ਸਥਾਨਕ ਵਸਤਾਂ ਖਰੀਦਣ ਲਈ ਅੱਗੇ ਆਏ ਲੋਕ, ਸਥਾਨਕ ਕੰਪਨੀਆਂ ਨੂੰ ਮਿਲਿਆ ਜਨਤਾ ਦਾ ਸਾਥ
ਸਰੀ, (ਦਿਵਰੂਪ ਕੌਰ): ਅਮਰੀਕਾ ਨਾਲ ਚੱਲ ਰਹੇ ਵਪਾਰਕ ਵਿਵਾਦ ਦਰਮਿਆਨ ਕੈਨੇਡਾ ਦੇ ਆਮ ਨਾਗਰਿਕਾਂ ਨੇ ਦੇਸ਼ ਭਗਤੀ ਦਿਖਾਉਂਦਿਆਂ ਘਰੇਲੂ ਕੰਪਨੀਆਂ ਦੇ ਉਤਪਾਦਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ। ਭੋਜਨ ਅਤੇ ਘਰੇਲੂ ਸਮਾਨ ਬਣਾਉਣ ਵਾਲੀਆਂ ਕੈਨੇਡੀਅਨ ਕੰਪਨੀਆਂ ਅਨੁਸਾਰ ਸਥਾਨਕ ਉਤਪਾਦਾਂ ਦੀ ਮੰਗ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਗ੍ਰੋਸਰੀ ਸਟੋਰਾਂ ‘ਤੇ ਵਧੀਆਂ ਕੀਮਤਾਂ ਦੇ ਬਾਵਜੂਦ ਖ਼ਪਤਕਾਰ ਵਿਸ਼ੇਸ਼ ਤੌਰ ‘ਤੇ ਕੈਨੇਡਾ ਵਿੱਚ ਬਣੀਆਂ ਵਸਤਾਂ ਦੀ ਹੀ ਖਰੀਦਦਾਰੀ ਕਰ ਰਹੇ ਹਨ।
ਓਨਟਾਰੀਓ ਦੇ ਬੋਮਨਵਿਲ ਸਥਿਤ ਪਾਰਚਮੈਂਟ ਪੇਪਰ ਬਣਾਉਣ ਵਾਲੀ ਕੰਪਨੀ ਏਵੈਂਕੋ ਲਿਮਟਿਡ ਦੀ ਪ੍ਰਧਾਨ ਕੈਥਲੀਨ ਚੈਪਮੈਨ ਨੇ ਦੱਸਿਆ ਕਿ ਉਨ੍ਹਾਂ ਦਾ ਕਾਰੋਬਾਰ ਅਮਰੀਕੀ ਟੈਰਿਫਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਕੰਪਨੀ ਦਾ 40 ਪ੍ਰਤੀਸ਼ਤ ਕਾਰੋਬਾਰ ਅਮਰੀਕਾ ਨਾਲ ਜੁੜਿਆ ਹੋਇਆ ਸੀ। ਫਰਾਂਸ ਤੋਂ ਕੱਚਾ ਮਾਲ ਮੰਗਵਾਉਣ ਅਤੇ ਕੈਨੇਡਾ ਵਿੱਚ ਤਿਆਰ ਕਰਨ ਕਰਕੇ ਕੰਪਨੀ ਨੂੰ ਦੋਹਰੀ ਮਾਰ ਝੱਲਣੀ ਪਈ ਅਤੇ ਹੁਣ ਉਤਪਾਦਾਂ ‘ਤੇ 50 ਪ੍ਰਤੀਸ਼ਤ ਵਾਧੂ ਅਮਰੀਕੀ ਟੈਰਿਫ ਲਗਾ ਦਿੱਤਾ ਗਿਆ ਹੈ।
ਪਰ ਇਸ ਸੰਕਟ ਦੇ ਸਮੇਂ ਆਮ ਕੈਨੇਡੀਅਨ ਨਾਗਰਿਕ ਕੰਪਨੀ ਦੇ ਸਮਰਥਨ ਵਿੱਚ ਨਿੱਤਰ ਆਏ ਹਨ। ਲੋਕਾਂ ਨੇ ਕੰਪਨੀ ਨਾਲ ਸਿੱਧਾ ਸੰਪਰਕ ਕਰਕੇ ਆਰਡਰ ਦੇਣੇ ਸ਼ੁਰੂ ਕਰ ਦਿੱਤੇ ਹਨ। ਚੈਪਮੈਨ ਅਨੁਸਾਰ ਪਿਛਲੇ ਦੋ ਸਾਲਾਂ ਦੌਰਾਨ ਜਿੱਥੇ ਕੰਪਨੀ ਨੂੰ ਸਿੱਧੇ ਤੌਰ ‘ਤੇ ਸਿਰਫ਼ 20 ਆਰਡਰ ਮਿਲੇ ਸਨ, ਉੱਥੇ ਹੀ ਨਵੇਂ ਟੈਰਿਫ ਲਾਗੂ ਹੋਣ ਤੋਂ ਬਾਅਦ ਇੱਕੋ ਹਫ਼ਤੇ ਵਿੱਚ ਸੈਂਕੜੇ ਆਰਡਰ ਪ੍ਰਾਪਤ ਹੋਏ ਹਨ।
ਹਾਲਾਂਕਿ ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਵੱਡੇ ਰਿਟੇਲ ਸਟੋਰ ਗਾਹਕਾਂ ਦੀ ਬਦਲਦੀ ਸੋਚ ਨਾਲੋਂ ਕਾਫ਼ੀ ਪਿੱਛੇ ਚੱਲ ਰਹੇ ਹਨ। ਆਮ ਲੋਕ ਤਾਂ ਸਥਾਨਕ ਉਤਪਾਦਾਂ ਵੱਲ ਤੇਜ਼ੀ ਨਾਲ ਰੁਖ਼ ਕਰ ਰਹੇ ਹਨ, ਪਰ ਵੱਡੇ ਡਿਪਾਰਟਮੈਂਟਲ ਸਟੋਰ ਅਜੇ ਵੀ ਆਪਣੀਆਂ ਸ਼ੈਲਫਾਂ ‘ਤੇ ਕੈਨੇਡੀਅਨ ਉਤਪਾਦਾਂ ਨੂੰ ਲੋੜੀਂਦੀ ਥਾਂ ਦੇਣ ਵਿੱਚ ਢਿੱਲ-ਮੱਠ ਦਿਖਾ ਰਹੇ ਹਨ। ਉਦਯੋਗ ਜਗਤ ਨੇ ਮੰਗ ਕੀਤੀ ਹੈ ਕਿ ਰਿਟੇਲਰਾਂ ਨੂੰ ਵੀ ਦੇਸ਼ ਹਿੱਤ ਵਿੱਚ ਸਥਾਨਕ ਬ੍ਰਾਂਡਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। This report was written by Divroop Kaur as part of the Local Journalism Initiative.

