ਧਾਰਮਿਕ ਸਥਾਨਾਂ ‘ਤੇ ਨਫ਼ਰਤ ਲਈ ਸਾਡੇ ਸੂਬੇ ਵਿੱਚ ਕੋਈ ਥਾਂ ਨਹੀਂ: ਵਿਧਾਇਕ ਜਗਰੂਪ ਬਰਾੜ
ਸਰੀ : ਸਰੀ ਫਲੀਟਵੁੱਡ ਤੋਂ ਵਿਧਾਇਕ ਜਗਰੂਪ ਬਰਾੜ ਨੇ ਫਲੀਟਵੁੱਡ ਇਸਲਾਮਿਕ ਅਕੈਡਮੀ ਸੁਸਾਇਟੀ ਵਿਖੇ ਵਾਪਰੀ ਨਫ਼ਰਤੀ ਭੰਨਤੋੜ ਅਤੇ ਮਿਲੀਆਂ ਧਮਕੀਆਂ ਦੀ ਘਟਨਾ ‘ਤੇ ਡੂੰਘੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਇਬਾਦਤਗਾਹ ਵਿੱਚ ਅਸੁਰੱਖਿਅਤ ਮਹਿਸੂਸ ਨਹੀਂ ਹੋਣਾ ਚਾਹੀਦਾ। ਅਜਿਹੀਆਂ ਕਾਰਵਾਈਆਂ ਸਮਾਜ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹਨ। ਵਿਧਾਇਕ ਨੇ ਮੁਸਲਿਮ ਭਾਈਚਾਰੇ ਨਾਲ ਡਟ ਕੇ ਖੜ੍ਹਨ ਦਾ ਭਰੋਸਾ ਦਿੰਦਿਆਂ ਸਪੱਸ਼ਟ ਕੀਤਾ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਅੰਦਰ ਨਫ਼ਰਤ ਫੈਲਾਉਣ ਵਾਲੀਆਂ ਅਨਸਰਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਸੁਰੱਖਿਆ ਬਣਾਈ ਰੱਖਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਜਗਰੂਪ ਬਰਾੜ ਨੇ ਭਰੋਸਾ ਦਿੱਤਾ ਕਿ ਉਹ ਸਥਾਨਕ ਆਗੂਆਂ, ਪੁਲਿਸ ਅਤੇ ਵੱਖ-ਵੱਖ ਭਾਈਚਾਰਕ ਜਥੇਬੰਦੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨਾ, ਨਫ਼ਰਤੀ ਘਟਨਾਵਾਂ ਵਿਰੁੱਧ ਆਵਾਜ਼ ਬੁਲੰਦ ਕਰਨਾ ਅਤੇ ਹਰ ਵਰਗ ਲਈ ਇੱਕ ਸੁਰੱਖਿਅਤ ਤੇ ਸਾਂਝੀਵਾਲਤਾ ਵਾਲਾ ਮਾਹੌਲ ਸਿਰਜਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ।

