ਆਊਟਲੁੱਕ ਸਰਵੇਖਣ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਐਂਗਸ ਰੀਡ ਫੋਰਮ ਦੇ 359 ਵਪਾਰਕ ਨੇਤਾਵਾਂ ਅਤੇ ਫੈਸਲੇ ਲੈਣ ਵਾਲਿਆਂ ਨੇ ਹਿੱਸਾ ਲਿਆ ਜਿਨ੍ਹਾਂ ਦੀਆਂ ਕੰਪਨੀਆਂ ਦਾ ਸਾਲਾਨਾ ਮਾਲੀਆ 10 ਮਿਲੀਅਨ ਤੋਂ 20 ਬਿਲੀਅਨ ਡਾਲਰ ਤੱਕ ਹੈ। ਸਰਵੇਖਣ ਅਨੁਸਾਰ 66 ਫੀਸਦੀ ਵਪਾਰਕ ਨੇਤਾਵਾਂ ਨੇ ਮੰਨਿਆ ਕਿ ਉਨ੍ਹਾਂ ਨੇ ਟੈਰਿਫ ਨਾਲ ਜੁੜੇ ਖਰਚਿਆਂ ਨੂੰ ਪੂਰਾ ਕਰਨ ਲਈ ਕੀਮਤਾਂ ਵਿੱਚ ਬਦਲਾਅ ਕੀਤੇ ਹਨ। ਜਦੋਂ ਕਿਸੇ ਕਾਰੋਬਾਰ ਨੂੰ ਟੈਰਿਫ ਜਾਂ ਹੋਰ ਡਿਊਟੀਆਂ ਕਾਰਨ ਵਧੇ ਹੋਏ ਖਰਚਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਸਨੂੰ ਇਨ੍ਹਾਂ ਖਰਚਿਆਂ ਨੂੰ ਸਹਿਣ ਕਰਨ ਜਾਂ ਗਾਹਕਾਂ ਲਈ ਕੀਮਤਾਂ ਵਧਾਉਣ ਵਰਗੇ ਔਖੇ ਫੈਸਲੇ ਲੈਣੇ ਪੈਂਦੇ ਹਨ। ਕੇਪੀਐਮਜੀ ਦੇ ਸਰਵੇਖਣ ਮੁਤਾਬਕ 35 ਫੀਸਦੀ ਕਾਰੋਬਾਰਾਂ ਨੇ ਕੁਝ ਟੈਰਿਫ ਖਰਚੇ ਗਾਹਕਾਂ ਉੱਤੇ ਪਾ ਦਿੱਤੇ ਹਨ, ਜਦਕਿ 31 ਫੀਸਦੀ ਨੇ ਪੂਰੇ ਖਰਚੇ ਗਾਹਕਾਂ ਤੋਂ ਵਸੂਲਣ ਦਾ ਫੈਸਲਾ ਕੀਤਾ ਹੈ। ਕੇਪੀਐਮਜੀ ਲਾਅ ਦੇ ਰਾਸ਼ਟਰੀ ਨੇਤਾ ਲਚਲਨ ਵੋਲਫਰਜ਼ ਨੇ ਕਿਹਾ ਕਿ ਕਈ ਕੈਨੇਡੀਅਨ ਕਾਰੋਬਾਰ ਸ਼ੁਰੂ ਵਿੱਚ ਕੁਝ ਟੈਰਿਫ ਖੁਦ ਸਹਿਣ ਕਰ ਰਹੇ ਸਨ ਪਰ ਲੰਬੇ ਸਮੇਂ ਵਿੱਚ ਇਸਦਾ 80 ਫੀਸਦੀ ਭਾਰ ਖਪਤਕਾਰਾਂ ਉੱਤੇ ਹੀ ਪੈਣ ਦੀ ਉਮੀਦ ਹੈ।
ਇਹ ਸਰਵੇਖਣ 25 ਜੂਨ ਤੋਂ 13 ਜੁਲਾਈ ਦਰਮਿਆਨ ਕਰਵਾਇਆ ਗਿਆ ਸੀ ਜਦੋਂ ਅਮਰੀਕਾ ਵੱਲੋਂ 19 ਅਗਸਤ ਤੋਂ ਕੈਨੇਡੀਅਨ ਡੇਅਰੀ, ਸ਼ਰਾਬ, ਮੋਟਰ ਵਾਹਨਾਂ ਅਤੇ ਹੋਰ ਵਸਤਾਂ ਉੱਤੇ 50 ਫੀਸਦੀ ਨਵੇਂ ਟੈਰਿਫ ਲਗਾਉਣ ਦਾ ਐਲਾਨ ਨਹੀਂ ਹੋਇਆ ਸੀ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 72 ਫੀਸਦੀ ਕਾਰੋਬਾਰ ਅੰਤਰਰਾਸ਼ਟਰੀ ਪੱਧਰ ਉੱਤੇ ਵਸਤਾਂ ਜਾਂ ਸੇਵਾਵਾਂ ਦਾ ਨਿਰਯਾਤ ਕਰਦੇ ਹਨ। ਇਨ੍ਹਾਂ ਵਿੱਚੋਂ 49 ਫੀਸਦੀ ਦਾ ਕਹਿਣਾ ਹੈ ਕਿ ਮੌਜੂਦਾ ਕੁਸਮਾ ਸਮਝੌਤਾ ਉਨ੍ਹਾਂ ਦੇ ਕੰਮਕਾਜ ਲਈ ਬਹੁਤ ਹੈ। ਇਸ ਦੇ ਨਾਲ ਹੀ 33 ਫੀਸਦੀ ਕਾਰੋਬਾਰ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਤੋਂ ਇਲਾਵਾ ਨਵੇਂ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਕਰਨ ਦੀ ਯੋਜਨਾ ਬਣਾ ਰਹੇ ਹਨ। This report was written by Divroop Kaur as part of the Local Journalism Initiative.

