ਥੰਡਰ ਬੇਅ: ਸੰਯੁਕਤ ਰਾਜ ਅਮਰੀਕਾ ਨਾਲ ਚੱਲ ਰਹੇ ਤਿੱਖੇ ਵਪਾਰਕ ਤਣਾਅ ਦੇ ਦੌਰਾਨ ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਸ਼ ਦੇ ਨਿਰਮਾਣ ਖੇਤਰ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਇਤਿਹਾਸਕ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਓਟਵਾ ਵੱਲੋਂ 4.7 ਅਰਬ ਡਾਲਰ ਦੀ ਲਾਗਤ ਨਾਲ ਵੀਆਈਏ ਰੇਲ (VIA Rail) ਦੇ 313 ਯਾਤਰੀ ਡੱਬਿਆਂ ਦਾ ਨਿਰਮਾਣ ਅਤੇ ਸਾਂਭ-ਸੰਭਾਲ ਪੂਰੀ ਤਰ੍ਹਾਂ ਕੈਨੇਡਾ ਦੀ ਧਰਤੀ ‘ਤੇ ਹੀ ਕੀਤਾ ਜਾਵੇਗਾ। ਪਿਛਲੇ ਲਗਭਗ ਚਾਰ ਦਹਾਕਿਆਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇਹ ਰੇਲ ਗੱਡੀਆਂ ਅਮਰੀਕਾ ਤੋਂ ਮੰਗਵਾਉਣ ਦੀ ਥਾਂ ਘਰੇਲੂ ਪੱਧਰ ‘ਤੇ ਤਿਆਰ ਹੋਣਗੀਆਂ।
ਓਂਟਾਰੀਓ ਦੇ ਥੰਡਰ ਬੇਅ ਵਿਖੇ ਫੈਕਟਰੀ ਵਰਕਰਾਂ ਅਤੇ ਕੈਬਨਿਟ ਮੰਤਰੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਮਰੀਕਾ ਨਾਲ ਛਿੜੀ ਵਪਾਰਕ ਜੰਗ ਦਰਮਿਆਨ ਕੈਨੇਡਾ ਇੱਕ ਬਹੁਤ ਹੀ ਨਾਜ਼ੁਕ ਇਮਤਿਹਾਨ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਰੇਲ ਕਾਰਾਂ ਪਹਿਲਾਂ ਅਮਰੀਕਾ ਵਿੱਚ ਬਣਦੀਆਂ ਸਨ, ਉਹ ਹੁਣ ਇੱਥੇ ਥੰਡਰ ਬੇਅ ਵਿੱਚ ਐਲਸਟੌਮ (Alstom) ਕੰਪਨੀ ਦੇ ਪਲਾਂਟ ਵਿੱਚ ਅਸੈਂਬਲ ਅਤੇ ਤਿਆਰ ਕੀਤੀਆਂ ਜਾਣਗੀਆਂ। ਇਸ ਫੈਸਲੇ ਨਾਲ ਨਾ ਸਿਰਫ਼ ਵਿਦੇਸ਼ਾਂ ‘ਤੇ ਨਿਰਭਰਤਾ ਘਟੇਗੀ, ਸਗੋਂ ਕੈਨੇਡੀਅਨ ਕਾਮਿਆਂ ਦੇ ਹੁਨਰ ਨੂੰ ਵੀ ਬਲ ਮਿਲੇਗਾ।
ਪ੍ਰਧਾਨ ਮੰਤਰੀ ਨੇ ਅਮਰੀਕਾ ਨਾਲ ਗੱਲਬਾਤ ਰੋਕਣ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਦੋ ਹਫ਼ਤੇ ਪਹਿਲਾਂ ਅਮਰੀਕਾ ਨਾਲ ਵਪਾਰਕ ਗੱਲਬਾਤ ਮੁਅੱਤਲ ਕਰਨ ਦਾ ਕਦਮ ਬਿਲਕੁਲ ਦਰੁਸਤ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਪੇਸ਼ ਕੀਤੀਆਂ ਗਈਆਂ ਸ਼ਰਤਾਂ ਕੈਨੇਡਾ ਦੇ ਹਿੱਤਾਂ ਦੇ ਵਿਰੁੱਧ ਸਨ ਅਤੇ ਕੈਨੇਡਾ ਉਨ੍ਹਾਂ ਮੰਗਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਇਸ ਗੱਲਬਾਤ ਦੇ ਟੁੱਟਣ ਤੋਂ ਬਾਅਦ ਅਮਰੀਕਾ ਨੇ ਕੈਨੇਡਾ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਅਤੇ ਦੇਸ਼ ਨੂੰ ਵੰਡਣ ਦੀ ਨੀਅਤ ਨਾਲ ਨਵੇਂ ਟੈਰਿਫ ਲਗਾਏ ਹਨ।
ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੀ ਇਹ ਰਣਨੀਤੀ ਇੱਕ ਵੱਡੀ ਗ਼ਲਤਫ਼ਹਿਮੀ ਅਤੇ ਗ਼ਲਤ ਗਣਨਾ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਕੈਨੇਡੀਅਨ ਹਮੇਸ਼ਾ ਇੱਕ ਦੂਜੇ ਦਾ ਸਾਥ ਦੇਣਾ ਜਾਣਦੇ ਹਨ ਅਤੇ ਸਾਡੇ ਕੋਲ ਉਹ ਸਾਰੇ ਕੁਦਰਤੀ ਸਰੋਤ ਅਤੇ ਸਮਰੱਥਾਵਾਂ ਮੌਜੂਦ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਸੁਪਨਿਆਂ ਦਾ ਮਜ਼ਬੂਤ ਦੇਸ਼ ਖ਼ੁਦ ਉਸਾਰ ਸਕਦੇ ਹਾਂ।
ਇਸ ਪ੍ਰਾਜੈਕਟ ਦੇ ਆਰਥਿਕ ਲਾਭਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ 313 ਰੇਲ ਡੱਬਿਆਂ ਦੇ ਇਸ ਨਿਰਮਾਣ ਕਾਰਜ ਨਾਲ ਓਂਟਾਰੀਓ ਅਤੇ ਕਿਊਬੈਕ ਸੂਬਿਆਂ ਵਿੱਚ ਸਿੱਧੇ ਤੌਰ ‘ਤੇ 700 ਹੁਨਰਮੰਦ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ ਐਲਸਟੌਮ ਕੰਪਨੀ ਵੱਲੋਂ ਇਸ ਕੰਮ ਵਿੱਚ ਕੈਨੇਡੀਅਨ ਸਟੀਲ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਘਰੇਲੂ ਲੋਹਾ ਅਤੇ ਸਟੀਲ ਉਦਯੋਗ ਨੂੰ ਭਾਰੀ ਉਤਸ਼ਾਹ ਮਿਲੇਗਾ। ਸਰਕਾਰ ਦਾ ਇਹ ਕਦਮ ਦਰਸਾਉਂਦਾ ਹੈ ਕਿ ਕੈਨੇਡਾ ਹੁਣ ਬਾਹਰੀ ਆਰਥਿਕ ਦਬਾਵਾਂ ਅੱਗੇ ਝੁਕਣ ਦੀ ਬਜਾਏ ਸਵੈ-ਨਿਰਭਰਤਾ ਦੇ ਰਾਹ ‘ਤੇ ਅੱਗੇ ਵਧ ਰਿਹਾ ਹੈ।

